ਐਡੀਲੇਡ ’ਚ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ‘ਵਿਰਸਾ ਨਾਈਟ’
ਬਚਿੱਤਰ ਕੁਹਾੜ
ਐਡੀਲੇਡ, 2 ਅਕਤੂਬਰ
‘ਰੂਹ ਪੰਜਾਬ ਦੀ ਭੰਗੜਾ ਅਕੈਡਮੀ’ ਐਡੀਲੇਡ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇਥੇ ‘ਵਿਰਸਾ ਨਾਈਟ’ ਕਰਵਾਈ ਗਈ। ਇਸ ਸਮਾਗਮ ਵਿੱਚ 200 ਬੱਚਿਆਂ ਨੇ ਹਿੱਸਾ ਲੈ ਕੇ ਗਿੱਧਾ, ਭੰਗੜਾ ਤੇ ਹੋਰ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ। ਇਸ ਦੌਰਾਨ ਉਨ੍ਹਾਂ ਪੰਜਾਬ ਦੇ ਸੱਭਿਆਚਾਰ ’ਤੇ ਆਧਾਰਤ ਕੋਰੀਓਗ੍ਰਾਫੀਆਂ ਵੀ ਪੇਸ਼ ਕੀਤੀਆਂ। ਬੱਚਿਆਂ ਨੇ ਪੰਜਾਬੀ ਗੀਤ ‘ਇਕੱਲਾ ਸ਼ੇਰ ਨਹੀਂ ਚਿਖਾ ਵਿੱਚ ਸੜਿਆ’ ’ਤੇ ਕੋਰੀਓਗ੍ਰਾਫੀ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਆਖ਼ਰੀ ਸਮੇਂ ਨੂੰ ਬਿਆਨ ਕੀਤਾ। ਇਸ ਮਗਰੋਂ ਬੱਚਿਆਂ ਨੇ ਗੀਤ ‘ਮੈਂ ਗੁਰਮੁਖੀ ਦਾ ਬੇਟਾ’ ’ਤੇ ਕੋਰੀਓਗ੍ਰਾਫੀ ਕੀਤੀ ਅਤੇ ਪੰਜਾਬੀ ਸ਼ਬਦ ਅਤੇ ਗੁਰਮੁਖੀ ਲਿਪੀ ਲਿਖੇ ਬੋਰਡ ਹੱਥਾਂ ਵਿੱਚ ਫੜ੍ਹ ਕੇ ਪੰਜਾਬੀ ਮਾਂ ਬੋਲੀ ਘਰਾਂ ਵਿੱਚ ਬੋਲਣ, ਪੜ੍ਹਨ ਤੇ ਲਿਖਣ ਲਈ ਜਾਗਰੂਕ ਕੀਤਾ।
ਇਸ ਮੌਕੇ ਅਕੈਡਮੀ ਦੇ ਨੁਮਾਇੰਦੇ ਪੰਕਜ ਸ਼ਰਮਾ, ਅਨੂਪ ਸ਼ਰਮਾ, ਲਾਡੀ ਕੰਬੋਜ ਅਤੇ ਪ੍ਰਭ ਰਾਜਪੂਤ ਨੇ ਪਰਵਾਸੀ ਪੰਜਾਬੀਆਂ ਨੂੰ ਆਪਣੇ ਘਰਾਂ ਵਿੱਚ ਮਾਂ ਬੋਲੀ ਪੰਜਾਬੀ ਬੋਲਣ ਦਾ ਸੱਦਾ ਦਿੱਤਾ। ਅਕੈਡਮੀ ਨੇ ਪੰਜਾਬੀ ਵਿਰਸੇ ਲਈ ਨਿਸ਼ਕਾਮ ਕੰਮ ਕਰਨ ਵਾਸਤੇ ਕਰਨ ਬਰਾੜ ਦਾ ਸਨਮਾਨ ਕੀਤਾ। ਸਟੇਜ ਦੀ ਜ਼ਿੰਮੇਵਾਰੀ ਰਾਜ ਸੰਧੂ ਅਤੇ ਪ੍ਰੀਤਇੰਦਰ ਗਰੇਵਾਲ ਮੈਲਬਰਨ ਨੇ ਨਿਭਾਈ। ਅੰਤ ਵਿੱਚ ਪ੍ਰਬੰਧਕਾਂ ਵੱਲੋਂ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।