ਲੱਖਾਂ ਰੁਪਏ ਦੀ ਹੈਰੋਇਨ ਬਰਾਮਦ; ਦੋ ਨੌਜਵਾਨ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 3 ਦਸੰਬਰ
ਜ਼ਿਲ੍ਹਾ ਪੁਲੀਸ ਨੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਲੱਖਾਂ ਰੁਪਏ ਦੀ 26 ਗ੍ਰਾਮ ਅਤੇ 10 ਮਿਲੀਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਐਂਟੀ ਨਾਰਕੋਟਿਕਸ ਸੈੱਲ ਦੀ ਪੁਲੀਸ ਟੀਮ ਗਸ਼ਤ ਅਤੇ ਚੈਕਿੰਗ ਦੌਰਾਨ ਭਾਰਤ ਨਗਰ ਸਿਰਸਾ ਇਲਾਕੇ ’ਚ ਮੌਜੂਦ ਸੀ। ਇਸੇ ਦੌਰਾਨ ਗਲੀ ਨੰਬਰ ਇੱਕ ਭਾਰਤ ਨਗਰ ਵੱਲੋਂ ਨੌਜਵਾਨ ਨੂੰ ਆਉਂਦਾ ਦੇਖਿਆ। ਪੁਲੀਸ ਪਾਰਟੀ ਨੂੰ ਸਾਹਮਣੇ ਦੇਖ ਕੇ ਨੌਜਵਾਨ ਅਚਾਨਕ ਪਿੱਛੇ ਮੁੜਨ ਲੱਗਿਆ ਅਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗਿਆ ਤਾਂ ਪੁਲੀਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਨੌਜਵਾਨ ਨੂੰ ਕਾਬੂ ਕਰ ਲਿਆ। ਮਗਰੋਂ ਨੌਜਵਾਨ ਦੀ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ’ਚੋਂ 19 ਗ੍ਰਾਮ ਅਤੇ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਪਛਾਣ ਜੱਜ ਸਿੰਘ ਵਾਸੀ ਢਾਣੀ ਸੰਤਾ ਸਿੰਘ ਹਾਲ ਵਾਸੀ ਭਾਰਤ ਨਗਰ ਸਿਰਸਾ ਵਜੋਂ ਹੋਈ ਹੈ। ਇੱਕ ਹੋਰ ਘਟਨਾ ਵਿੱਚ ਜ਼ਿਲ੍ਹਾ ਐਂਟੀ ਨਾਰਕੋਟਿਕਸ ਸੈੱਲ ਸਿਰਸਾ ਦੀ ਪੁਲੀਸ ਟੀਮ ਗਸ਼ਤ ਦੌਰਾਨ ਰੋੜੀ ਇਲਾਕੇ ਵਿੱਚ ਮੌਜੂਦ ਸੀ। ਇਸ ਦੌਰਾਨ ਪੁਲੀਸ ਪਾਰਟੀ ਨੇ ਸਾਹਮਣੇ ਤੋਂ ਇੱਕ ਨੌਜਵਾਨ ਨੂੰ ਆਉਂਦਾ ਵੇਖਿਆ ਤਾਂ ਨੌਜਵਾਨ ਨੇ ਅਚਾਨਕ ਪਿੱਛੇ ਮੁੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਪਾਰਟੀ ਨੇ ਨੌਜਵਾਨ ਨੂੰ ਕਾਬੂ ਕਰ ਕੇ ਤਲਾਸ਼ੀ ਲਈ। ਉਸ ਕੋਲੋਂ 7 ਗ੍ਰਾਮ ਹੈਰੋਇਨ ਬਰਾਮਦ ਹੋਈ। ਨਾਰਕੋਟਿਕਸ ਸੈੱਲ ਸਿਰਸਾ ਦੇ ਇੰਚਾਰਜ ਨੇ ਦੱਸਿਆ ਕਿ ਮੁਲਜ਼ਮ ਨੌਜਵਾਨ ਦੀ ਪਛਾਣ ਬਲਕਰਨ ਸਿੰਘ ਉਰਫ ਗੋਲਡੀ ਵਾਸੀ ਰੋੜੀ ਜ਼ਿਲ੍ਹਾ ਸਿਰਸਾ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਸਬੰਧਤ ਥਾਣਿਆਂ ਵਿੱਚ ਕੇਸ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।