ਵਿਰਾਸਤ ਸਾਂਝੀ ਉਤਸਵ ਦਾ ਕਿਤਾਬਚਾ ਜਾਰੀ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 28 ਸਤੰਬਰ
ਲੋਕ ਕਲਾ ਸਾਂਝੀ ਹੌਲੀ ਹੌਲੀ ਖਤਮ ਹੋਣ ਦੇ ਕੰਢੇ ’ਤੇ ਹੈ ਪਰ ਵਿਰਾਸਤ ਹੈਰੀਟੇਜ ਵਿਲੇਜ ਕੁਰੂਕਸ਼ੇਤਰ ਇਸ ਨੂੰ ਮੁੜ ਸੁਰਜੀਤ ਕਰਨ ਦਾ ਉਪਰਾਲਾ ਕਰ ਰਿਹਾ ਹੈ। ਇਸ ਕਾਰਨ ਵਿਰਾਸਤ ਹੈਰੀਟੇਜ ਵਿਲੇਜ ਟਰੱਸਟ ਸ਼ਲਾਘਾ ਦਾ ਪਾਤਰ ਹੈ। ਇਹ ਵਿਚਾਰ ਕੁਰੂਕਸ਼ੇਤਰ ਦੇ ਡੀਸੀ ਰਾਜੇਸ਼ ਜੋਗਪਾਲ ਨੇ ਵਿਰਾਸਤ ਸਾਂਝੀ ਉਤਸਵ ਦਾ ਕਿਤਾਬਚਾ ਜਾਰੀ ਕਰਨ ਮੌਕੇ ਪ੍ਰਗਟਾਏ। ਉਨ੍ਹਾਂ ਕਿਹਾ ਕਿ ਸਮਾਜ ਦੇ ਲੋਕਾਂ ਨੂੰ ਲੁਪਤ ਹੋ ਰਹੀ ਲੋਕ ਕਲਾ ਨੂੰ ਬਚਾਉਣ ਲਈ ਅੱਗੇ ਆਉਣਾ ਪਵੇਗਾ। ਇਸ ਮੌਕੇ ਜ਼ਿਲ੍ਹਾ ਸਿੰਖਿਆ ਅਧਿਕਾਰੀ ਰੋਹਤਾਸ਼ ਵਰਮਾ ਨੇ ਕਿਹਾ ਕਿ ਵਿਰਾਸਤ ਵੱਲੋਂ ਕਰਵਾਇਆ ਜਾ ਰਿਹਾ ਚੌਥਾ ਸਾਂਝੀ ਉਤਸਵ ਨੌਜਵਾਨਾਂ ਲਈ ਵਰਦਾਨ ਸਾਬਤ ਹੋਵੇਗਾ। ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਇਸ ਕਲਾ ਤੋਂ ਰੂਬਰੂ ਹੋਣਗੇ। ਲੋਕ ਸੰਪਰਕ ਅਧਿਕਾਰੀ ਧਰਮਿੰਦਰ ਨੇ ਕਿਹਾ ਕਿ ਵਿਰਾਸਤ ਰਾਹੀਂ ਲੋਕ ਕਲਾ ਨੂੰ ਬਚਾਉਣ ਲਈ ਸਾਂਝੀ ਉਤਸਵ ਕਰਵਾਇਆ ਜਾ ਰਿਹਾ ਹੈ। ਕੁਲਦੀਪ ਚੌਪੜਾ ਨੇ ਕਿਹਾ ਕਿ ਵਿਰਾਸਤ ਸਾਂਝੀ ਉਤਸਵ ਰਾਹੀਂ ਲੋਕ ਸਭਿਆਚਾਰ ਦਾ ਸੰਦੇਸ਼ ਲੋਕਾਂ ਤਕ ਪਹੁੰਚ ਰਿਹਾ ਹੈ। ਇਸ ਮੌਕੇ ਡਾ. ਨੀਰਜ ਮਿੱਤਲ, ਸਮਾਜ ਸੇਵੀ ਰਜਿੰਦਰ ਕਲੇਰ, ਪ੍ਰੋਗਰਾਮ ਦੇ ਕੋਆਰਡੀਨੇਟਰ ਮਹਾਂ ਸਿੰਘ ਪੂਨੀਆ 2 ਅਕਤੂਬਰ ਨੂੰ ਵਿਰਾਸਤੀ ਪਿੰਡ ਜੀਟੀ ਰੋਡ ਮਸਾਣਾ ਵਿਚ ਸਾਂਝੀ ਉਤਸਵ ਦਾ ਉਦਘਾਟਨ ਡੀਸੀ ਵੱਲੋਂ ਕੀਤਾ ਜਾਏਗਾ। ਉਨ੍ਹਾਂ ਦੱਸਿਆ ਕਿ ਵਿਰਾਸਤੀ ਹੈਰੀਟੇਜ ਵੱਲੋਂ ਸਾਂਂਝੀ ਮੇਲੇ ਦੌਰਾਨ ਲੋਕ ਸਭਿਆਚਾਰਕ ਵਸਤੂਆਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਇਸ ਮੌਕੇ ਮੀਤ ਲੋਕ ਸੰਪਰਕ ਅਧਿਕਾਰੀ ਬਲਰਾਮ, ਮਯੰਕ ਭਾਰਦਵਾਜ ਅਤੇ ਬਲਬੀਰ ਮੌਜੂਦ ਸਨ।