ਹਿਜ਼ਬੁੱਲਾ ਦਾ ਇਜ਼ਰਾਈਲ ’ਤੇ ਡਰੋਨ ਹਮਲਾ; 4 ਫ਼ੌਜੀਆਂ ਦੀ ਮੌਤ, ਦਰਜਨਾਂ ਜ਼ਖ਼ਮੀ
ਦੀਰ ਅਲ-ਬਲਾਹ, 14 ਅਕਤੂਬਰ
Israel says 4 soldiers killed by Hezbollah drone attack: ਹਿਜ਼ਬੁੱਲਾ ਦਹਿਸ਼ਤਗਰਦਾਂ ਵੱਲੋਂ ਇਜ਼ਰਾਈਲ ਦੇ ਕੇਂਦਰੀ ਖੇਤਰ ’ਚ ਇਕ ਫ਼ੌਜੀ ਟਿਕਾਣੇ ਉਤੇ ਕੀਤੇ ਗਏ ਡਰੋਨ ਹਮਲੇ ਵਿਚ ਇਜ਼ਰਾਈਲ ਦੇ ਚਾਰ ਫ਼ੌਜੀ ਜਵਾਨਾਂ ਦੀ ਮੌਤ ਹੋ ਗਈ ਹੈ। ਇਹ ਪੁਸ਼ਟੀ ਇਜ਼ਰਾਈਲ ਵੱਲੋਂ ਕੀਤੀ ਗਈ ਹੈ। ਹਮਲੇ ਵਿਚ ਸੱਤ ਜਵਾਨਾਂ ਸਣੇ 61 ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ।
ਇਜ਼ਰਾਈਲ ਨੇ ਇਸ ਨੂੰ ਆਪਣੀ ਫ਼ੌਜ ਵੱਲੋਂ ਲਿਬਨਾਨ ਵਿਚ ਕਰੀਬ ਦੋ ਹਫ਼ਤੇ ਪਹਿਲਾਂ ਸ਼ੁਰੂ ਕੀਤੀ ਗਈ ਜ਼ਮੀਨੀ ਜੰਗ ਤੋਂ ਬਾਅਦ ਹਿਜ਼ਬੁੱਲਾ ਦਾ ਇਜ਼ਰਾਈਲ ਉਤੇ ਹੁਣ ਤੱਕ ਦਾ ਸਭ ਤੋਂ ਭਿਆਨਕ ਹਮਲਾ ਕਰਾਰ ਦਿੱਤਾ ਹੈ। ਲਿਬਨਾਨ ਆਧਾਰਤ ਹਿਜ਼ਬੁੱਲਾ ਨੇ ਇਜ਼ਰਾਈਲ ਦੇ ਬਿਨਯਾਮਿਨਾ (Binyamina) ਸ਼ਹਿਰ ਵਿਚ ਐਤਵਾਰ ਰਾਤ ਕੀਤੇ ਗਏ ਇਸ ਹਮਲੇ ਨੂੰ ਇਜ਼ਰਾਈਲ ਵੱਲੋਂ ਬੈਰੂਤ ਉਤੇ ਬੀਤੇ ਵੀਰਵਾਰ ਕੀਤੇ ਗਏ ਹਵਾਈ ਹਮਲੇ ਦਾ ਬਦਲਾ ਕਰਾਰ ਦਿੱਤਾ ਹੈ, ਜਿਸ ਵਿਚ 22 ਵਿਅਕਤੀ ਮਾਰੇ ਗਏ ਸਨ।
ਹਿਜ਼ਬੁੱਲਾ ਨੇ ਨਾਲ ਹੀ ਕਿਹਾ ਕਿ ਉਸ ਨੇ ਆਪਣੇ ਵੱਡੀ ਗਿਣਤੀ ਡਰੋਨਾਂ ਰਾਹੀਂ ਇਜ਼ਰਾਈਲ ਉਤੇ ਹਮਲਾ ਕਰਨ ਲਈ ਉਸ ਦੇ ਹਵਾਈ ਸੁਰੱਖਿਆ ਸਿਸਟਮ ਨੂੰ ਝਕਾਨੀ ਦੇਣ ਵਾਸਤੇ ਇਜ਼ਰਾਈਲ ਦੀ ਅਤਿਆਧੁਨਿਕ ਗੋਲਾਨੀ ਬ੍ਰਿਗੇਡ ਨੂੰ ਵੀ ਦਰਜਨਾਂ ਮਿਜ਼ਾਈਲਾਂ ਰਾਹੀਂ ਨਿਸ਼ਾਨਾ ਬਣਾਇਆ। ਇਜ਼ਰਾਈਲ ਦੀ ਕੌਮੀ ਬਚਾਅ ਸਰਵਿਸ ਨੇ ਕਿਹਾ ਕਿ ਹਮਲੇ ਵਿਚ 61 ਵਿਅਕਤੀ ਜ਼ਖ਼ਮੀ ਹੋਏ ਹਨ।
ਗ਼ੌਰਤਲਬ ਹੈ ਕਿ ਇਜ਼ਰਾਈਲ ਦੀ ਆਧੁਨਿਕ ਹਵਾਈ ਸੁਰੱਖਿਆ ਪ੍ਰਣਾਲੀ ਦੇ ਚਲਦਿਆਂ ਹਮਲਾਵਰ ਡਰੋਨਾਂ ਤੇ ਮਿਜ਼ਾਈਲਾਂ ਰਾਹੀਂ ਫ਼ੌਜੀਆਂ ਜਾਂ ਆਮ ਲੋਕਾਂ ਦੇ ਮਾਰੇ ਜਾਣ ਜਾਂ ਜ਼ਖ਼ਮੀ ਹੋਣ ਦੀ ਇਹ ਘਟਨਾ ਬਹੁਤ ਹੈਰਾਨ ਕਰਨ ਵਾਲੀ ਹੈ।
ਇਸ ਦੌਰਾਨ ਗਾਜ਼ਾ ਵਿਚ ਇਜ਼ਰਾਈਲ ਵੱਲੋਂ ਐਤਵਾਰ ਰਾਤ ਕੀਤੇ ਗਏ ਹਵਾਈ ਹਮਲਿਆਂ ਵਿਚ 20 ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ, ਜਿਨ੍ਹਾਂ ਵਿਚ ਇਕ ਸਕੂਲ ’ਚ ਸ਼ਰਨ ਲੈ ਰਹੇ ਕੁਝ ਬੱਚੇ ਵੀ ਸ਼ਾਮਲ ਹਨ। ਨੁਸੀਰਤ ਵਿਚ ਸਥਿਤ ਇਸ ਸਕੂਲ ਵਿਚ ਜੰਗ ਕਾਰਨ ਬੇਘਰ ਹੋਏ ਕੁਝ ਲੋਕ ਰੁਕੇ ਹੋਏ ਸਨ, ਜਿਹੜੇ ਹਮਲੇ ਦਾ ਸ਼ਿਕਾਰ ਹੋ ਗਏ। -ਏਪੀ