Hemant Soren: ਹੇਮੰਤ ਸੋਰੇਨ ਨੇ ਝਾਰਖੰਡ ਦੇ 14ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ
ਰਾਂਚੀ, 28 ਨਵੰਬਰ
ਝਾਰਖੰਡ ਮੁਕਤੀ ਮੋਰਚਾ (JMM) ਦੇ ਆਗੂ ਹੇਮੰਤ ਸੋਰੇਨ ਨੇ ਵੀਰਵਾਰ ਨੂੰ ਇੱਥੇ ਇਕ ਸ਼ਾਨਦਾਰ ਸਮਾਗਮ ਦੌਰਾਨ ਝਾਰਖੰਡ ਦੇ 14ਵੇਂ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਇਸ 49 ਸਾਲਾ ਆਦਿਵਾਸੀ ਆਗੂ ਨੂੰ ਝਾਰਖੰਡ ਦੇ ਰਾਜਪਾਲ ਸੰਤੋਸ਼ ਕੁਮਾਰ ਗੰਗਵਾਰ ਨੇ ਮੁੱਖ ਮੰਤਰੀ ਵਜੋਂ ਅਹੁਦੇ ਤੇ ਰਾਜ਼ਦਾਰੀ ਦੀ ਸਹੁੰ ਚੁਕਾਈ। ਇਸ ਦੇ ਨਾਲ ਹੀ ਹੇਮੰਤ ਸੋਰੇਨ ਚੌਥੀ ਵਾਰ ਝਾਰਖੰਡ ਦੇ ਮੁੱਖ ਮੰਤਰੀ ਬਣਨ ਵਾਲੇ ਸੂਬੇ ਦੇ ਪਹਿਲੇ ਆਗੂ ਬਣ ਗਏ ਹਨ।
ਹਫ਼ਦਾਰੀ ਸਮਾਗਮ ਸੂਬੇ ਦੀ ਰਾਜਧਾਨੀ ਰਾਂਚੀ ਦੇ ਮੋਰਾਬਾਦੀ ਮੈਦਾਨ ਵਿੱਚ ਹੋਇਆ, ਜਿਸ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ‘ਆਪ’ ਆਗੂ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਅਖਿਲੇਸ਼ ਯਾਦਵ, ਤੇਜਸਵੀ ਯਾਦਵ ਸਣੇ ‘ਇੰਡੀਆ’ ਗੱਠਜੋੜ ਦੇ ਵੱਡੀ ਗਿਣਤੀ ਆਗੂ ਮੌਜੂਦ ਸਨ।
ਸਹੁੰ ਚੁੱਕਣ ਪੁੱਜੇ ਹੇਮੰਤ ਸੋਰੇਨ ਨੇ ਕੁੜਤਾ ਅਤੇ ਪਜ਼ਾਮਾ ਪਹਿਨਿਆ ਹੋਇਆ ਸੀ। ਉਹ ਹਲਫ਼ ਲੈਣ ਤੋਂ ਪਹਿਲਾਂ ਜੇਐਮਐਮ ਦੇ ਪ੍ਰਧਾਨ ਅਤੇ ਆਪਣੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਮਿਲੇ। ਇਸ ਮੌਕੇ ਹੇਮੰਤ ਸੋਰੇਨ ਦੇ ਪਿਤਾ ਸ਼ਿਬੂ ਸੋਰੇਨ, ਉਨ੍ਹਾਂ ਦੀ ਮਾਂ ਰੂਪੀ ਸੋਰੇਨ ਅਤੇ ਉਨ੍ਹਾਂ ਦੀ ਪਤਨੀ ਕਲਪਨਾ ਸੋਰੇਨ ਆਦਿ ਸਟੇਜ 'ਤੇ ਮੌਜੂਦ ਸਨ।
ਜੇਐਮਐਮ ਆਗੂ ਦਾ ਮੁੱਖ ਮੰਤਰੀ ਵਜੋਂ ਇਹ ਚੌਥਾ ਕਾਰਜਕਾਲ ਹੈ। ਹੇਮੰਤ ਸੋਰੇਨ ਨੇ ਹਾਲੀਆ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਗਮਲੀਏਲ ਹੇਮਬਰੌਮ ਨੂੰ 39,791 ਵੋਟਾਂ ਦੇ ਫਰਕ ਨਾਲ ਹਰਾ ਕੇ ਆਪਣੀ ਐੱਸਟੀ ਰਾਖਵੀਂ ਬਰਹੈਤ ਸੀਟ ਬਰਕਰਾਰ ਰੱਖੀ ਹੈ। ਜੇਐਮਐਮ ਦੀ ਅਗਵਾਈ ਵਾਲੇ ਗਠਜੋੜ ਨੇ 81 ਮੈਂਬਰੀ ਝਾਰਖੰਡ ਵਿਧਾਨ ਸਭਾ ਵਿੱਚ 56 ਸੀਟਾਂ ਜਿੱਤ ਕੇ ਜਿੱਤ ਦਰਜ ਕੀਤੀ, ਜਦੋਂ ਕਿ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਨੂੰ 24 ਸੀਟਾਂ ਉਤੇ ਹੀ ਸਬਰ ਕਰਨਾ ਪਿਆ। ਹਾਕਮ ਗੱਠਜੋੜ ਵਿਚ ਜੇਐਮਐਮ, ਕਾਂਗਰਸ, ਰਾਸ਼ਟਰੀ ਜਨਤਾ ਦਲ (RJD) ਅਤੇ ਸੀਪੀਆਈ (ਐਮਐਲ) ਸ਼ਾਮਲ ਹਨ।
ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਸ਼ਾਨਦਾਰ ਸੱਭਿਆਚਾਰਕ ਪੇਸ਼ ਕੀਤਾ ਗਿਆ। ਇਸ ਵਿਚ ਝਾਰਖੰਡ ਭਰ ਦੇ ਲੋਕ ਕਲਾਕਾਰਾਂ ਨੇ ਸੂਬੇ ਦੇ ਰੰਗ-ਬਰੰਗੇ ਸੱਭਿਆਚਾਰ ਨਾਲ ਸਬੰਧਤ ਕਲਾ ਵੰਨਗੀਆਂ ਦੀ ਪੇਸ਼ਕਾਰੀ ਕੀਤੀ। -ਪੀਟੀਆਈ