ਸੁਪਰੀਮ ਕੋਰਟ ਵੱਲੋਂ ਹੇਮੰਤ ਸੋਰੇਨ ਦੀ ਝਾੜ-ਝੰਬ
ਨਵੀਂ ਦਿੱਲੀ, 22 ਮਈ
ਸੁਪਰੀਮ ਕੋਰਟ ਨੇ ਮਨੀ ਲਾਂਡਰਿੰਗ ਕੇੇਸ ਵਿਚ ਟਰਾਇਲ ਕੋਰਟ ਵਿਚ ਦਾਇਰ ਨਿਯਮਤ ਜ਼ਮਾਨਤ ਅਰਜ਼ੀ ਬਾਰੇ ‘ਤੱਥ ਛੁਪਾਉਣ’ ਨੂੰ ਲੈ ਕੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਝਾੜ-ਝੰਬ ਕੀਤੀ ਹੈ, ਜਿਸ ਮਗਰੋਂ ਝਾਰਖੰਡ ਮੁਕਤੀ ਆਗੂ ਨੇ ਐੱਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਆਪਣੀ ਗ੍ਰਿਫ਼ਤਾਰੀ ਨੂੰ ਚੁਣੌਤੀ ਦਿੰਦੀ ਪਟੀਸ਼ਨ ਵਾਪਸ ਲੈ ਲਈ। ਜਸਟਿਸ ਦੀਪਾਂਕਰ ਦੱਤਾ ਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੇ ਵੈਕੇਸ਼ਨ ਬੈਂਚ ਨੇ ਸੋਰੇਨ ਵੱਲੋਂ ਪੇਸ਼ ਵਕੀਲ ਕਪਿੱਲ ਸਿੱਬਲ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕੋਰਟ ਕੇਸ ਦੀ ਤਫ਼ਸੀਲ ਵਿਚ ਗਈ ਤਾਂ ਇਹ ਸਾਬਕਾ ਮੁੱਖ ਮੰਤਰੀ ਲਈ ‘ਨੁਕਸਾਨਦੇਹ’ ਹੋਵੇਗਾ। ਕੋਰਟ ਨੇ ਸਿੱਬਲ ਨੂੰ ਪਟੀਸ਼ਨ ਵਾਪਸ ਲੈਣ ਦੀ ਖੁੱਲ੍ਹ ਦੇ ਦਿੱਤੀ।
ਪਟੀਸ਼ਨ ’ਤੇ ਸੁੁਣਵਾਈ ਦੌਰਾਨ ਸਿੱਬਲ ਨੇ ਜਦੋਂ ਇਹ ਕਹਿੰਦਿਆਂ ਸੋਰੇਨ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਤਾਂ ਹਿਰਾਸਤ ਵਿਚ ਹੈ ਤੇ ਉਸ ਨੂੰ ਕੋਰਟਾਂ ਵਿਚ ਦਾਇਰ ਪਟੀਸ਼ਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ, ਬੈਂਚ ਨੇ ਸਿੱਬਲ ਨੂੰ ਕਿਹਾ, ‘‘ਤੁਹਾਡਾ ਵਤੀਰਾ ਸਭ ਕੁਝ ਬੋਲਦਾ ਹੈ। ਅਸੀਂ ਆਸ ਕੀਤੀ ਸੀ ਕਿ ਤੁਹਾਡਾ ਮੁਵੱਕਿਲ ਸਾਫ਼ਦਿਲੀ ਨਾਲ ਆਏਗਾ, ਪਰ ਤੁਸੀਂ ਕੇਸ ਨਾਲ ਜੁੜੇ ਤੱਥ ਲੁਕਾਏ। ਤੁਹਾਡਾ ਵਿਹਾਰ ਦਾਗ ਰਹਿਤ ਨਹੀਂ ਹੈ।’’ ਬੈਂਚ ਨੇ ਕਿਹਾ, ‘‘ਉਹ(ਸੋਰੇਨ) ਕੋਈ ਸਾਧਾਰਨ ਵਿਅਕਤੀ ਨਹੀਂ ਹੈ।’’ ਬੈਂਚ ਨੇ ਕਿਹਾ ਕਿ ਉਹ ਕੇਸ ਦੇ ਗੁਣ-ਦੋਸ਼ਾਂ ਵਿਚ ਜਾਏ ਬਿਨਾਂ ਗ੍ਰਿਫ਼ਤਾਰੀ ਖਿਲਾਫ਼ ਦਾਇਰ ਪਟੀਸ਼ਨ ਰੱਦ ਕਰ ਦੇੇਵੇਗੀ। ਇਸ ਮਗਰੋਂ ਸਿੱਬਲ ਪਟੀਸ਼ਨ ਵਾਪਸ ਲੈਣ ਲਈ ਸਹਿਮਤ ਹੋ ਗਏ ਤੇ ਬੈਂਚ ਨੇ ਇਸ ਦੀ ਇਜਾਜ਼ਤ ਦੇ ਦਿੱਤੀ।
ਇਸ ਤੋਂ ਪਹਿਲਾਂ ਈਡੀ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਝਾਰਖੰਡ ਹਾਈ ਕੋਰਟ ਨੇ ਸੋਰੇਨ ਦੀ 31 ਜਨਵਰੀ ਦੀ ਗ੍ਰਿਫ਼ਤਾਰੀ ਨੂੰ ਬਰਕਰਾਰ ਰੱਖਿਆ ਸੀ ਤੇ ਟਰਾਇਲ ਕੋਰਟ ਨੇ ਸਾਬਕਾ ਮੁੱਖ ਮੰਤਰੀ ਦੀ ਨਿਯਮਤ ਜ਼ਮਾਨਤ ਅਰਜ਼ੀ 13 ਮਈ ਨੂੰ ਰੱਦ ਕਰ ਦਿੱਤੀ ਸੀ। ਸੋਰੇਨ ਨੇ ਸੁਪਰੀਮ ਕੋਰਟ ਵੱਲੋਂ ਕੇਜਰੀਵਾਲ ਨੂੰ ਦਿੱਤੀ ਅੰਤਰਿਮ ਜ਼ਮਾਨਤ ਦੇ ਹਵਾਲੇ ਨਾਲ ਆਪਣੇ ਲਈ ਵੀ ਮਿਲਦੀ ਜੁਲਦੀ ਰਾਹਤ ਮੰਗੀ ਸੀ। ਈਡੀ ਵੱਲੋਂ ਪੇਸ਼ ਵਧੀਕ ਸੌਲੀਸਿਟਰ ਜਨਰਲ ਐੱਸ.ਵੀ.ਰਾਜੂ ਨੇ ਹਾਲਾਂਕਿ ਸੋਰੇਨ ਦੀ ਇਸ ਦਲੀਲ ਦਾ ਇਹ ਕਹਿੰਦਿਆਂ ਵਿਰੋਧ ਕੀਤਾ ਕਿ ਇਹ ਕੇਸ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲੋਂ ਵੱਖਰਾ ਹੈ। -ਪੀਟੀਆਈ