For the best experience, open
https://m.punjabitribuneonline.com
on your mobile browser.
Advertisement

ਵਿਰਾਸਤ ਦੀ ਸਾਂਭ-ਸੰਭਾਲ

06:42 AM Nov 17, 2024 IST
ਵਿਰਾਸਤ ਦੀ ਸਾਂਭ ਸੰਭਾਲ
ਅੰਮ੍ਰਿਤਸਰ ਵਿੱਚ ਚਿਤਰਾ ਟਾਕੀਜ਼।
Advertisement

Advertisement

ਪ੍ਰੋ. (ਸੇਵਾਮੁਕਤ) ਸੁਖਦੇਵ ਸਿੰਘ *

Advertisement

ਭਾਰਤ ਆਬਾਦੀ, ਭੂਗੋਲ ਅਤੇ ਜਲਵਾਯੂ ਵਿਭਿੰਨਤਾ ਵਾਲਾ ਇੱਕ ਵਿਸ਼ਾਲ ਦੇਸ਼ ਹੈ, ਜਿਸ ਕਰ ਕੇ ਇਸ ਦੀ ਸੱਭਿਆਚਾਰਕ ਵਿਰਾਸਤ ਵੀ ਵਿਲੱਖਣ ਅਤੇ ਵਿਸ਼ਾਲ ਹੈ। ਰਾਸ਼ਟਰੀ ਅਤੇ ਸੂਬਾ ਪੱਧਰੀ ਮਹੱਤਤਾ ਵਾਲੀਆਂ ਕੁਝ ਕੁ ਚੋਣਵੀਆਂ ਇਮਾਰਤਾਂ ਨੂੰ ਕ੍ਰਮਵਾਰ ਭਾਰਤ ਅਤੇ ਸੂਬਾ ਸਰਕਾਰਾਂ ਵੱਲੋਂ ਪ੍ਰਾਚੀਨ ਸਮਾਰਕ ਅਤੇ ਪੁਰਾਤੱਤਵ ਸਥਾਨ ਅਤੇ ਅਵਸ਼ੇਸ਼ ਕਾਨੂੰਨ 1958 (Ancient Monuments and Archaeological Sites and Remains Act 1958; amended in 2010) ਅਧੀਨ ਕਾਨੂੰਨੀ ਸੁਰੱਖਿਆ ਦਿੱਤੀ ਗਈ ਹੈ। ਪਰ ਦੇਸ਼ ਦੀਆਂ ਚੰਗੀ ਹਾਲਤ ਵਿੱਚਲੀਆਂ ਸੱਭਿਆਚਾਰਕ ਵਿਰਾਸਤੀ ਇਮਾਰਤਾਂ ਤੋਂ ਇਲਾਵਾ, ਇਸ ਦੇ ਕੁਦਰਤੀ ਸੋਮੇ, ਕਲਾ ਅਤੇ ਸ਼ਿਲਪ ਗਿਆਨ ਅਤੇ ਮੁਹਾਰਤ ਅਲੋਪ ਹੋ ਰਹੇ ਹਨ। ਅਜਿਹਾ ਕੁਦਰਤੀ ਆਫ਼ਤਾਂ ਜਾਂ ਉਮਰ ਹੰਢਾ ਜਾਣ ਕਰ ਕੇ ਨਹੀਂ, ਸਗੋਂ ਤਰੱਕੀ ਦੀਆਂ ਨਿਰੋਲ ਮੁਨਾਫ਼ਾ ਆਧਾਰਿਤ ਬੇਢਬੀਆਂ ਨੀਤੀਆਂ, ਸ਼ਹਿਰੀਕਰਨ ਅਤੇ ਨਵੀਨਤਾ ਦੀ ਭੇਡਚਾਲ ਦੇ ਦਬਾਅ ਅਧੀਨ ਤੇਜ਼ੀ ਨਾਲ ਵਾਪਰ ਰਿਹਾ ਹੈ, ਜਿਸ ਨਾਲ ਲੋਕਾਂ ਦੀ ਵਿਲੱਖਣ ਅਤੇ ਵਿਸ਼ਾਲ ਸੱਭਿਆਚਾਰਕ ਵਿਰਾਸਤ ਕਾਨੂੰਨਨ ‘ਅਸੁਰੱਖਿਅਤ’ ਹੈ। ਪਰ ਇਸ ਵਿਸ਼ਾਲ ਸੱਭਿਆਚਾਰਕ ਵਿਰਾਸਤ ਨੂੰ ਸਿਰਫ ਕਾਨੂੰਨ ਅਤੇ ਸਰਕਾਰ ਦੁਆਰਾ ਨਹੀਂ ਸਾਂਭਿਆ ਜਾ ਸਕਦਾ। ਇਸ ਵਾਸਤੇ ਲੋਕਾਂ ਦੀ ਇੱਕ ਤੋਂ ਵੱਧ ਤਰੀਕਿਆਂ ਨਾਲ ਹਿੱਸੇਦਾਰੀ ਜ਼ਰੂਰੀ ਹੈ।

ਅੰਮ੍ਰਿਤਸਰ ਦੇ ਕਟੜਾ ਆਹਲੂਵਾਲੀਆ ’ਚ ਵਿਰਾਸਤੀ ਇਮਾਰਤ।

ਸਭ ਤੋਂ ਪਹਿਲਾਂ ਤਾਂ ‘ਅਸੁਰੱਖਿਅਤ’ ਸੱਭਿਆਚਾਰਕ ਵਿਰਾਸਤ ਦੇ ਬਚਾਅ ਲਈ ਲੋਕਾਂ ਦਾ ਸਹਿਯੋਗ ਇਸ ਲਈ ਜ਼ਰੂਰੀ ਹੈ ਕਿ ਉਹ ਹੀ ਇਸ ਦੇ ਅਸਲ ਵਾਰਿਸ ਅਤੇ ਮਾਲਕ ਹਨ; ਦੂਜੇ, ਲੋਕਾਂ ਦੀ ਸ਼ਮੂਲੀਅਤ ਨਾਲ ਸੱਭਿਆਚਾਰਕ ਵਿਰਾਸਤ ਉਹਨਾਂ ਦੇ ਜੀਵਨ ਵਿੱਚ ਸਾਰਥਿਕਤਾ ਗ੍ਰਹਿਣ ਕਰਦੀ ਹੈ ਅਤੇ ਇਸ ਦੀ ਵਰਤੋਂ ਅਤੇ ਸਮਾਜਿਕ-ਆਰਥਿਕ ਗਤੀਵਿਧੀਆਂ ਵਿੱਚ ਸੁਮੇਲ ਬਣਦਾ ਹੈ; ਤੀਜੇ, ਇਸ ਨਾਲ ਇਸਦੀ ਦੇਖਭਾਲ ਅਤੇ ਬਚਾਅ ਦੇ ਉਪਰਾਲੇ ਲਾਗਤ-ਪ੍ਰਭਾਵੀ, ਕਿਫਾਇਤੀ ਅਤੇ ਟਿਕਾਊ ਹੁੰਦੇ ਹਨ; ਚੌਥੇ, ਇਸ ਨਾਲ ਭੂਗੋਲਿਕ, ਸੱਭਿਆਚਾਰਕ, ਭਾਸ਼ਾਈ ਅਤੇ ਧਾਰਮਿਕ ਭਿੰਨਤਾਵਾਂ ਦੇ ਅਧਾਰ ’ਤੇ ਵਿਭਿੰਨ ਗਿਆਨ ਸਰੋਤਾਂ ਨੂੰ ਜੋੜਦੇ ਹੋਏ ਇਸਦੀ ਸੰਭਾਲ ਲਈ ਸਥਾਨਕ ਅਤੇ ਪ੍ਰਮਾਣਿਕ ਕਾਰੀਗਰੀ ਉਤਸ਼ਾਹਿਤ ਹੁੰਦੀ ਹੈ।
ਭਾਰਤ ਦੀਆਂ ਜ਼ਰੂਰੀ ਸੱਭਿਆਚਾਰਕ ਛਾਪਾਂ ਦੇ ਨਾਲ ਇੱਕ ਸ਼ਾਨਦਾਰ ਵਿਭਿੰਨਤਾ ਅਤੇ ਇੱਕ ਲੰਬੀ ਅਸਾਧਾਰਨ ਇਤਿਹਾਸਕ ਸਮਾਂ-ਰੇਖਾ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸਦੀ ਕੁਦਰਤੀ ਅਤੇ ਮਨੁੱਖੀ ਸੱਭਿਆਚਾਰਕ ਵਿਰਾਸਤ ਨੂੰ ਉਸ ਤੱਕ ਸੀਮਿਤ ਨਹੀਂ ਕੀਤਾ ਜਾ ਸਕਦਾ ਜੋ AMASR ਐਕਟ, 1958 ਦੇ ਤਹਿਤ ਭਾਰਤ ਦੀਆਂ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਸੁਰੱਖਿਅਤ ਹੈ। ਇਸ ਐਕਟ ਦੇ ਤਹਿਤ 100 ਜਾਂ ਇਸ ਤੋਂ ਵੱਧ ਸਾਲ ਪੁਰਾਣੀਆਂ ਇਮਾਰਤਾਂ ਅਤੇ ਯਾਦਗਾਰੀ ਮੁੱਲ ਦੀਆਂ ਥਾਵਾਂ ਨੂੰ ਕੇਂਦਰੀ ਅਤੇ ਰਾਜ ਸਰਕਾਰਾਂ ਦੁਆਰਾ ਬਚੇ ਹੋਏ ਖੰਡਰਾਂ ਵਜੋਂ ਸੁਰੱਖਿਅਤ ਰੱਖਿਆ ਜਾਂਦਾ ਹੈ। ਇਹਨਾਂ ਵਿੱਚੋਂ ਬਹੁਤੀਆਂ ਸਰਕਾਰ ਦੀ ਮਲਕੀਅਤ ਹਨ। ਭਾਰਤੀ ਪੁਰਾਤੱਤਵ ਸਰਵੇਖਣ (ਏ.ਐਸ.ਆਈ.) ਸਮਾਰਕਾਂ, ਸਥਾਨਾਂ ਅਤੇ ਰਾਸ਼ਟਰੀ ਮਹੱਤਵ ਦੇ ਅਵਸ਼ੇਸ਼ਾਂ ਦੀ ਦੇਖਭਾਲ ਅਤੇ ਸੰਭਾਲ ਦੀ ਨਿਗਰਾਨੀ ਕਰਦਾ ਹੈ, ਜਦੋਂ ਕਿ ਰਾਜ ਪੁਰਾਤੱਤਵ ਅਤੇ ਅਜਾਇਬ ਘਰ ਵਿਭਾਗ ਰਾਜ (ਖੇਤਰੀ) ਮਹੱਤਵ ਵਾਲੇ ਸਮਾਰਕਾਂ ਦੀ ਦੇਖਭਾਲ ਕਰਦੇ ਹਨ। ਪੁਰਾਤਨਤਾ ਅਤੇ ਕਲਾ ਖਜ਼ਾਨਾ ਐਕਟ, 1972 (ਨਿਯਮ 1973) ਦੇ ਅਧੀਨ ਢਾਂਚਿਆਂ ਤੋਂ ਇਲਾਵਾ ਹੋਰ ਨਿਯੰਤ੍ਰਿਤ ਕੀਤੇ ਜਾਂਦੇ ਹਨ। ਇਹਨਾਂ ਕਾਰਵਾਈਆਂ ਦਾ ਦਾਇਰਾ ਸੀਮਤ ਅਤੇ ਮਹਿੰਗਾ ਹੋਣ ਕਰਕੇ, ਇੱਕ ਵਿਸ਼ਾਲ ਮੌਜੂਦਾ ਸੱਭਿਆਚਾਰਕ ਵਿਰਾਸਤ ਕੁਦਰਤੀ ਸੜਨ ਤੋਂ ਇਲਾਵਾ ਹੋਰ ਦਬਾਅ ਹੇਠ ਖ਼ਤਰੇ ਵਿੱਚ ਹੈ ਅਤੇ ਅਸੁਰੱਖਿਅਤ ਹੈ।
ਅੰਤਰਰਾਸ਼ਟਰੀ ਪੱਧਰ ’ਤੇ ਯੂਨੈਸਕੋ 1972 ਦੇ ਵਿਸ਼ਵ ਵਿਰਾਸਤ ਸੰਮੇਲਨ ਤੋਂ ਬਾਅਦ ਸੱਭਿਆਚਾਰਕ ਵਿਰਾਸਤ ਸਬੰਧੀ ਸਮਝ ਵਿੱਚ ਵਿਆਪਕ ਤੌਰ ’ਤੇ ਲੋਕ-ਆਧਾਰਿਤ ਪਹੁੰਚ ਨੂੰ ਸ਼ਾਮਲ ਕਰਨ ਵਾਲਾ ਮਹੱਤਵਪੂਰਨ ਬਦਲਾਅ ਆਇਆ ਹੈ। ਇਸ ਤੋਂ ਬਾਅਦ ਇਹ ਮਾਨਤਾ ਬਣੀ ਹੈ ਕਿ ਨਾ ਸਿਰਫ਼ ਸ਼ਾਨਦਾਰ ਮਹਿਲ, ਕਿਲੇ ਅਤੇ ਹੋਰ ਸਮਾਰਕ, ਸਗੋਂ ਵੱਖਰੇ ਅੰਦਾਜ਼ ਵਿੱਚ ਬਣੇ ਰੈਣ ਬਸੇਰੇ, ਆਮ ਘਰ, ਦੁਕਾਨਾਂ ਅਤੇ ਰੋਜ਼ਾਨਾ ਵਰਤੋਂ ਦੇ ਹੋਰ ਇਮਾਰਤੀ ਢਾਂਚੇ ਵੀ ਸੱਭਿਆਚਾਰਕ ਵਿਰਾਸਤ ਦਾ ਹਿੱਸਾ ਹਨ ਜੋ ਕਿ ਪ੍ਰਚੱਲਤ ਪਰੰਪਰਾਵਾਂ ਅਤੇ ਭਾਈਚਾਰਿਆਂ ਦੇ ਸੱਭਿਆਚਾਰਕ ਤਾਣੇ-ਬਾਣੇ ਨੂੰ ਪਰਿਭਾਸ਼ਿਤ ਕਰਦੇ ਹਨ ਅਤੇ ਉਹਨਾਂ ਦੇ ਜੀਵਨ ਨੂੰ ਆਕਾਰ ਦਿੰਦੇ ਹਨ। ਅਜਿਹੀ ਮਾਨਤਾ ਸਿਰਫ਼ ਇਕੱਲੇ ਅਤੇ ਵੱਖਰੇ ਇਮਾਰਤੀ ਢਾਂਚਿਆਂ ਦੇ ਤੌਰ ’ਤੇ ਹੀ ਨਹੀਂ, ਸਗੋਂ ਪੁਰਾਤਨ ਸ਼ਹਿਰੀ ਗਲੀਆਂ, ਬਾਜ਼ਾਰਾਂ, ਅਤੇ ਚੁਰਾਹਿਆਂ ਆਦਿ ਦੀ ਸ਼ਕਲ ਵਿੱਚ ‘ਸੱਭਿਆਚਾਰਕ ਲੈਂਡਸਕੇਪ’ ਦੇ ਤੌਰ ’ਤੇ ਵੀ ਬਣੀ ਹੈ। ਸੱਭਿਆਚਾਰਕ ਵਿਰਾਸਤ ਨੂੰ ਇਸ ਰੂਪ ਵਿੱਚ ਵੀ ਆਲੀਸ਼ਾਨ ਸਮਾਰਕਾਂ ਵਰਗੀ ਵਿਰਾਸਤੀ ਅਹਿਮੀਅਤ ਦੇਣ ਦੀ ਰਾਇ ਬਣਨ ਦੇ ਬਾਵਜੂਦ ਇਹ ‘ਅਸੁਰੱਖਿਅਤ’ ਹੈ, ਕਿਸੇ ਵੀ ਕਾਨੂੰਨੀ ਵਿਵਸਥਾ ਦੁਆਰਾ ਸੁਰੱਖਿਅਤ ਨਹੀਂ ਹੈ ਅਤੇ ਸਮਾਜਿਕ-ਆਰਥਿਕ ਸਥਿਤੀਆਂ ਜਿਵੇਂ ਕਿ ਅਸੰਵੇਦਨਸ਼ੀਲ ਸ਼ਹਿਰੀਕਰਨ, ਆਧੁਨਿਕੀਕਰਨ ਅਤੇ ਵਿਕਾਸ ਨੀਤੀਆਂ ਦੇ ਦਬਾਅ ਤੋਂ ਲਗਾਤਾਰ ਖਤਰੇ ਵਿੱਚ ਹੈ।
ਇਸ ਦੇ ਸਮਰਥਨ ਵਿੱਚ ਜਲਦੀ ਨਾਲ ਰਿਕਾਰਡ ਇਕੱਠਾ ਕਰਨ ਲਈ ਸਰਵੇਖਣ ਰਾਹੀਂ ਪੁਰਾਤਨ ਇਮਾਰਤ ਕਲਾ ਜਾਂ ਸੱਭਿਆਚਾਰਕ ਵਿਸ਼ੇਸ਼ਤਾ ਦੇ ਆਧਾਰ ’ਤੇ ਇਮਾਰਤਾਂ, ਬਾਜ਼ਾਰਾਂ, ਸਥਾਨਾਂ ਅਤੇ ਬਾਗਾਂ ਆਦਿ ਦੀਆਂ ਸੂਚੀਆਂ ਤਿਆਰ ਕਰਨਾ, ਇਹਨਾਂ ਦੇ ਸਮੂਹਿਕ ਜੁੱਟ ਦੇ ਰੂਪ ਵਾਲੇ ਕਿਸੇ ਸੀਮਤ ਇਲਾਕੇ ਨੂੰ ਲੋਕਾਂ ਲਈ ‘ਵਿਰਾਸਤੀ ਸੈਰ- ਪੱਥ’ ਵਜੋਂ ਉਲੀਕਣਾ, ਸ਼ਹਿਰਾਂ ਦੇ ਪੁਰਾਤਨ ਹਿੱਸੇ ਨੂੰ ‘ਵਿਰਾਸਤ ਖਿੱਤੇ’ ਦੇ ਤੌਰ ’ਤੇ ਸਾਂਭਣ ਲਈ ਰਾਜ ਸਰਕਾਰਾਂ ਅਤੇ ਸਥਾਨਕ ਸੰਸਥਾਵਾਂ ਦੁਆਰਾ ‘ਵਿਰਾਸਤੀ ਨਿਯਮਾਂਵਲੀ’ ਦੇ ਰੂਪ ਵਿੱਚ ਕੁਝ ਕਾਨੂੰਨੀ ਪ੍ਰਬੰਧ ਕਰਨਾ ਅਤੇ ਇਹਨਾਂ ਸਬੰਧੀ ਜਾਗਰੂਕਤਾ ਅਭਿਆਨ ਚਲਾਉਣ ਤੋਂ ਲੈ ਕੇ ਸੱਭਿਆਚਾਰਕ ਵਿਰਾਸਤ ਨੂੰ ਢਾਹ ਲਾਉਂਦੀਆਂ ਨੀਤੀਆਂ ਬਦਲਣ ਲਈ ਰਾਇ ਕਾਇਮ ਕਰਨ ਜਿਹੇ ਕੁਝ ਕਦਮ ਹੋ ਸਕਦੇ ਹਨ।
ਵਿਰਾਸਤੀ ਇਮਾਰਤਾਂ, ਸਥਾਨਾਂ ਅਤੇ ਕਲਾ ਵਸਤਾਂ ਸੂਚੀਆਂ ‘ਅਸੁਰੱਖਿਅਤ’ ਸੱਭਿਆਚਾਰਕ ਵਿਰਾਸਤ ਦੀ ਪਛਾਣ, ਵਕਾਲਤ ਅਤੇ ਸੰਭਾਲ ਕਰਨ ਲਈ ਵਿਧੀਵਤ ਇਕੱਤਰਿਤ ਤੱਥਾਂ, ਜਾਣਕਾਰੀ ਅਤੇ ਅੰਕੜਿਆਂ ਦੇ ਸੰਗ੍ਰਹਿ ਵਜੋਂ ਕੰਮ ਆ ਸਕਦੀਆਂ ਹਨ ਜੋ ਕਿ ਖੋਜ ਕਾਰਜਾਂ ਲਈ ਗਿਆਨ ਭੰਡਾਰ ਅਤੇ ਸੱਭਿਆਚਾਰਕ ਵਿਰਾਸਤ ਦਾ ਰਾਸ਼ਟਰੀ ਰਜਿਸਟਰ ਬਣ ਸਕਦੀਆਂ ਹਨ।
ਸੂਚੀਬੱਧ ਇਮਾਰਤਾਂ, ਸਥਾਨਾਂ ਅਤੇ ਕਲਾ ਵਸਤਾਂ ਦੀ ਮਹੱਤਵ ਅਨੁਸਾਰ ਓ/ਅ/ੲ ਘਟਦੇ ਕ੍ਰਮ ਵਿੱਚ ਸ਼੍ਰੇਣੀਬੱਧ ਕਰ ਕੇ ਸਾਂਭ-ਸੰਭਾਲ ਲਈ ਚੋਣ-ਫੈਸਲੇ ਲੈਣ ਅਤੇ ‘ਸੱਭਿਆਚਾਰਕ ਲੈਂਡਸਕੇਪ’ ਜਾਂ ‘ਹੈਰੀਟੇਜ ਇਲਾਕੇ (ਜ਼ੋਨ)’ ਸੂਚਿਤ ਕਰਨ ਲਈ ਵਰਤਿਆ ਜਾ ਸਕਦਾ ਹੈ। ਅਜਿਹੇ ਜ਼ੋਨਾਂ ਜਾਂ ਇਲਾਕਿਆਂ ਨੂੰ ਸ਼ਹਿਰ ਦੇ ਮਾਸਟਰ ਪਲਾਨ ਵਿੱਚ ਸੂਚੀਬੱਧ ਕਰਵਾ ਕੇ ਰਾਜ ਅਤੇ ਸਥਾਨਕ ਸਰਕਾਰਾਂ ਰਾਹੀਂ ‘ਅਸੁਰੱਖਿਅਤ’ ਇਤਿਹਾਸਕ/ ਪੁਰਾਣੀਆਂ ਇਮਾਰਤਾਂ ਅਤੇ ਸਥਾਨਾਂ ਦੀ ਸ਼ਕਲ ਬਦਲਣ ਸਬੰਧੀ ‘ਵਿਰਾਸਤੀ ਨਿਯਮਾਂਵਲੀ’ ਪਾਸ ਕਰਵਾਈ ਜਾ ਸਕਦੀ ਹਨ।
‘ਵਿਰਾਸਤੀ ਸੈਰ- ਪਥ’ ਤੈਅ ਕਰ ਕੇ ਲੋਕਾਂ ਨੂੰ ਉਨ੍ਹਾਂ ਦੇ ਸੱਭਿਆਚਾਰਕ ਵਿਰਸੇ ਦੇ ਸਥਾਨਾਂ, ਇਮਾਰਤ ਕਲਾ ਵੰਨਗੀਆਂ ਅਤੇ ਰਹਿਣ-ਸਹਿਣ ਦੀਆਂ ਪਰੰਪਰਾਵਾਂ ਨਾਲ ਜੋੜਨ ਲਈ ਅਤੇ ਵਿਰਾਸਤੀ ਸੈਰ-ਸਪਾਟੇ ਨੂੰ ਹਰਮਨ ਪਿਆਰਾ ਬਣਾਉਣ ਲਈ ਵਰਤਿਆ ਜਾ ਸਕਦਾ ਹੈ। ਇਸ ਲਈ ਵਿਰਾਸਤੀ ਸੈਰ ਰਸਤਿਆਂ ਵਿੱਚ ਬਿਹਤਰ ਸ਼ਹਿਰੀ ਸਹੂਲਤਾਂ ਤੋਂ ਇਲਾਵਾ, ਇਸ਼ਤਿਹਾਰਾਂ, ਸਾਈਨ ਬੋਰਡਾਂ ਅਤੇ ਬਿਜਲੀ, ਇੰਟਰਨੈੱਟ ਅਤੇ ਡਿਸ਼ ਤਾਰਾਂ ਦੇ ਜਾਲ ਨੂੰ ਯੋਗ ਸਥਾਨਾਂਤਰ ਕਰ ਕੇ ਇਲਾਕੇ ਦੀ ਸੁੰਦਰਤਾ ਨੂੰ ਉਭਾਰਨ ਦੇ ਉਪਰਾਲੇ ਕੀਤੇ ਜਾ ਸਕਦੇ ਹਨ। ਸੈਲਾਨੀਆਂ ਨੂੰ ਨਿਯੰਤਰਿਤ ਗਿਣਤੀ ਵਿੱਚ ਵਿਰਾਸਤੀ ਸੈਰ ਰਸਤਿਆਂ ’ਤੇ ਘੁਮਾਉਣ ਨਾਲ ਸਥਾਨਕ ਸ਼ਿਲਪਕਾਰੀ, ਖਰੀਦੋ-ਫਰੋਖ਼ਤ, ਰੈਣ-ਬਸੇਰੇ, ਹੋਟਲ ਅਤੇ ਸੇਵਾ ਉਦਯੋਗ ਵਿੱਚ ਰੁਜ਼ਗਾਰ ਪੈਦਾ ਕਰ ਕੇ ਸਥਾਨਕ ਆਰਥਿਕਤਾ ਨੂੰ ਹੁੰਗਾਰਾ ਦਿੱਤਾ ਜਾ ਸਕਦਾ ਹੈ।
ਸੱਭਿਆਚਾਰਕ ਵਿਰਾਸਤ ਸਬੰਧੀ ਉਪਰੋਕਤ ਉਪਰਾਲੇ ‘ਜੀਵਤ’ ਵਿਰਾਸਤ ਦੇ ਅਜਿਹੇ ਸੰਕਲਪ ’ਤੇ ਅਧਾਰਿਤ ਹਨ ਜਿਸ ਵਿੱਚ ਇਮਾਰਤਸਾਜ਼ੀ ਕਲਾ, ਸ਼ਿਲਪ ਕਲਾ, ਸਮਾਜਿਕ ਸੱਭਿਆਚਾਰ ਅਤੇ ਕੁਦਰਤੀ ਵਾਤਾਵਰਣ ਦਾ ਆਪਸੀ ਸਬੰਧ ਬਣਿਆ ਰਹਿੰਦਾ ਹੈ। ਸੱਭਿਆਚਾਰਕ ਵਿਰਾਸਤ ਦੇ ਇਸ ਸੰਕਲਪ ਵਿੱਚ ਵਰਤਮਾਨ, ‘ਅਤੀਤ’ ‘ਭਵਿੱਖ’ ਅਤੇ ‘ਵਰਤਮਾਨ’ ਇੱਕ ਦੂਜੇ ਦੇ ਵਿਰੋਧ ਵਿੱਚ ਨਹੀਂ, ਸਗੋਂ ਇੱਕੋ ਕਤਾਰ ’ਤੇ ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਨਿਰੰਤਰਤਾ ’ਚ ਹਨ।
ਸੱਭਿਆਚਾਰਕ ਵਿਰਸੇ ਨੂੰ ਕੁਦਰਤ ਤੋਂ ਵੱਖ ਕਰਨਾ ਗ਼ੈਰਵਿਹਾਰਕ ਅਤੇ ਨਕਲੀ ਹੈ। ਮਨੁੱਖੀ ਸੱਭਿਆਚਾਰ ਕੁਦਰਤ ਦਾ ਰਿਣੀ ਹੈ ਕਿਉਂਕਿ ਇਹ ਨਾ ਸਿਰਫ਼ ਕੁਦਰਤ ਦੇ ਤੱਤਾਂ ਜਿਵੇਂ ਕਿ ਰੇਤ, ਮਿੱਟੀ, ਧਾਤੂਆਂ, ਰੁੱਖ, ਫੁੱਲ ਆਦਿ ਦੀ ਵਰਤੋਂ ਕਰਦਾ ਹੈ, ਸਗੋਂ ਇਸ ਦੀਆਂ ਪ੍ਰਣਾਲੀਆਂ, ਡਿਜ਼ਾਈਨ ਅਤੇ ਪ੍ਰਕਿਰਿਆਵਾਂ ਆਦਿ ਨੂੰ ਵੀ ਵਰਤਦਾ ਹੈ ਜਿਵੇਂ ਕਿ ਸਮੱਗਰੀ ਦੇ ਰੂਪਾਂ ਨੂੰ ਬਦਲਣਾ, ਬਦਲੇ ਹੋਏ ਰੂਪਾਂ ਨੂੰ ਰੰਗ ਦੇਣਾ ਅਤੇ ਪੈਟਰਨਾਂ ਨੂੰ ਵੱਖਰਾ ਕਰਨਾ। ਸੱਭਿਆਚਾਰਕ ਵਿਰਾਸਤ ਦੀ ਅਜਿਹੀ ਸਮਝ ਨਿਰੰਤਰਤਾ ਅਤੇ ਪ੍ਰਸੰਗਿਕਤਾ ਵਿੱਚ ਪ੍ਰਣਾਲੀਗਤ ਪ੍ਰਬੰਧਾਂ ’ਤੇ ਅਧਾਰਿਤ ਹੈ।
‘ਅਸੁਰੱਖਿਅਤ’ ਸੱਭਿਆਚਾਰਕ ਵਿਰਾਸਤ ਦੀ ਸੁਰੱਖਿਆ ਲਈ ਗਿਆਨ, ਵਿਧੀਆਂ ਅਤੇ ਹੁਨਰ ਪ੍ਰਣਾਲੀਆਂ ਨੂੰ ਚਿੰਤਨ ਅਤੇ ਵਿਹਾਰਕ ਤੌਰ ’ਤੇ ਵਿਕਸਤ ਕਰਨ ਲਈ ਇੱਕ ਵਿਸ਼ੇਸ਼ੱਗ ਸਮੂਹ ਅਤੇ ਵਿਧੀਆਂ ਅਤੇ ਹੁਨਰ ਪ੍ਰਣਾਲੀਆਂ ਨੂੰ ਜ਼ਮੀਨ ’ਤੇ ਲਾਗੂ ਕਰਨ ਲਈ ਸੱਭਿਆਚਾਰਕ ਵਿਰਾਸਤ ਦੇ ਅਸਲ ਹੱਕਦਾਰ ਆਮ ਸ਼ਹਿਰੀਆਂ ਦੇ ਲੋਕ ਸਮੂਹ ਨੂੰ ਲਾਮਬੰਦ ਕਰਨ ਲਈ 27 ਜਨਵਰੀ, 1984 ਨੂੰ ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ (ਇਨਟੈਕ) ਨੂੰ ਸਰਕਾਰ ਦੀ ਹਮਾਇਤ ਪ੍ਰਾਪਤ ਇੱਕ ਖੁਦ-ਮੁਖਤਿਆਰ ਗੈਰ-ਸਰਕਾਰੀ ਮੈਂਬਰ-ਅਧਾਰਿਤ ਸੰਸਥਾ ਵਜੋਂ ਸੁਸਾਇਟੀ ਐਕਟ 1860 ਅਧੀਨ ਸਥਾਪਤ ਕੀਤਾ ਗਿਆ। ਇਸ ਕੰਮ ਵਿੱਚ ਭਾਰਤ ਦੇ ਲੋਕਾਂ ਨੂੰ ਸ਼ਾਮਲ ਕਰਨ ਦਾ ਕੰਮ ਸੌਂਪਿਆ ਗਿਆ ਹੈ। ਇੱਕ ਪਾਸੇ ਨਾਗਰਿਕਾਂ ਨੂੰ ਮੈਂਬਰਾਂ ਵਜੋਂ ਭਰਤੀ ਕਰਕੇ ਅਤੇ ਦੂਜੇ ਪਾਸੇ ਹੁਨਰਮੰਦ ਮਨੁੱਖੀ ਸਰੋਤਾਂ ਨੂੰ ਸ਼ਾਮਲ ਕਰਕੇ। ਇਨਟੈੱਕ ਆਰਕੀਟੈਕਚਰਲ, ਇਤਿਹਾਸਕ, ਪੁਰਾਤੱਤਵ, ਜਾਂ ਸੁਹਜਾਤਮਕ ਮੁੱਲ ਦੀਆਂ 50 ਅਤੇ ਇਸ ਤੋਂ ਵੱਧ ਸਾਲਾਂ ਦੀਆਂ ਇਮਾਰਤਾਂ ਨੂੰ ਸੂਚੀਬੱਧ ਕਰ ਰਿਹਾ ਹੈ, ਵਿਰਾਸਤੀ ਸੈਰ- ਪੱਥ’ ਉਲੀਕ ਕੇ ਵਿਹਾਰਕ ਤੌਰ ’ਤੇ ਵਿਰਾਸਤੀ ਸੈਰ ਆਯੋਜਿਤ ਕਰ ਰਿਹਾ ਹੈ ਅਤੇ ਵਿਰਾਸਤੀ ਨਿਯਮਾਂ ਦੀ ਵਕਾਲਤ ਕਰ ਰਿਹਾ ਹੈ। ਇਨਟੈੱਕ ਅਸੁਰੱਖਿਅਤ ਸੱਭਿਆਚਾਰਕ ਵਿਰਾਸਤ ਦੀ ਸਾਂਭ-ਸੰਭਾਲ ਲਈ ਗਿਆਨ, ਤਕਨੀਕ ਅਤੇ ਹੁਨਰ ਵਿਕਸਤ ਕਰਨ ਦੇ ਨਾਲ ਇਸ ਨੂੰ ਨਮੂਨੇ ਵਜੋਂ ਜ਼ਮੀਨ ’ਤੇ ਲਾਗੂ ਕਰ ਰਿਹਾ ਹੈ । ਇਹ ਦੂਜੀਆਂ ਸੰਸਥਾਵਾਂ ਅਤੇ ਵਿਅਕਤੀਆਂ ਨਾਲ ਮੁਕਾਬਲਾ ਕਰਨ ਦੀ ਬਜਾਏ ਪੂਰਕ ਬਣ ਕੇ ਕੰਮ ਕਰ ਰਿਹਾ ਹੈ।
* ਵਾਈਸ-ਚੇਅਰਮੈਨ ਇਨਟੈਕ
ਸੰਪਰਕ: 94642-25655

Advertisement
Author Image

Advertisement