ਵਿਰਾਸਤੀ ਮੇਲਾ: ਪਟਿਆਲਵੀਆਂ ਨੇ ਖਾਣਿਆਂ ਦਾ ਸੁਆਦ ਚਖ਼ਿਆ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 4 ਫਰਵਰੀ
ਪਟਿਆਲਾ ਹੈਰੀਟੇਜ ਫੈਸਟੀਵਲ-2024 ਅਧੀਨ ਅੱਜ ਪਟਿਆਲਾ ਦੇ ਪੁਰਾਤਨ ਤੇ ਇਤਿਹਾਸਕ ਬਾਰਾਂਦਾਰੀ ਬਾਗ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੈਰੀਟੇਜ ਵਾਕ ਕਰਵਾਈ ਗਈ। ਫੂਡ ਫੈਸਟੀਵਲ ਮੌਕੇ ਬਰਕਤ ਆਜੀਵਿਕਾ ਸਵੈ ਸਹਾਇਤਾ ਗਰੁੱਪ ਦੀ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ, ਨਰਿੰਦਰ ਬੀਕਾਨੇਰੀ, ਅੰਬਾਲਾ ਚਾਟ, ਸੁਆਮੀ ਕੁਲਫ਼ੀ, ਮਦਰਾਸੀ ਡੋਸਾ, ਮਨਚੰਦਾ ਸਵੀਟਸ, ਡੂੰਮਾ ਵਾਲੀ ਗਲੀ ਸਾਹਮਣੇ ਆਕਸਫੋਰਡ ਕਾਲਜ ਦੇ ਮਸ਼ਹੂਰ ਕੁਲਚੇ ਤੇ ਚਨਾ ਸੂਪ, ਸਾਧੂ ਰਾਮ ਕਚੌਰੀਆਂ ਵਾਲਾ, ਕਾਲਾ ਚਿਕਨ ਵਾਲਾ ਵੱਲੋਂ ਲਾਈਆਂ ਗਈਆਂ ਸਟਾਲਾਂ ’ਤੇ ਮਿਲ ਰਹੇ ਸੁਆਦਲੇ ਭੋਜਨ ਦਾ ਪਟਿਆਲਵੀਆਂ ਨੇ ਲੁਤਫ਼ ਉਠਾਇਆ।
ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਨੇ ਬਾਗਬਾਨੀ ਵਿਭਾਗ ਵੱਲੋਂ ਬਾਰਾਂਦਰੀ ਬਾਗ ਦੀ ਸਮੁੱਚੀ ਬਨਸਪਤੀ ਦੀ ਮੁਕੰਮਲ ਜਾਣਕਾਰੀ ਦੇਣ ਲਈ ਤਿਆਰ ਕੀਤੀ ਗਈ ਵੈੱਬਸਾਈਟ ‘ਬਾਰਾਂਦਰੀ ਗਾਰਡਨਜ਼ ਪਟਿਆਲਾ ਡਾਟ ਇਨ’ ਨੂੰ ਲਾਂਚ ਕੀਤਾ। ਉਨ੍ਹਾਂ ਦੇ ਨਾਲ ਸਕੱਤਰ ਆਰਟੀਏ ਨਮਨ ਮਾਰਕੰਨ ਤੇ ਐੱਸ.ਡੀ.ਐੱਮ. ਨਾਭਾ ਤਰਸੇਮ ਚੰਦ ਵੀ ਮੌਜੂਦ ਸਨ। ਏਡੀਸੀ ਨਵਰੀਤ ਕੌਰ ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਸੱਭਿਆਚਾਰ ਤੇ ਵਿਰਾਸਤ ਨੂੰ ਸੰਭਾਲਣ ਲਈ ਉਚੇਚੇ ਯਤਨ ਕਰ ਰਹੀ ਹੈ। ਇਸ ਮੌਕੇ ਪਟਿਆਲਾ ਫਾਊਂਡੇਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਵੀ ਸਿੰਘ ਆਹਲੂਵਾਲੀਆ ਨੇ ਬਾਰਾਂਦਰੀ ਗਾਰਡਨਜ਼ ਹੈਰੀਟੇਜ ਵਾਕ ਵਿੱਚ ਪੁੱਜੇ ਮੈਰੀਟੋਰੀਅਸ ਸਕੂਲ, ਸਰਕਾਰੀ ਸਰੀਰਕ ਸਿੱਖਿਆ ਕਾਲਜ, ਪੰਜਾਬੀ ਯੂਨੀਵਰਸਿਟੀ ਤੇ ਥਾਪਰ ਇੰਸਟੀਚਿਊਟ ਦੇ ਵਿਦਿਆਰਥੀਆਂ ਸਮੇਤ ਪਟਿਆਲਵੀਆਂ ਨੂੰ ਬਾਰਾਂਦਰੀ ਬਾਗ ਅਤੇ ਇਥੇ ਲੱਗੇ ਦਰੱਖ਼ਤਾਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ।
ਇਸ ਵਿਰਾਸਤੀ ਸੈਰ ਦੌਰਾਨ ਰਵੀ ਸਿੰਘ ਆਹਲੂਵਾਲੀਆ ਨੇ ਲੀਲਾ ਭਵਨ ਨੇੜੇ ਬਾਰਾਂਦਰੀ ਗਾਰਡਨ ਦੇ ਗੇਟ ਤੋਂ ਸ਼ੁਰੂ ਹੋਕੇ ਬਾਰਾਂਦਰੀ ਗਾਰਡਨ ਦੇ ਅੰਦਰ ਸਥਿਤ ਸ਼ਾਨਦਾਰ ਵਿਰਾਸਤੀ ਦਰੱਖਤਾਂ ਤੇ ਇਮਾਰਤਸਾਜ਼ੀ ਦੇ ਅਜੂਬਿਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਇਸ ਵਿਰਾਸਤ ਦੀ ਸੰਭਾਲ ’ਤੇ ਜ਼ੋਰ ਦਿੱਤਾ। ਮੇਲੇ ਦੇ ਨੋਡਲ ਅਫ਼ਸਰ ਸਕੱਤਰ ਆਰ.ਟੀ.ਏ. ਨਮਨ ਮਾਰਕੰਨ ਅਤੇ ਐਸ.ਡੀ.ਐਮ. ਨਾਭਾ ਤਰਸੇਮ ਚੰਦ ਨੇ ਨਗਰ ਨਿਗਮ, ਬਾਗਬਾਨੀ ਵਿਭਾਗ ਤੇ ਫੂਡ ਐਂਡ ਸਿਵਲ ਸਪਲਾਈਜ਼ ਵਿਭਾਗਾਂ ਨੂੰ ਨਾਲ ਲੈ ਕੇ ਇਸ ਬਾਰਾਂਦਰੀ ਹੈਰੀਟੇਜ ਵਾਕ ਤੇ ਫੂਡ ਫੈਸਟੀਵਲ ਦੇ ਸਮੁੱਚੇ ਪ੍ਰਬੰਧ ਨੇਪਰੇ ਚਾੜ੍ਹਨ ’ਚ ਅਹਿਮ ਭੂਮਿਕਾ ਨਿਭਾਈ।