ਹੈਪੇਟਾਈਟਸ ਤੋਂ ਬਚਾਅ ਸਬੰਧੀ ਜਾਗਰੂਕਤਾ ਵਰਕਸ਼ਾਪ
ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 25 ਜੁਲਾਈ
ਸਿਹਤ ਵਿਭਾਗ ਅੰਮਿਤਸਰ ਵਲੋਂ ‘ਇੱਕ ਲਾਈਫ ਇੱਕ ਲਿਵਰ’ (one life one liver) ਥੀਮ ਨੂੰ ਸਮਰਪਿਤ ‘ਵਿਸ਼ਵ ਹੈਪੇਟਾਈਟਸ ਜਾਗਰੂਕਤਾ ਹਫ਼ਤੇ’ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਦਫ਼ਤਰ ਸਿਵਲ ਸਰਜਨ ਅੰਮ੍ਰਿਤਸਰ ਵਿੱਚ ਕਰਵਾਇਆ ਗਿਆ। ਸਿਵਲ ਸਰਜਨ ਡਾ. ਵਿਜੇ ਕੁਮਾਰ ਨੇ ਦੱਸਿਆ ਕਿ ਇਸ ਬਿਮਾਰੀ ਦੀਆਂ ਹੈਪੇਟਾਈਟਸ ਏ, ਬੀ, ਸੀ, ਡੀ ਅਤੇ ਈ ਪੰਜ ਕਿਸਮਾਂ ਹਨ। ਇਨ੍ਹਾਂ ਵਿੱਚੋਂ ਹੈਪੇਟਾਈਟਸ ਏ ਅਤੇ ਬੀ ਦੀ ਵੈਕਸੀਨ ਮੌਜੂਦ ਹੈ। ਹੈਪੇਟਾਈਟਸ ਸੀ, ਡੀ ਅਤੇ ਈ ਦਾ ਇਲਾਜ ਦਵਾਈਆਂ ਰਾਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਹੈਪੇਟਾਈਟਸ ਇੱਕ ਇਲਾਜ ਯੋਗ ਬਿਮਾਰੀ ਹੈ। ਇਸ ਦੀ ਜਲਦ ਪਛਾਣ ਹੀ, ਇਸ ਦੇ ਪੂਰਨ ਇਲਾਜ ਵਿੱਚ ਮਦਦਗਾਰ ਹੁੰਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹੈਪੇਟਾਈਟਸ ਤੋਂ ਬਚਾਅ ਲਈ ਟੀਕੇ ਦੀਆਂ ਸੂਈਆਂ ਦਾ ਸਾਂਝਾ ਇਸਤਮਾਲ ਨਾ ਕਰੋ, ਰੇਜ਼ਰ ਅਤੇ ਬੁਰਸ਼ ਸਾਂਝੇ ਨਾ ਕੀਤੇ ਜਾਣ, ਟੈਟੂ ਨਾ ਬਣਵਾਏ ਜਾਣ ਆਦਿ। ਐਪੀਡਿਮੋਲੋਜਿਸਟ (ਆਈ.ਡੀ.ਐਸ.ਪੀ) ਡਾ. ਨਵਦੀਪ ਕੌਰ ਨੇ ਕਿਹਾ ਆਈਈਸੀ ਰਾਹੀਂ ਹੈਪੇਟਾਈਟਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ।