For the best experience, open
https://m.punjabitribuneonline.com
on your mobile browser.
Advertisement

ਖੰਡਰ ਬਣੀਆਂ ਵਜੀਦਪੁਰਾ ਦੀਆਂ ਵਿਰਾਸਤੀ ਇਮਾਰਤਾਂ

07:24 AM Sep 25, 2024 IST
ਖੰਡਰ ਬਣੀਆਂ ਵਜੀਦਪੁਰਾ ਦੀਆਂ ਵਿਰਾਸਤੀ ਇਮਾਰਤਾਂ
ਮਹਾਰਾਜਾ ਸਰੂਪ ਸਿੰਘ ਦੀ ਸਮਾਧ।
Advertisement

ਗੁਰਨਾਮ ਸਿੰਘ ਅਕੀਦਾ

Advertisement

ਕਦੇ ਜੀਂਦ ਰਿਆਸਤ ਦੇ ਸਕੱਤਰੇਤ ਰਹੇ ਪਟਿਆਲਾ ਤੋਂ ਸਿਰਫ਼ 7 ਕਿਲੋਮੀਟਰ ਦੂਰ ਪੈਂਦੇ ਪਿੰਡ ਵਜੀਦਪੁਰ ਦੇ ਕਿਲ੍ਹੇ ਅਤੇ ਰਾਜੇ ਦੇ ਮਹਿਲ ਖੰਡਰ ਬਣ ਚੁੱਕੇ ਹਨ। ਬਸ ਜੀਂਦ ਰਿਆਸਤ ਦੇ ਰਾਜੇ ਦੀਆਂ ਸ਼ਾਹੀ ਸਮਾਧਾਂ ਹੀ ਬਚੀਆਂ ਹਨ। ਪੁਰਾਤਤਵ ਵਿਭਾਗ ਦੀਆਂ ਨਜ਼ਰਾਂ ਵੀ ਇਸ ਪਿੰਡ ਵੱਲ ਨਹੀਂ ਗਈਆਂ।
ਇਤਿਹਾਸਕ ਤੱਥਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰਾਜਾ ਸਵਰੂਪ ਸਿੰਘ ਉਰਫ਼ ਸਰੂਪ ਸਿੰਘ (30 ਮਈ 1812-26 ਜਨਵਰੀ 1864) ਫੂਲਕੀਆ ਰਾਜਵੰਸ਼ ਦੇ ਜੀਂਦ ਰਿਆਸਤ ਦਾ ਰਾਜਾ ਸੀ ਜਿਸ ਨੇ 1834 ਤੋਂ 1864 ਤੱਕ ਰਾਜ ਕੀਤਾ। ਉਹ ਇੱਕ ਯੋਧੇ ਵਜੋਂ ਆਪਣੀ ਬਹਾਦਰੀ ਲਈ ਮਸ਼ਹੂਰ ਸੀ। ਸਰੂਪ ਸਿੰਘ ਦਾ ਜਨਮ ਵਜੀਦਪੁਰ (ਹੁਣ ਜ਼ਿਲ੍ਹਾ ਪਟਿਆਲਾ) ਵਿੱਚ ਸਰਦਾਰ ਕਰਮ ਸਿੰਘ ਦੇ ਇਕਲੌਤੇ ਪੁੱਤਰ ਵਜੋਂ ਹੋਇਆ। ਕਰਮ ਸਿੰਘ ਜੀਂਦ ਦੇ ਰਾਜਾ ਬਾਗ਼ ਸਿੰਘ ਦਾ ਭਤੀਜਾ ਸੀ।
ਸਰੂਪ ਸਿੰਘ ਦੇ ਦੂਜੇ ਚਚੇਰੇ ਭਰਾ ਜੀਂਦ ਦੇ ਰਾਜਾ ਸੰਗਤ ਸਿੰਘ ਦੀ ਸ਼ਰਾਬ ਦੇ ਨਸ਼ੇ ਕਾਰਨ ਮੌਤ ਹੋ ਗਈ ਸੀ। ਉਸ ਨੇ 12 ਸਾਲਾਂ ਦੇ ਦਮਨਕਾਰੀ ਸ਼ਾਸਨ ਤੋਂ ਬਾਅਦ ਜੀਂਦ ਨੂੰ ਵਿੱਤੀ ਪਤਨ ਦੇ ਕੰਢੇ ’ਤੇ ਲਿਆ ਦਿੱਤਾ ਸੀ। ਉਸ ਦੀ ਕੋਈ ਔਲਾਦ ਨਹੀਂ ਸੀ। ਭਾਰਤ ਸਰਕਾਰ (ਉਸ ਵੇਲੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ) ਨੇ ਸਰੂਪ ਸਿੰਘ ਨੂੰ ਅਗਲੇ ਸ਼ਾਸਕ ਵਜੋਂ ਚੁਣਿਆ।
ਰਾਜਾ ਸਰੂਪ ਸਿੰਘ ਦੇ ਪਿਤਾ ਕਰਮ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਸੇਵਾ ਕੀਤੀ। ਭੂਪ ਸਿੰਘ ਦੀ ਮੌਤ ਤੋਂ ਬਾਅਦ ਕਰਮ ਸਿੰਘ ਨੂੰ ਵਜੀਦਪੁਰ ਦੀ ਜਾਗੀਰ ਦਿੱਤੀ ਗਈ। ਸਰੂਪ ਸਿੰਘ ਨਾਭਾ ਦੇ ਮਹਾਰਾਜਾ ਹੀਰਾ ਸਿੰਘ ਦਾ ਚਚੇਰਾ ਭਰਾ ਸੀ। 1818 ਵਿਚ ਕਰਮ ਸਿੰਘ ਦੀ ਮੌਤ ਹੋ ਗਈ ਅਤੇ ਸਰੂਪ ਸਿੰਘ ਆਪਣੇ ਪਿਤਾ ਦੀ ਥਾਂ ਵਜੀਦਪੁਰ ਦਾ ਸਰਦਾਰ ਬਣਿਆ।
ਐਂਗਲੋ-ਸਿੱਖ ਯੁੱਧ ਦੌਰਾਨ ਸਰੂਪ ਸਿੰਘ ਅੰਗਰੇਜ਼ਾਂ ਦੇ ਪੱਖ ਵਿੱਚ ਲੜਿਆ, ਜਿਸ ਲਈ ਰਾਜਾ ਸਰੂਪ ਸਿੰਘ ਨੂੰ ਅੰਗਰੇਜ਼ਾਂ ਵੱਲੋਂ ਸਨਮਾਨਿਆ ਗਿਆ। ਆਜ਼ਾਦੀ ਦੀ ਪਹਿਲੀ ਜੰਗ ਦੌਰਾਨ ਉਸ ਨੇ ਆਪਣੀਆਂ ਫ਼ੌਜਾਂ ਨੂੰ ਬਾਗ਼ੀਆਂ ਦੇ ਵਿਰੁੱਧ ਲੜਾਈ ਵਿੱਚ ਭੇਜਿਆ। ਉਸ ਨੇ ਕਰਨਾਲ ਵਿੱਚ ਬ੍ਰਿਟਿਸ਼ ਛਾਉਣੀ ਦੀ ਰਾਖੀ ਲਈ ਆਪਣੀਆਂ ਫ਼ੌਜਾਂ ਭੇਜੀਆਂ ਅਤੇ ਮਗਰੋਂ ਅਲੀਪੁਰ ਅਤੇ ਬਦਲੀ-ਕੀ-ਸਰਾਏ ਦੀ ਲੜਾਈ ਵਿੱਚ ਅੰਗਰੇਜ਼ਾਂ ਦੇ ਪੱਖ ਵਿਚ ਲੜਾਈ ਲੜੀ। ਉਹ ਦਿੱਲੀ ਦੀ ਘੇਰਾਬੰਦੀ ਦੌਰਾਨ ਬ੍ਰਿਟਿਸ਼ ਫ਼ੌਜਾਂ ਦੇ ਪੱਖ ਵਿਚ ਲੜਿਆ। ਇਸ ਲਈ ਉਸ ਨੂੰ ਭਾਰਤੀ ਵਿਦਰੋਹ ਮੈਡਲ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ਵੀ ਉਸ ਨੂੰ ਬ੍ਰਿਟਿਸ਼ ਸਰਕਾਰ ਤੋਂ ਕਈ ਖ਼ਿਤਾਬ ਮਿਲੇ। 1860 ਵਿੱਚ ਉਸ ਨੂੰ ਇੱਕ ਹੋਰ ਖ਼ਿਤਾਬ, 11 ਤੋਪਾਂ ਦੀ ਸਲਾਮੀ, 14 ਪਿੰਡ ਅਤੇ ਇੱਕ ਮੁਗ਼ਲ ਰਾਜਕੁਮਾਰ ਅਤੇ ਸ਼ਹਿਜ਼ਾਦਾ ਮਿਰਜ਼ਾ ਅਬੂ ਬਾਕਰ ਦੀ ਦਿੱਲੀ ਦੀ ਜਾਇਦਾਦ ਦਿੱਤੀ ਗਈ ਸੀ।
1863 ਵਿੱਚ ਸਰੂਪ ਸਿੰਘ ਨੂੰ ਆਰਡਰ ਆਫ ਦਿ ਸਟਾਰ ਆਫ ਇੰਡੀਆ ਦਾ ਨਾਈਟ ਕੰਪੇਨੀਅਨ ਨਿਯੁਕਤ ਕੀਤਾ ਗਿਆ। ਅਗਲੇ ਸਾਲ 51 ਸਾਲ ਦੀ ਉਮਰ ਵਿੱਚ 30 ਸਾਲਾਂ ਦੇ ਰਾਜ ਤੋਂ ਬਾਅਦ ਅਚਾਨਕ ਪੇਚਿਸ਼ ਦੀ ਬਿਮਾਰੀ ਕਾਰਨ ਉਸ ਦੀ ਮੌਤ ਹੋ ਗਈ। ਉਸ ਦਾ ਪੁੱਤਰ ਰਘਬੀਰ ਸਿੰਘ ਉਸ ਤੋਂ ਬਾਅਦ ਰਾਜਾ ਬਣਿਆ। ਸਰੂਪ ਸਿੰਘ ਨੇ ਦੋ ਵਿਆਹ ਕੀਤੇ। ਪਹਿਲਾ ਕਿਸੇ ਅਣਜਾਣ ਰਾਜਕੁਮਾਰੀ ਨਾਲ ਅਤੇ ਦੂਜਾ ਰਾਣੀ ਨੰਦ ਕੌਰ ਨਾਲ। ਉਸ ਦੇ ਦੋ ਪੁੱਤਰ ਟਿੱਕਾ ਸ੍ਰੀ ਰਣਧੀਰ ਸਿੰਘ ਅਤੇ ਰਘਬੀਰ ਸਿੰਘ ਸਨ, ਜੋ ਆਪਣੇ ਪਿਤਾ ਸਰੂਪ ਸਿੰਘ ਦੇ ਉੱਤਰਾਅਧਿਕਾਰੀ ਜੀਂਦ ਦੇ ਰਾਜੇ ਬਣੇ। ਰਘਬੀਰ ਸਿੰਘ ਨੇ ਵੀ ਪਿੰਡ ਵਜੀਦਪੁਰ ’ਚ ਆਪਣੀ ਰਿਆਸਤ ਦੇ ਕੰਮਕਾਜ ਚਲਾਏ। ਸਰੂਪ ਸਿੰਘ ਨੂੰ ਅੰਗਰੇਜ਼ਾਂ ਵੱਲੋਂ ਕਈ ਸਿਰਲੇਖ ਤੇ ਸਨਮਾਨ ਦਿੱਤੇ ਗਏ।
ਮਹਾਨ ਕੋਸ਼ ਵਿਚ ਦਰਜ ਹੈ ਕਿ ‘ਸਰੂਪ ਸਿੰਘ ਜੀਂਦ ਦਾ ਪ੍ਰਤਾਪੀ ਰਾਜਾ ਸਰਦਾਰ ਕਰਮ ਸਿੰਘ ਬਜੀਦਪੁਰੀਏ ਦਾ ਪੁੱਤਰ, ਜੋ ਰਾਜਾ ਸੰਗਤ ਸਿੰਘ ਜੀਂਦਪਤਿ ਦੇ ਲਾਵਲਦ ਮਰਨ ਪਰ ਗੱਦੀ ਦਾ ਹੱਕਦਾਰ ਮੰਨਿਆ ਗਿਆ, ਇਹ ਫੱਗਣ ਬਦੀ 2 ਸੰਮਤ 1893 (18 ਮਾਰਚ ਸਨ 1837) ਨੂੰ ਜੀਂਦ ਦੀ ਗੱਦੀ ’ਤੇ ਬੈਠਾ, ਇਹ ਵੱਡਾ ਦਾਨੀ, ਦੂਰੰਦੇਸ਼ ਅਤੇ ਰਾਜਪ੍ਰਬੰਧ ਵਿਚ ਨਿਪੁੰਨ ਸੀ। 1845-46 ਦੀਆਂ ਅੰਗਰੇਜ਼ੀ ਜੰਗਾਂ ਵਿਚ ਇਸ ਨੇ ਸਰਕਾਰ ਬਰਤਾਨੀਆ ਦਾ ਸਾਥ ਦਿੱਤਾ। 1857 ਦੇ ਗਦਰ ਵੇਲੇ ਸਰਕਾਰ ਦੀ ਭਾਰੀ ਸਹਾਇਤਾ ਕੀਤੀ। ਦਿੱਲੀ ਫਤਹਿ ਕਰਨ ਸਮੇਂ ਰਾਜਾ ਸਰੂਪ ਸਿੰਘ ਆਪਣੀ ਫੌਜ ਸਮੇਤ ਮੌਜੂਦ ਸੀ। ਅੰਗਰੇਜ਼ ਸਰਕਾਰ ਨੇ ਇਨ੍ਹਾਂ ਕਾਰਗੁਜ਼ਾਰੀਆਂ ਬਦਲੇ ਰਾਜਾ ਦਾ ਵੱਡਾ ਸਨਮਾਨ ਕੀਤਾ ਅਤੇ ਨਵਾਬ ਝੱਜਰ ਦੇ ਜ਼ਬਤ ਕੀਤੇ ਇਲਾਕੇ ’ਚੋਂ ਦਾਦਰੀ ਦਾ ਪਰਗਨਾ ਜੀਂਦ ਰਾਜ ਨਾਲ ਮਿਲਾ ਦਿੱਤਾ। ਗੁਰਦੁਆਰਾ ਸੀਸਗੰਜ ਦੇ ਪਾਸ ਦੀ ਮਸੀਤ ਸਰਕਾਰ ਅੰਗਰੇਜ਼ੀ ਤੋਂ ਲੈ ਕੇ ਜੋ ਗੁਰਦੁਆਰੇ ਦੀ ਸੇਵਾ ਰਾਜਾ ਸਰੂਪ ਸਿੰਘ ਨੇ ਕੀਤੀ ਹੈ, ਉਹ ਸਿੱਖ ਇਤਿਹਾਸ ਵਿਚ ਸਦਾ ਕਾਇਮ ਰਹੇਗੀ। ਰਾਜਾ ਸਰੂਪ ਸਿੰਘ ਦਾ 26 ਜਨਵਰੀ 1854 ਨੂੰ ਇਕਵੰਜਾ ਵਰ੍ਹੇ ਦੀ ਉਮਰ ਵਿਚ ਬਜੀਦਪੁਰ ਦੇਹਾਂਤ ਹੋਇਆ।’ ਸੀਸਗੰਜ ਗੁਰਦੁਆਰੇ ਦੇ ਇਤਿਹਾਸ ਵਿਚ ਮਹਾਨ ਕੋਸ ਵਿਚ ਦਰਜ ਹੈ ਕਿ ‘ਰਾਜਾ ਸਰੂਪ ਸਿੰਘ ਜੀਂਦਪਤਿ ਨੇ ਸਰਕਾਰ ਤੋਂ ਗੁਰੁਦਆਰੇ ਦੀ ਥਾਂ ਲੈ ਕੇ ਗੁਰਦੁਆਰਾਰਚਿਆ ਅਰ ਜਾਗੀਰ ਲਈ।’ ਭਾਵ ਕਿ ਰਾਜਾ ਸਰੂਪ ਸਿੰਘ ਨੇ ਦਿੱਲੀ ਦਾ ਗੁਰਦੁਆਰਾ ਸੀਸਗੰਜ ਸਾਹਿਬ ਬਣਾਉਣ ਵਿਚ ਅਹਿਮ ਰੋਲ ਨਿਭਾਇਆ।
ਇਸ ਵੇਲੇ ਪਿੰਡ ਵਜੀਦਪੁਰ ਵਿਚ ਰਾਜਾ ਸਰੂਪ ਸਿੰਘ ਦੇ ਮਹਿਲ ਤੇ ਕਿਲ੍ਹੇ ਦੀਆਂ ਸਿਰਫ਼ ਨਿਸ਼ਾਨੀਆਂ ਹੀ ਬਚੀਆਂ ਹਨ। 87 ਸਾਲ ਉਮਰ ਦੇ ਅਮਰ ਸਿੰਘ ਨੇ ਦੱਸਿਆ ਕਿ ਉਸ ਨੇ ਇੱਥੇ ਇਕ ਰਾਜਾ ਆਉਂਦਾ ਦੇਖਿਆ ਹੈ, ਜਿਸ ਨੂੰ ਪਿੰਡ ਦੇ ਲੋਕ ਬੋਲਾ ਰਾਜਾ ਕਹਿੰਦੇ ਸਨ। ਇੱਥੇ ਸ਼ਾਹੀ ਸਮਾਧਾਂ ਦੇ ਕੋਲ ਬਣੇ ਤਲਾਬ ਵਿਚ ਉਨ੍ਹਾਂ ਲੋਕਾਂ ਨੂੰ ਮੱਛੀਆਂ ਫੜਦੇ ਦੇਖਿਆ ਹੈ। ਇਕ ਰਾਜੇ ਦੇ ਮਹਿਲ ਦੀ ਸੰਭਾਲ ਵਰਿਆਮ ਸਿੰਘ ਫੋਰਮੈਨ ਕਰਦਾ ਹੁੰਦਾ ਸੀ ਪਰ ਜਦੋਂ ਹਰਚੰਦ ਸਿੰਘ ਪੰਜਬੇੜੀ ਸੰਸਦ ਮੈਂਬਰ ਬਣੇ ਤਾਂ ਪਿੰਡ ਦੀ ਵਿਰਾਸਤ ਦੀ ਸੰਭਾਲ ਪਟਿਆਲਾ ਦੇ ਡੀਸੀ ਤੋਂ ਹਟਾ ਕੇ ਪਿੰਡ ਦੀ ਪੰਚਾਇਤ ਹਵਾਲੇ ਕਰ ਦਿੱਤੀ ਗਈ। ਲੋਕ ਦੋਸ਼ ਲਾਉਂਦੇ ਹਨ ਉਸ ਵੇਲੇ ਦੇ ਪਿੰਡ ਦੇ ਸਰਪੰਚ ਨੇ ਕਿਲ੍ਹਾ ਢਾਹ ਦਿੱਤਾ ਤੇ ਹੋਰ ਵੀ ਨੁਕਸਾਨ ਕੀਤਾ। ਪਿੰਡ ਦੇ ਆਲੇ-ਦੁਆਲੇ ਬੁਰਜ ਹੁੰਦੇ ਸਨ, ਜਿਨ੍ਹਾਂ ’ਚੋਂ ਇਕ ਬੁਰਜ ਹੀ ਬਚਿਆ ਹੈ। ਉਹ ਬੁਰਜ ਰਾਜੇ ਦੇ ਕਿਲ੍ਹੇ ਦਾ ਸੀ, ਜਿਸ ਦੇ ਢਾਹੁਣ ਤੋਂ ਬਾਅਦ ਉਸ ਥਾਂ ’ਤੇ ਲੋਕਾਂ ਨੇ ਕਬਜ਼ੇ ਕਰ ਲਏ। ਮੌਜੂਦਾ ਸਰਪੰਚ ਨੇ ਲੋਕਾਂ ਦੇ ਕਬਜ਼ੇ ਛੁਡਵਾ ਕੇ ਉਸ ਬੁਰਜ ਨੂੰ ਸੰਭਾਲ ਲਿਆ ਹੈ ਤੇ ਉੱਥੇ ਇਕ ਪਾਰਕ ਬਣਾ ਦਿੱਤਾ ਹੈ। ਚਰਚਾ ਅਨੁਸਾਰ ਰਾਜੇ ਨੇ ਇੱਥੇ ਇਕ ਸੁਰੰਗ ਵੀ ਪੁੱਟੀ ਸੀ। ਸ਼ਾਹੀ ਸਮਾਧਾਂ ਵਿਚ ਰਾਜਾ ਗਜ਼ਪਤ ਸਿੰਘ (ਮਹਾਰਾਜਾ ਰਣਜੀਤ ਸਿੰਘ ਦਾ ਨਾਨਾ), ਮਹਾਰਾਜਾ ਸਰੂਪ ਸਿੰਘ, ਮਹਾਰਾਜਾ ਰਘਬੀਰ ਸਿੰਘ ਦੀਆਂ ਹਨ, ਜਿਨ੍ਹਾਂ ’ਚੋਂ ਕੁਝ ਸਮਾਧਾਂ ਢਹਿ ਢੇਰੀ ਹੋ ਗਈਆਂ ਹਨ। ਲੋਕ ਹੁਣ ਇਨ੍ਹਾਂ ਸਮਾਧਾਂ ਦੀ ਤਿਉਹਾਰਾਂ ਨੂੰ ਪੂਜਾ ਕਰਦੇ ਹਨ।
ਇੱਥੇ ਦੇ ਕਿਸਾਨ ਆਗੂ ਸਤਵੰਤ ਸਿੰਘ ਨੇ ਕਿਹਾ ਕਿ ਇਸ ਪਿੰਡ ਵੱਲ ਨਾ ਤਾਂ ਪੁਰਾਤਤਵ ਵਿਭਾਗ ਦਾ ਧਿਆਨ ਗਿਆ ਹੈ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਦਾ ਧਿਆਨ ਗਿਆ। ਇਸ ਕਰਕੇ ਪਿੰਡ ਦੀ ਵਿਰਾਸਤ ਢਹਿ ਢੇਰੀ ਹੋ ਗਈ ਹੈ। ਇਸ ਪਿੰਡ ਨੇ ਜੀਂਦ ਰਿਆਸਤ ਨੂੰ ਦੋ ਰਾਜੇ ਦਿੱਤੇ ਹਨ। ਇਹ ਰਾਜੇ ਵਜੀਦਪੁਰ ਤੇ ਮਹਿਮਦਪੁਰ ਆਉਂਦੇ-ਜਾਂਦੇ ਸਨ ਤੇ ਬਜ਼ੁਰਗਾਂ ਅਨੁਸਾਰ ਇੱਥੇ ਦੀ ਸ਼ਾਹੀ ਠਾਠ ਦੇਖਣ ਵਾਲੀ ਸੀ। ਪਿੰਡ ਵਿਚਲੇ ਸਕੂਲ ਦੀ ਇਮਾਰਤ ਰਾਜਿਆਂ ਵੇਲੇ ਦੀ ਹੈ, ਜਿਸ ਨੂੰ ਅਸੁਰੱਖਿਅਤ ਕਰਾਰ ਦਿੱਤਾ ਗਿਆ ਹੈ।
ਪਿੰਡ ਦੀ ਵਿਰਾਸਤ ਬਾਰੇ ਕੈਪਟਨ ਅਮਰਿੰਦਰ ਸਿੰਘ ਦੇ ਛੋਟੇ ਭਰਾ ਰਾਜਾ ਮਾਲਵਿੰਦਰ ਸਿੰਘ ਨੇ ਕਿਹਾ ਕਿ ਵਜੀਦਪੁਰ ਵਿਚ ਰਾਜਾ ਸਰੂਪ ਸਿੰਘ ਦੇ ਰਘਬੀਰ ਸਿੰਘ ਨਾਲ ਕਾਫ਼ੀ ਚੰਗੇ ਸਬੰਧ ਸਨ। ਇਸ ਪਾਸੇ ਕਿਲ੍ਹਾ ਹੋਣ ਕਰਕੇ ਪਟਿਆਲਾ ਰਿਆਸਤ ਇਸ ਖੇਤਰ ਤੋਂ ਸੁਰੱਖਿਅਤ ਮੰਨੀ ਜਾਂਦੀ ਸੀ ਪਰ ਇੱਥੇ ਦੀ ਰਿਆਸਤੀ ਇਮਾਰਤਾਂ ਸਰਕਾਰ ਦੀ ਬੇਰੁਖ਼ੀ ਕਾਰਨ ਢਹਿ ਢੇਰੀ ਹੋ ਗਈਆਂ ਹਨ, ਜਿਸ ਦਾ ਉਨ੍ਹਾਂ ਨੂੰ ਅਫ਼ਸੋਸ ਹੈ।
ਸੰਪਰਕ: 81460-01100

Advertisement

Advertisement
Author Image

joginder kumar

View all posts

Advertisement