ਬੈਰੂਤ ’ਤੇ ਇਜ਼ਰਾਇਲੀ ਹਮਲੇ ’ਚ ਹਿਜ਼ਬੁੱਲ੍ਹਾ ਮੁਖੀ ਹਸਨ ਨਸਰੱਲ੍ਹਾ ਹਲਾਕ
ਤਲ ਅਵੀਵ/ਬੈਰੂਤ, 28 ਸਤੰਬਰ
ਇਜ਼ਰਾਇਲੀ ਫ਼ੌਜ ਨੇ ਅੱਜ ਦਾਅਵਾ ਕੀਤਾ ਕਿ ਉਸ ਵੱਲੋਂ ਸ਼ੁੱਕਰਵਾਰ ਰਾਤ ਨੂੰ ਲਿਬਨਾਨ ਦੀ ਰਾਜਧਾਨੀ ਬੈਰੂਤ ਵਿੱਚ ਕੀਤੇ ਹਮਲੇ ਵਿਚ ਦਹਿਸ਼ਤੀ ਜਥੇਬੰਦੀ ਹਿਜ਼ਬੁੱਲ੍ਹਾ ਦਾ ਮੁਖੀ ਹਸਨ ਨਸਰੱਲ੍ਹਾ ਮਾਰਿਆ ਗਿਆ ਹੈ। ਇਹ ਹਮਲਾ ਬੈਰੂਤ ਦੇ ਬਾਹਰਵਾਰ ਸਥਿਤ ਇਸ ਲਿਬਨਾਨੀ ਦਹਿਸ਼ਤੀ ਗਰੁੱਪ ਦੇ ਹੈਡਕੁਆਰਟਰ ’ਤੇ ਕੀਤਾ ਗਿਆ। ਹਿਜ਼ਬੁੱਲ੍ਹਾ ਜਥੇਬੰਦੀ ਨੇ ਆਪਣੇ ਨੇਤਾ ਅਤੇ ਜਥੇਬੰਦੀ ਦੇ ਮੋਢੀਆਂ ਵਿੱਚੋਂ ਇੱਕ ਹਸਨ ਨਸਰੱਲ੍ਹਾ ਦੇ ਇਸ ਹਮਲੇ ਵਿੱਚ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਹਿਜ਼ਬੁੱਲ੍ਹਾ ਨੇ ਅੱਜ ਬਿਆਨ ਵਿੱਚ ਕਿਹਾ, ‘‘ਨਸਰੱਲ੍ਹਾ ਸ਼ਹੀਦ ਹੋਣ ਵਾਲੇ ਆਪਣੇ ਸਾਥੀਆਂ ਵਿੱਚ ਸ਼ਾਮਲ ਹੋ ਗਏ।’’ ਉਧਰ, ਇਰਾਨ ਨੇ ਵੀ ਐਲਾਨ ਕੀਤਾ ਹੈ ਕਿ ਉਸ ਦੇ ਅਰਧਸੈਨਿਕ ਬਲ ਰੈਵੋਲੂਸ਼ਨਰੀ ਗਾਰਡ ਦਾ ਪ੍ਰਮੁੱਖ ਜਨਰਲ ਅੱਬਾਸ ਨਿਲਫੋਰੂਸ਼ਾਨ (58) ਵੀ ਬੈਰੂਤ ਵਿੱਚ ਹਵਾਈ ਹਮਲੇ ਵਿੱਚ ਨਸਰੱਲ੍ਹਾ ਨਾਲ ਮਾਰਿਆ ਗਿਆ ਹੈ। ਹਿਜ਼ਬੁੱਲ੍ਹਾ ਨੇ ‘ਦੁਸ਼ਮਣ ਖ਼ਿਲਾਫ਼ ਅਤੇ ਫਲਸਤੀਨ ਦੇ ਹੱਕ ਵਿੱਚ ਜੰਗ ਜਾਰੀ ਰੱਖਣ’ ਦਾ ਅਹਿਦ ਲਿਆ। ਹਿਜ਼ਬੁੱਲ੍ਹਾ ਨੇ ਅੱਜ ਉੱਤਰੀ ਤੇ ਕੇਂਦਰੀ ਇਜ਼ਰਾਈਲ ਅਤੇ ਇਜ਼ਰਾਈਲ ਦੇ ਕਬਜ਼ੇ ਵਾਲੇ ‘ਵੈਸਟ ਬੈਂਕ’ ’ਤੇ ਦਰਜਨਾਂ ਰਾਕੇਟ ਦਾਗ਼ੇ।
ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਅਮਰੀਕੀ ਦੌਰੇ ਤੋਂ ਪਰਤਦਿਆਂ ਹੀ ਤਲ ਅਵੀਵ ਕੌਮਾਂਤਰੀ ਹਵਾਈ ਅੱਡੇ ਸਮੇਤ ਪੂਰੇ ਕੇਂਦਰੀ ਇਜ਼ਰਾਈਲ ਵਿੱਚ ਹਵਾਈ ਹਮਲੇ ਦੇ ਸਾਇਰਨ ਵਜਣ ਲੱਗੇ। ਇਜ਼ਰਾਈਲ ਨੇ ਕਿਹਾ ਕਿ ਸਾਇਰਨ ਵਜਣ ਤੋਂ ਕੁੱਝ ਸਮੇਂ ਮਗਰੋਂ ਯਮਨ ਤੋਂ ਦਾਗ਼ੀਆਂ ਗਈਆਂ ਮਿਜ਼ਾਈਲਾਂ ਨੂੰ ਫੁੰਡਿਆ ਗਿਆ ਹੈ। ਫੌਰੀ ਇਹ ਪਤਾ ਨਹੀਂ ਚੱਲ ਸਕਿਆ ਕਿ ਮਿਜ਼ਾਈਲ ਹਮਲਾ ਨੇਤਨਯਾਹੂ ਦੇ ਜਹਾਜ਼ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ ਜਾਂ ਨਹੀਂ। ਇਸ ਦੌਰਾਨ ਨੇਤਨਯਾਹੂ ਨੇ ਅਮਰੀਕਾ ਦਾ ਆਪਣਾ ਦੌਰਾ ਸੰਖੇਪ ਕਰ ਦਿੱਤਾ ਹੈ। ਇਜ਼ਰਾਈਲ ਫੌਜ ਨੇ ਕੇਂਦਰੀ ਇਜ਼ਰਾਈਲ ਵਿੱਚ ਇੱਕ ਹਜ਼ਾਰ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਾ ਦਿੱਤੀ। ਇਜ਼ਰਾਈਲ ਸਰਕਾਰ ਦੇ ਬੁਲਾਰੇ ਨੇ ਬਿਆਨ ਵਿੱਚ ਕਿਹਾ ਕਿ ਦੇਸ਼ ਦੇ ਨਾਗਰਿਕਾਂ ਲਈ ਖ਼ਤਰਾ ਬਣਨ ਵਾਲਿਆਂ ਨੂੰ ਮਿਟਾ ਦਿੱਤਾ ਜਾਵੇਗਾ। ਇਜ਼ਰਾਇਲੀ ਫੌਜ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਹਮਲੇ ਵਿਚ ਨਸਰੱਲ੍ਹਾ ਤੋਂ ਇਲਾਵਾ ਇਸ ਦੇ ਹੋਰ ਕਈ ਵੱਡੇ ਕਮਾਂਡਰ ਵੀ ਮਾਰੇ ਗਏ, ਜਿਨ੍ਹਾਂ ਵਿਚ ਅਲੀ ਕਾਰਚੀ ਵੀ ਸ਼ਾਮਲ ਹੈ, ਜੋ ਹਿਜ਼ਬੁੱਲ੍ਹਾ ਦੇ ਦੱਖਣੀ ਮੋਰਚੇ ਭਾਵ ਲਿਬਨਾਨ ਦੇ ਇਜ਼ਰਾਈਲ ਨਾਲ ਲੱਗਦੇ ਖੇਤਰ ਦਾ ਕਮਾਂਡਰ ਸੀ। ਫੌਜ ਨੇ ਕਿਹਾ ਕਿ ਜਦੋਂ ਹਿਜ਼ਬੁੱਲ੍ਹਾ ਦੀ ਲੀਡਰਸ਼ਿਪ ਬੈਰੂਤ ਦੇ ਦੱਖਣ ਵਿੱਚ ਦਹੀਯੇਹ ਸਥਿਤ ਆਪਣੇ ਮੁੱਖ ਦਫ਼ਤਰ ਵਿੱਚ ਮੀਟਿੰਗ ਕਰ ਰਹੀ ਸੀ ਤਾਂ ਇਹ ਹਮਲੇ ਕੀਤੇ ਗਏ। ਇਜ਼ਰਾਇਲੀ ਫੌਜ ਦੇ ਚੀਫ ਆਫ ਜਸਟਿਸ ਲੈਫਟੀਨੈਂਟ ਜਨਰਲ ਹਰਜ਼ੀ ਹਲਵੀ ਨੇ ਕਿਹਾ ਕਿ ਹਿਜ਼ਬੁੱਲ੍ਹਾ ਦੇ ਦੱਖਣੀ ਮੋਰਚੇ ਦੇ ਕਮਾਂਡਰ ਅਲੀ ਕਾਰਚੀ ਅਤੇ ਉਸ ਦੇ ਹੋਰ ਕਮਾਂਡਰ ਵੀ ਹਮਲੇ ਵਿੱਚ ਮਾਰੇ ਗਏ ਹਨ।
ਇਰਾਨ ਵੱਲੋਂ ਮੁਸਲਮਾਨਾਂ ਨੂੰ ਲਿਬਨਾਨ ਨਾਲ ਖੜ੍ਹਨ ਦੀ ਅਪੀਲ
ਦੁਬਈ: ਇਰਾਨ ਦੇ ਸਿਰਮੌਰ ਆਗੂ ਆਇਤੁੱਲ੍ਹਾ ਖਮੀਨੀ ਨੇ ਅੱਜ ਮੁਸਲਮਾਨਾਂ ਨੂੰ ਸੱਦਾ ਦਿੱਤਾ ਕਿ ਉਹ ਲਿਬਨਾਨ ਦੇ ਲੋਕਾਂ ਅਤੇ ਵੱਕਾਰੀ ਹਿਜ਼ਬੁੱਲ੍ਹਾ ਨਾਲ ਹਰ ਸੰਭਵ ਢੰਗ ਨਾਲ ਖੜ੍ਹੇ ਹੋਣ ਅਤੇ ਇਜ਼ਰਾਈਲ ਦੇ ਭੈੜੇ ਸ਼ਾਸਨ ਦਾ ਸਾਹਮਣਾ ਕਰਨਾ ਲਈ ਉਨ੍ਹਾਂ ਦੀ ਸਹਾਇਤਾ ਕਰਨ। ਉਧਰ ਰੂਸ ਨੇ ਵੀ ਇਜ਼ਰਾਇਲ ਵੱਲੋਂ ਕੀਤੇ ਇਸ ਹਮਲੇ ਦੀ ਨਿਖੇਧੀ ਕੀਤੀ ਹੈ। -ਰਾਇਟਰਜ਼