ਵਿਰਾਸਤੀ ਮੇਲਾ: ਲੋਕ ਬੋਲੀਆਂ ਤੇ ਗਿੱਧੇ ਰਾਹੀਂ ਵਿਦਿਆਰਥਣਾਂ ਨੇ ਬੰਨ੍ਹਿਆ ਰੰਗ
ਪੱਤਰ ਪ੍ਰੇਰਕ
ਗੜ੍ਹਸ਼ੰਕਰ, 12 ਅਗਸਤ
ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਵਿੱਚ ਆਪਣੀ ਅਮੀਰ ਵਿਰਾਸਤ ਨੂੰ ਸਾਂਭਣ ਦੇ ਉਦੇਸ਼ ਨਾਲ ‘ਵਿਰਾਸਤੀ ਮੇਲਾ’ ਕਰਵਾਇਆ ਗਿਆ। ਇਸ ਸਮਾਰੋਹ ਦਾ ਉਦਘਾਟਨ ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਨੇ ਕੀਤਾ। ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਸੁੰਦਰ ਰਵਾਇਤੀ ਪੰਜਾਬੀ ਪਹਿਰਾਵੇ ਅਤੇ ਗਹਿਣਿਆਂ ਨਾਲ ਸੱਜ-ਧੱਜ ਕੇ ਮੇਲੇ ਵਿਚ ਸ਼ਾਮਲ ਹੋਏ। ਵਿਦਿਆਰਥਣਾਂ ਵੱਲੋਂ ਪੰਜਾਬੀ ਸੱਭਿਆਚਾਰ ਨਾਲ ਸੰਬੰਧਤ ਵੱਖ-ਵੱਖ ਗਤੀਵਿਧੀਆਂ ਅਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਵਿਦਿਆਰਥਣਾਂ ਨੇ ਪੰਜਾਬੀ ਲੋਕ ਗੀਤ, ਟੱਪੇ, ਸਿੱਠਣੀਆਂ, ਗਿੱਧਾ ਤੇ ਬੋਲੀਆਂ ਪਾ ਕੇ ਸਮਾਰੋਹ ਨੂੰ ਚਾਰ ਚੰਨ ਲਾਏ। ਮੇਲੇ ਵਿਚ ਸੇਵੀਆਂ ਵੱਟਣ, ਨਾਲਾ ਬੁਣਨ, ਮਹਿੰਦੀ ਲਗਾਉਣ ਦੇ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਮਿਸ ਪੰਜਾਬਣ ਦੇ ਮੁਕਾਬਲੇ ਵਿਚ ਸਿਮਰਨ ਕੌਰ ਮਿਸ ਪੰਜਾਬਣ ਚੁਣੀ ਗਈ ਜਦਕਿ ਪਲਵੀ ਨੇ ਦੂਜਾ ਸਥਾਨ ਤੇ ਅਭੀਨੰਦਨੀ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਪ੍ਰੋ. ਲਖਵਿੰਦਰਜੀਤ ਕੌਰ ਅਤੇ ਮੇਲੇ ਦੇ ਕਨਵੀਨਰ ਡਾ. ਮਨਬੀਰ ਕੌਰਰ ਡਾ. ਹਰਵਿੰਦਰ ਕੌਰ, ਡਾ. ਕੰਵਲਜੀਤ ਕੌਰ, ਡਾ. ਜਾਨਕੀ ਅਗਰਵਾਲ ਅਤੇ ਡਾ. ਕੁਲਦੀਪ ਕੌਰ ਸਮੇਤ ਸਟਾਫ ਹਾਜ਼ਰ ਸੀ।
ਫਗਵਾੜਾ (ਪੱਤਰ ਪ੍ਰੇਰਕ): ਤੀਆਂ ਦਾ ਤਿਉਹਾਰ ਸਰਕਾਰੀ ਪ੍ਰਾਇਮਰੀ ਸਕੂਲ ਕ੍ਰਿਪਾਲਪੁਰ ਕਲੋਨੀ ਵਿਖੇ ਪਿੰਡ ਦੀਆਂ ਬਜ਼ੁਰਗ ਔਰਤਾਂ ਅਤੇ ਮੁਟਿਆਰਾਂ ਵਲੋਂ ਸਾਂਝੇ ਤੌਰ ਤੇ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਸਰਬੱਤ ਦੇ ਭਲੇ ਤੇ ਵਿਸ਼ਵ ਸਾਂਤੀ ਦੀ ਅਰਦਾਸ ਕੀਤੀ ਗਈ। ਇਸ ਮੌਕੇ ਪਿੰਡ ਦੀਆਂ ਔਰਤਾਂ ਤੇ ਮੁਟਿਆਰਾਂ ਨੇ ਕਿਕਲੀ, ਗਿੱਧਾ, ਬੋਲੀਆਂ ਅਤੇ ਪੰਜਾਬ ਦੇ ਪ੍ਰਸਿੱਧ ਲੋਕਗੀਤ ਰਾਹੀਂ ਰੰਗ ਬੰਨ੍ਹਿਆਂ। ਸਾਉਣ ਦੀਆਂ ਪੀਂਘਾਂ ਵੀ ਪਾਈਆਂ ਗਈਆਂ । ਇਸ ਦੌਰਾਨ ਕਮਲਾ ਨਹਿਰੂ ਮਹਿਲਾ ਕਾਲਜ ਵਿਖੇ ਪੰਜਾਬੀ ਵਿਭਾਗ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਕਾਲਜ ਦੀ ਸਾਬਕਾ ਵਿਦਿਆਰਥਣ ਤੇ ਹਨੂੰਮਤ ਸਕੂਲ ਦੀ ਪ੍ਰਿੰਸੀਪਲ ਆਰਤੀ ਸੋਬਤੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਈ ਤੇ ਪ੍ਰਧਾਨਗੀ ਫਾਰਮੇਸੀ ਅਫ਼ਸਰ ਅਮਿੰਦਰਪ੍ਰੀਤ ਕੌਰ ਰੂਬੀ ਨੇ ਕੀਤੀ।
ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ’ਚ ਤੀਆਂ ਦਾ ਤਿਉਹਾਰ ਮਨਾਇਆ
ਬਟਾਲਾ (ਖੇਤਰੀ ਪ੍ਰਤੀਨਿਧ): ਸ਼ਿਵ ਕੁਮਾਰ ਬਟਾਲਵੀ ਆਡੋਟੋਰੀਅਮ ਵਿਖੇ ਤੀਆਂ ਦਾ ਤਿਉਹਾਰ ਮਹਿਲਾਵਾਂ ਨੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਪਤਨੀ ਸੋਹਿੰਦਰ ਕੌਰ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਪਤਨੀ ਰਾਜਬੀਰ ਕੌਰ ਕਲਸੀ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਉੱਘੀ ਗਾਇਕਾ ਜੋਤੀ ਨੂਰਾਂ ਨੇ ਗਾਇਕੀ ਨਾਲ ਰੰਗ ਬੰਨ੍ਹਿਆਂ। ਸੋਹਿਦਰ ਕੌਰ ਤੇ ਰਾਜਬੀਰ ਕੌਰ ਕਲਸੀ ਨੇ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਦੇ ਮਾਤਾ ਬਲਬੀਰ ਕੌਰ ਕਲਸੀ ਤੋਂ ਇਲਾਵਾ ਅਮਨਪ੍ਰੀਤ ਕੌਰ, ਉੱਤਮਜੀਤ ਕੌਰ, ਇਸਤਰੀ ਚੇਤਨਾ ਸੁਸਾਇਟੀ ਬਟਾਲਾ ਦੀ ਉਪ ਪ੍ਰਧਾਨ ਗੁਰਪ੍ਰੀਤ ਕੌਰ, ਜਨਰਲ ਸਕੱਤਰ ਯੁਵਿਕਾ, ਕਵਲੀਨ ਕੌਰ ਪ੍ਰਬੰਧਕੀ ਸਕੱਤਰ, ਬਚਨ ਕੌਰ ਆਦਿ ਮੌਜੂਦ ਸਨ।