ਹਿਜ਼ਬੁੱਲਾ ਨੇ ਇਜ਼ਰਾਈਲ ’ਤੇ ਦਾਗ਼ੇ 180 ਰਾਕੇਟ
ਬੇਰੂਤ, 9 ਅਕਤੂਬਰ
ਹਿਜ਼ਬੁੱਲਾ ਨੇ ਇਜ਼ਰਾਈਲ ਦੇ ਸ਼ਹਿਰ ਹਾਈਫਾ ਨੂੰ ਨਿਸ਼ਾਨਾ ਬਣਾਉਂਦਿਆਂ 180 ਰਾਕੇਟ ਦਾਗ਼ੇ। ਹਿਜ਼ਬੁੱਲਾ ਕਮਾਂਡਰ ਸ਼ੇਖ਼ ਨਈਮ ਕਾਸਿਮ ਨੇ ਇਜ਼ਰਾਈਲ ’ਤੇ ਦਬਾਅ ਰੱਖਣ ਦਾ ਅਹਿਦ ਲਿਆ ਹੈ। ਦਹਿਸ਼ਤੀ ਜਥੇਬੰਦੀ ਦੇ ਹਮਲਿਆਂ ਕਾਰਨ ਲਿਬਨਾਨ ਨਾਲ ਲਗਦੀ ਸਰਹੱਦ ਨੇੜਿਉਂ ਲੱਖਾਂ ਇਜ਼ਰਾਇਲੀਆਂ ਨੂੰ ਆਪਣੇ ਘਰ-ਬਾਰ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ਇਜ਼ਰਾਇਲੀ ਫੌਜ ਨੇ ਕਿਹਾ ਕਿ ਉਨ੍ਹਾਂ ਦੱਖਣੀ ਲਿਬਨਾਨ ’ਚ ਹੋਰ ਫੌਜ ਭੇਜੀ ਹੈ ਅਤੇ ਹਿਜ਼ਬੁੱਲਾ ਦਾ ਇਕ ਹੋਰ ਕਮਾਂਡਰ ਹਵਾਈ ਹਮਲੇ ’ਚ ਮਾਰਿਆ ਗਿਆ ਹੈ। ਇਜ਼ਰਾਈਲ ਨੇ ਦੱਖਣੀ ਲਿਬਨਾਨ ’ਚ ਚੌਥੀ ਡਿਵੀਜ਼ਨ ਤਾਇਨਾਤ ਕੀਤੀ ਹੈ ਅਤੇ ਹੁਣ ਫੌਜੀ ਕਾਰਵਾਈ ਪੱਛਮ ਵੱਲ ਫੈਲ ਰਹੀ ਹੈ। ਹਿਜ਼ਬੁੱਲਾ ਨੇ ਹਾਈਫਾ ਨੂੰ ਨਿਸ਼ਾਨਾ ਬਣਾਉਂਦਿਆਂ ਦਰਜਨਾਂ ਰਾਕੇਟ ਦਾਗ਼ੇ ਜਿਸ ਮਗਰੋਂ ਇਜ਼ਰਾਇਲੀ ਸਰਕਾਰ ਨੇ ਤੱਟੀ ਸ਼ਹਿਰ ਦੇ ਉੱਤਰ ’ਚ ਰਹਿਦੇ ਲੋਕਾਂ ਨੂੰ ਖ਼ਬਰਦਾਰ ਕੀਤਾ ਹੈ ਕਿ ਉਹ ਆਪਣੀਆਂ ਸਰਗਰਮੀਆਂ ਘੱਟ ਕਰ ਦੇਣ ਜਿਸ ਕਾਰਨ ਕਈ ਸਕੂਲ ਬੰਦ ਹੋ ਗਏ। ਇਜ਼ਰਾਇਲੀ ਫੌਜ ਨੇ ਕਿਹਾ ਕਿ ਹਿਜ਼ਬੁੱਲਾ ਨੇ ਕਰੀਬ 180 ਰਾਕੇਟ ਸਰਹੱਦ ਪਾਰੋਂ ਦਾਗ਼ੇ। ਹਿਜ਼ਬੁੱਲਾ ਆਗੂ ਕਾਸਿਮ ਨੇ ਕਿਹਾ ਕਿ ਇਜ਼ਰਾਈਲ ਦੇ ਜ਼ੋਰਦਾਰ ਹਵਾਈ ਹਮਲਿਆਂ ਦੇ ਬਾਵਜੂਦ ਉਨ੍ਹਾਂ ਦੀ ਫੌਜੀ ਸਮਰੱਥਾ ਨੂੰ ਢਾਹ ਨਹੀਂ ਲੱਗੀ ਹੈ। ਉਨ੍ਹਾਂ ਕਿਹਾ ਕਿ ਇਜ਼ਰਾਇਲੀ ਫੌਜ ਨੇ ਪਿਛਲੇ ਹਫ਼ਤੇ ਲਿਬਨਾਨ ’ਚ ਜ਼ਮੀਨੀ ਕਾਰਵਾਈ ਵਿੱਢੀ ਸੀ ਪਰ ਉਹ ਅਗਾਂਹ ਨਹੀਂ ਵਧ ਸਕੀ ਹੈ। ਕਾਸਿਮ ਨੇ ਕਿਹਾ ਕਿ ਹਸਨ ਨਸਰੱਲ੍ਹਾ ਦੀ ਹੱਤਿਆ ਮਗਰੋਂ ਉਨ੍ਹਾਂ ਦੀ ਥਾਂ ’ਤੇ ਹਿਜ਼ਬੁੱਲਾ ਮੁਖੀ ਦੀ ਛੇਤੀ ਚੋਣ ਕਰ ਲਈ ਜਾਵੇਗੀ। -ਏਪੀ
ਗਾਜ਼ਾ ’ਚ ਮਰਨ ਵਾਲਿਆਂ ਦੀ ਗਿਣਤੀ 42 ਹਜ਼ਾਰ ਤੋਂ ਪਾਰ
ਦੀਰ-ਅਲ-ਬਲਾਹ: ਇਜ਼ਰਾਈਲ ਵੱਲੋਂ ਜਬਾਲੀਆ ਦੇ ਸ਼ਰਨਾਰਥੀ ਕੈਂਪ ’ਤੇ ਕੀਤੇ ਹਵਾਈ ਹਮਲੇ ’ਚ 9 ਵਿਅਕਤੀ ਮਾਰੇ ਗਏ। ਇਨ੍ਹਾਂ ’ਚ ਦੋ ਔਰਤਾਂ ਅਤੇ ਦੋ ਬੱਚੇ ਸ਼ਾਮਲ ਹਨ। ਮੱਧ ਗਾਜ਼ਾ ’ਚ ਕੀਤੇ ਗਏ ਹਮਲੇ ’ਚ ਤਿੰਨ ਬੱਚਿਆਂ ਸਮੇਤ 9 ਹੋਰ ਵਿਅਕਤੀ ਮਾਰੇ ਗਏ। ਗਾਜ਼ਾ ਸਿਹਤ ਮੰਤਰਾਲੇ ਨੇ ਕਿਹਾ ਕਿ ਜੰਗ ’ਚ ਹੁਣ ਤੱਕ ਮਾਰੇ ਗਏ ਵਿਅਕਤੀਆਂ ਦੀ ਗਿਣਤੀ 42 ਹਜ਼ਾਰ ਤੋਂ ਪਾਰ ਹੋ ਗਈ ਹੈ। ਉਸ ਨੇ ਕਿਹਾ ਕਿ 97 ਹਜ਼ਾਰ ਤੋਂ ਵਧ ਵਿਅਕਤੀ ਜ਼ਖ਼ਮੀ ਹੋਏ ਹਨ। ਜੰਗ ਕਾਰਨ ਤਿੰਨ ਹਸਪਤਾਲਾਂ ਕਮਲ ਅਦਵਾਨ, ਅਵਦਾ ਅਤੇ ਇੰਡੋਨੇਸ਼ੀਅਨ ਹਸਪਤਾਲ ’ਚ ਪਹੁੰਚਣਾ ਮੁਸ਼ਕਲ ਹੋ ਗਿਆ ਹੈ। ਇਜ਼ਰਾਇਲੀ ਫੌਜ ਨੇ ਤਿੰਨੋਂ ਹਸਪਤਾਲਾਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਹਨ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਕ ਉੱਤਰੀ ਇਲਾਕੇ ’ਚ ਪਹਿਲੀ ਅਕਤੂਬਰ ਤੋਂ ਬਾਅਦ ਕੋਈ ਮਾਨਵੀ ਸਹਾਇਤਾ ਨਹੀਂ ਪਹੁੰਚੀ ਹੈ। -ਏਪੀ