ਹੀਰੋ ਤਾਂ ਆਉਂਦੇ-ਜਾਂਦੇ ਰਹਿੰਦੇ ਨੇ: ਸ਼ਾਹਰੁਖ
ਮੁੰਬਈ: ਅਦਾਕਾਰ ਸ਼ਾਹਰੁਖ ਖ਼ਾਨ ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ ਹੇਠ ਬਣੀ ਕਾਮੇਡੀ ਡਰਾਮਾ ਫਿਲਮ ‘ਡੰਕੀ’ ਦੀ ਰਿਲੀਜ਼ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਇਹ ਫਿਲਮ ਗ਼ੈਰਕਾਨੂੰਨੀ ਢੰਗ ਨਾਲ ਪਰਵਾਸ ਕਰਨ ਦੀ ਕਹਾਣੀ ’ਤੇ ਆਧਾਰਿਤ ਹੈ ਜਿਸ ਵਿੱਚ ਤਾਪਸੀ ਪੰਨੂ, ਵਿੱਕੀ ਕੌਸ਼ਲ ਅਤੇ ਬੋਮਨ ਇਰਾਨੀ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ‘ਆਸਕ ਐੱਸਆਰਕੇ’ ਸੈਸ਼ਨ ਦੌਰਾਨ ਇੱਕ ਪ੍ਰਸ਼ੰਸਕ ਨੇ ਕਿਹਾ, ‘‘ਮੁਆਫ਼ ਕਰਨਾ ਸਰ, ਪਰ ਮੈਂ ਫਿਲਮ ‘ਡੰਕੀ’ ਲਈ ਤੁਹਾਡੇ ਨਹੀਂ ਸਗੋਂ ਰਾਜਕੁਮਾਰ ਹਿਰਾਨੀ ਸਰ ਕਰ ਕੇ ਬੇਤਾਬ ਹਾਂ।’’ ਇਸ ਦੇ ਜਵਾਬ ਵਿੱਚ ਸ਼ਾਹਰੁਖ ਨੇ ਕਿਹਾ, ‘‘...ਤੇ ਇਹ ਇੱਕ ਸਹੀ ਕਾਰਨ ਹੈ। ਮੈਂ ਵੀ ਰਾਜੂ ਦੀ ਫਿਲਮ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ। ਫਿਲਮਾਂ ਦਾ ਧੁਰਾ ਨਿਰਦੇਸ਼ਕ ਹੁੰਦਾ ਹੈ...ਹੀਰੋ ਤਾਂ ਆਉਂਦੇ-ਜਾਂਦੇ ਰਹਿੰਦੇ ਹਨ।’’ ਇੱਕ ਹੋਰ ਪ੍ਰਸ਼ੰਸਕ ਨੇ ਪੁੱਛਿਆ, ‘‘ਸਰ, ਕਿਉਂਕਿ ਫਿਲਮ ਪੰਜਾਬ ਦੀ ਪਿੱਠਭੂਮੀ ’ਤੇ ਆਧਾਰਿਤ ਹੈ, ਤੁਹਾਡਾ ਸਭ ਤੋਂ ਪਸੰਦੀਦਾ ਪੰਜਾਬੀ ਖਾਣਾ ਕਿਹੜਾ ਹੈ?’ ਸ਼ਾਹਰੁਖ ਨੇ ਕਿਹਾ, ‘‘ਮੈਂ ਪਰੌਂਠੇ ਖਾਂਦਾ ਹਾਂ...ਕਈ ਸਾਰੇ...ਅਤੇ ਛੋਲੇ ਭਟੂਰੇ ਵੀ ਮੈਨੂੰ ਬਹੁਤ ਪਸੰਦ ਹਨ।’’ -ਆਈਏਐੱਨਐੱਸ