For the best experience, open
https://m.punjabitribuneonline.com
on your mobile browser.
Advertisement

ਹੇਮਕੁੰਟ ਸਾਹਿਬ: ਅੰਮ੍ਰਿਤਸਰ ਦੀ ਸ਼ਰਧਾਲੂ ਦੀ ਬਰਫ਼ ਹੇਠਾਂ ਦੱਬ ਕੇ ਮੌਤ

10:39 PM Jun 23, 2023 IST
ਹੇਮਕੁੰਟ ਸਾਹਿਬ  ਅੰਮ੍ਰਿਤਸਰ ਦੀ ਸ਼ਰਧਾਲੂ ਦੀ ਬਰਫ਼ ਹੇਠਾਂ ਦੱਬ ਕੇ ਮੌਤ
Advertisement

ਟ੍ਰਿਬਿਉੂਨ ਨਿਉੂਜ਼ ਸਰਵਿਸ

Advertisement

ਅੰਮ੍ਰਿਤਸਰ, 5 ਜੂਨ

ਮੁੱਖ ਅੰਸ਼

  • ਪੰਜ ਸ਼ਰਧਾਲੂਆਂ ਨੂੰ ਸੁਰੱਖਿਅਤ ਬਚਾਇਆ
  • ਐਤਵਾਰ ਨੂੰ ਗਲੇਸ਼ੀਅਰ ਟੁੱਟਣ ਕਾਰਨ ਵਾਪਰਿਆ ਸੀ ਹਾਦਸਾ

ਉਤਰਾਖੰਡ ਦੇ ਅਟਲਕੋਟੀ ਵਿੱਚ ਐਤਵਾਰ ਸ਼ਾਮ ਨੂੰ ਆਏ ਬਰਫ਼ੀਲੇ ਤੂਫ਼ਾਨ ਕਾਰਨ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਗਏ ਅੰਮ੍ਰਿਤਸਰ ਦੇ ਛੇ ਸ਼ਰਧਾਲੂਆਂ ਦਾ ਸਮੂਹ ਬਰਫ਼ ਹੇਠ ਦੱਬ ਗਿਆ, ਜਿਨ੍ਹਾਂ ਵਿੱਚੋਂ ਪੰਜ ਜਣਿਆਂ ਨੂੰ ਬਚਾ ਲਿਆ ਗਿਆ ਹੈ, ਜਦਕਿ ਅੱਜ ਉਨ੍ਹਾਂ ਵਿੱਚੋਂ ਲਾਪਤਾ ਹੋਈ ਔਰਤ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਚਮੋਲੀ ਦੇ ਸਰਕਲ ਅਫਸਰ ਪ੍ਰਮੋਦ ਸ਼ਾਹ ਨੇ ਦੱਸਿਆ ਕਿ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਮਗਰੋਂ ਵਾਪਸ ਆਉਣ ਵੇਲੇ ਅੰਮ੍ਰਿਤਸਰ ਦੇ ਦੋ ਪਰਿਵਾਰਾਂ ਦਾ ਇੱਕ ਸਮੂਹ ਅਟਲਕੋਟੀ ‘ਚ ਆਏ ਬਰਫੀਲੇ ਤੂਫਾਨ ਦੌਰਾਨ ਗਲੇਸ਼ੀਅਰ ਟੁੱਟਣ ਕਾਰਨ ਬਰਫ਼ ਦੇ ਤੋਦਿਆਂ ਹੇਠ ਦਬ ਗਿਆ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਤੇ ਉਸ ਦੀਆਂ ਦੋਵੇਂ ਧੀਆਂ ਸਮੇਤ ਇੱਕ ਹੋਰ ਜੋੜੇ ਨੂੰ ਸੁਰੱਖਿਅਤ ਬਚਾ ਲਿਆ ਗਿਆ, ਜਦਕਿ ਇੱਕ ਔਰਤ ਲਾਪਤਾ ਹੋ ਗਈ ਸੀ। ਇਸ ਦੌਰਾਨ ਅੱਜ ਰਸਤੇ ਵਿੱਚ ਡਿੱਗੀ ਬਰਫ ਨੂੰ ਹਟਾ ਦਿੱਤਾ ਗਿਆ ਅਤੇ ਯਾਤਰਾ ਨਿਰਵਿਘਨ ਜਾਰੀ ਰਹੀ ਹੈ।

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਬਰਫ਼ ਦੇ ਤੋਦਿਆਂ ਦੀ ਲਪੇਟ ‘ਚ ਆਏ ਵਿਅਕਤੀਆਂ ਨੂੰ ਬਚਾਉਣ ਲਈ ਵਿੱਢੇ ਰਾਹਤ ਕਾਰਜਾਂ ਵਿਚ ਜੁੱਟੇ ਸੁਰੱਖਿਆ ਕਰਮੀ ਤੇ ਆਮ ਲੋਕ।

ਇਸ ਹਾਦਸੇ ਮਗਰੋਂ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ (ਐੱਸਡੀਆਰਐੱਫ) ਅਤੇ ਇੰਡੋ-ਤਿੱਬਤਨ ਬਾਰਡਰ ਪੁਲੀਸ (ਆਈਟੀਬੀਪੀ) ਵੱਲੋਂ ਸਾਂਝੇ ਤੌਰ ‘ਤੇ ਲਾਪਤਾ ਔਰਤ ਦੀ ਭਾਲ ਆਰੰਭੀ ਗਈ, ਜਿਸ ਦੀ ਲਾਸ਼ ਮਿਲ ਗਈ ਹੈ। ਮ੍ਰਿਤਕ ਦੀ ਪਛਾਣ ਕਮਲਜੀਤ ਕੌਰ ਵਜੋਂ ਹੋਈ ਹੈ। ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦੌਰਾਨ ਬਰਫ ਖਿਸਕਣ ਦੀ ਇਹ ਪਹਿਲੀ ਘਟਨਾ ਹੈ। ਇਸ ਵਾਰ ਸ੍ਰੀ ਹੇਮਕੁੰਟ ਸਾਹਿਬ ਵਿੱਚ ਭਾਰੀ ਬਰਫਬਾਰੀ ਹੋਈ ਹੈ। ਪਿਛਲੇ ਕੁਝ ਦਿਨਾਂ ਤੋਂ ਮੌਸਮ ਸਾਫ਼ ਸੀ ਅਤੇ ਧੁੱਪ ਲੱਗ ਰਹੀ ਸੀ, ਜਿਸ ਕਾਰਨ ਇਹ ਬਰਫ ਪਿਘਲ ਕੇ ਹੇਠਾਂ ਖਿਸਕ ਆਈ ਤੇ ਇਹ ਸ਼ਰਧਾਲੂ ਇਸ ਦੀ ਲਪੇਟ ਵਿੱਚ ਆ ਗਏ।

ਗੁਰਦੁਆਰਾ ਸ੍ਰੀ ਗੋਬਿੰਦ ਘਾਟ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਬਰਫ਼ ਖਿਸਕਣ ਦੀ ਇਹ ਘਟਨਾ ਐਤਵਾਰ ਸ਼ਾਮ ਨੂੰ ਲਗਪਗ ਛੇ ਵਜੇ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਉਕਤ 8 ਤੋ 10 ਸ਼ਰਧਾਲੂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੋਂ ਵਾਪਸ ਆਉਣ ਮੌਕੇ ਬਰਫ਼ ਕੋਲ ਤਸਵੀਰਾਂ ਖਿੱਚ ਰਹੇ ਸਨ। ਇਸ ਦੌਰਾਨ ਅਟਲਕੋਟੀ ਗਲੇਸ਼ੀਅਰ ਤੋਂ ਲਗਪਗ 25 ਤੋਂ 30 ਫੁਟ ਘੇਰੇ ਦੀ ਇਹ ਬਰਫ਼ ਹੇਠਾਂ ਖਿਸਕ ਆਈ ਤੇ ਇਹ ਸ਼ਰਧਾਲੂਆਂ ਬਰਫ਼ ਦੀ ਲਪੇਟ ਵਿੱਚ ਆ ਗਏ। ਉਨ੍ਹਾਂ ਦੱਸਿਆ ਕਿ ਇਹ ਸ਼ਰਧਾਲੂ ਔਰਤ 50-60 ਫੁਟ ਹੇਠਾਂ ਚਲੀ ਗਈ ਸੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਜਦੋਂ ਬਰਫ਼ ‘ਚੋਂ ਉਕਤ ਔਰਤ ਨੂੰ ਕੱਢਿਆ ਗਿਆ ਤਾਂ ਉਸ ਵੇਲੇ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਲਾਸ਼ ਨੂੰ ਜੋਸ਼ੀਮੱਠ ਹਸਪਤਾਲ ਵਿਖੇ ਭੇਜਿਆ ਗਿਆ, ਜਿੱਥੇ ਪੋਸਟਮਾਰਟਮ ਮਗਰੋਂ ਲਾਸ਼ ਪਰਿਵਾਰ ਨੂੰ ਸੌਂਪੀ ਜਾਵੇਗੀ। ਉਨ੍ਹਾਂ ਦੱਸਿਆ ਕਿ ਖਿਸਕ ਕੇ ਹੇਠਾਂ ਆਈ ਬਰਫ ਨੂੰ ਰਸਤੇ ਵਿੱਚੋਂ ਸਾਫ਼ ਕਰ ਦਿੱਤਾ ਗਿਆ ਹੈ ਅਤੇ ਰਸਤਾ ਸਾਫ ਕਰਨ ਮਗਰੋਂ ਯਾਤਰਾ ਨਿਰਵਿਘਨ ਜਾਰੀ ਰਹੀ ਹੈ।

Advertisement
Advertisement
Advertisement
×