ਈਡੀ ਵੱਲੋਂ ਹੇਮੰਤ ਸੋਰੇਨ ਗ੍ਰਿਫ਼ਤਾਰ
* ਚੰਪਈ ਸੋਰੇਨ ਵੱਲੋਂ 47 ਵਿਧਾਇਕਾਂ ਦੀ ਹਮਾਇਤ ਨਾਲ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼
* ਸੋਰੇਨ ਨੂੰ ਅਸਤੀਫੇ ਲਈ ਮਜਬੂਰ ਕਰਨਾ ਸੰਘਵਾਦ ਲਈ ਝਟਕਾ: ਕਾਂਗਰਸ
ਰਾਂਚੀ (ਝਾਰਖੰਡ), 31 ਜਨਵਰੀ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਥਿਤ ਜ਼ਮੀਨ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਅੱਜ ਸੱਤ ਘੰਟੇ ਦੀ ਪੁੱਛ-ਪੜਤਾਲ ਮਗਰੋਂ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੇ ਆਗੂ ਹੇਮੰਤ ਸੋਰੇਨ ਨੂੰ ਗ੍ਰਿਫ਼ਤਾਰ ਕਰ ਲਿਆ। ਉਂਜ ਗ੍ਰਿਫ਼ਤਾਰੀ ਤੋਂ ਪਹਿਲਾਂ ਸੋਰੇਨ ਨੇ ਰਾਜ ਭਵਨ ਜਾ ਕੇ ਰਾਜਪਾਲ ਸੀ.ਪੀ.ਰਾਧਾਕ੍ਰਿਸ਼ਨਨ ਨੂੰ ਮੁੱਖ ਮੰਤਰੀ ਵਜੋਂ ਆਪਣਾ ਅਸਤੀਫ਼ਾ ਸੌਂਪਿਆ। ਈਡੀ ਦੀ ਟੀਮ ਮਗਰੋਂ ਉਨ੍ਹਾਂ ਨੂੰ ਆਪਣੇ ਦਫ਼ਤਰ ਲੈ ਗਈ। ਉਧਰ ਬਦਲਦੇ ਸਿਆਸੀ ਘਟਨਾਕ੍ਰਮ ਦਰਮਿਆਨ ਜੇਐੱਮਐੱਮ ਵਿਧਾਇਕਾਂ ਨੇ ਬੈਠਕ ਕਰਕੇ ਚੰਪਈ ਸੋਰੇਨ ਨੂੰ ਪਾਰਟੀ ਵਿਧਾਇਕ ਦਲ ਦਾ ਆਗੂ ਚੁਣ ਲਿਆ। ਉਪਰੰਤ ਚੰਪਈ ਸੋਰੇਨ ਪਾਰਟੀ ਵਿਧਾਇਕਾਂ ਨੂੰ ਨਾਲ ਲੈ ਕੇ ਰਾਜ ਭਵਨ ਪੁੱਜ ਗਏ ਤੇ ਉਨ੍ਹਾਂ 47 ਵਿਧਾਇਕਾਂ ਦੀ ਹਮਾਇਤ ਵਾਲਾ ਪੱਤਰ ਰਾਜਪਾਲ ਨੂੰ ਸੌਂਪਦਿਆਂ ਝਾਰਖੰਡ ਵਿੱਚ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ। ਝਾਰਖੰਡ ਅਸੈਂਬਲੀ ’ਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਆਲਮਗੀਰ ਆਲਮ ਨੇ ਕਿਹਾ, ‘‘ਅਸੀਂ ਰਾਜਪਾਲ ਨੂੰ 43 ਵਿਧਾਇਕਾਂ ਦੀ ਹਮਾਇਤ ਵਾਲਾ ਪੱਤਰ ਸੌਂਪਿਆ ਹੈ। ਰਾਜਪਾਲ ਨੇ ਸਾਨੂੰ ਸੱਦਾ ਦੇਣ ਦਾ ਭਰੋੋਸਾ ਦਿੱਤਾ ਹੈ।’’
ਉਧਰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਮਗਰ ਈਡੀ ਨੂੰ ਲਾ ਕੇ ਉਨ੍ਹਾਂ ਨੂੰ ਅਸਤੀਫੇ ਲਈ ਮਜਬੂਰ ਕਰਨਾ ‘ਸੰਘਵਾਦ ਲਈ ਝਟਕਾ ਹੈ।’ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਈਡੀ, ਸੀਬੀਆਈ ਵਰਗੀਆਂ ਏਜੰਸੀਆਂ ਹੁਣ ਸਰਕਾਰ ਦੀਆਂ ਏਜੰਸੀਆਂ ਨਹੀਂ ਰਹੀਆਂ ਬਲਕਿ ‘ਵਿਰੋਧੀ ਧਿਰ ਨੂੰ ਮਿਟਾਉਣ ਲਈ ਭਾਜਪਾ ਦਾ ਸੈੱਲ ਬਣ ਚੁੱਕੀਆਂ ਹਨ।’ ਖੜਗੇ ਨੇ ਕਿਹਾ, ‘ਜੋ ਮੋਦੀ ਜੀ ਨਾਲ ਨਹੀਂ ਜਾਵੇਗਾ, ਉਹ ਜੇਲ੍ਹ ਜਾਵੇਗਾ।’ ਜਦਕਿ ਭਾਜਪਾ ਨੇ ਇਸ ਨੂੰ ਵਿਰੋਧੀ ਧਿਰਾਂ ਦੇ ਗੁੱਟ ‘ਇੰਡੀਆ’ ਦੀ ਟੋਪੀ ’ਚ ‘ਭ੍ਰਿਸ਼ਟਾਚਾਰ ਦਾ ਇਕ ਹੋਰ ਖੰਭ ਕਰਾਰ ਦਿੱਤਾ।’
ਇਸ ਤੋਂ ਪਹਿਲਾਂ ਹੇਮੰਤ ਸੋਰੇਨ ਨੇ ਈਡੀ ਦੀ ਪੁੱਛ-ਪੜਤਾਲ ਮਗਰੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਰਾਜਪਾਲ ਰਾਧਾਕ੍ਰਿਸ਼ਨਨ ਨੂੰ ਅਸਤੀਫ਼ਾ ਸੌਂਪਣ ਮੌਕੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਆਲਮਗੀਰ ਆਲਮ, ਕਿਰਤ ਮੰਤਰੀ ਸੱਤਿਆਨੰਦ ਭੋਕਤਾ, ਚੰਪਈ ਸੋਰੇਨ ਤੇ ਵਿਧਾਇਕ ਪ੍ਰਦੀਪ ਯਾਦਵ ਤੇ ਵਿਨੋਦ ਕੁਮਾਰ ਸਿੰਘ ਵੀ ਸੋਰੇਨ ਨਾਲ ਮੌਜੂਦ ਸਨ। ਰਾਜਪਾਲ ਨੇ ਕਿਹਾ ਕਿ ਉਨ੍ਹਾਂ ਹੇਮੰਤ ਸੋਰੇਨ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ। ਸੂਤਰਾਂ ਨੇ ਦਾਅਵਾ ਕੀਤਾ ਕਿ 48 ਸਾਲਾ ਸੋਰੇਨ ਪੁੱਛ-ਪੜਤਾਲ ਦੌਰਾਨ ਸਵਾਲਾਂ ਦੇ ਜਵਾਬ ਦੇਣ ਵਿੱਚ ‘ਟਾਲ ਮਟੋਲ’ ਕਰ ਰਹੇ ਸਨ, ਜਿਸ ਕਰਕੇ ਉਨ੍ਹਾਂ ਨੂੰ ਪੀਐੱਮਐੱਲਏ ਤਹਿਤ ਹਿਰਾਸਤ ਵਿੱਚ ਲੈ ਲਿਆ ਗਿਆ। ਸੂਤਰਾਂ ਮੁਤਾਬਕ ਈਡੀ ਸੋਰੇਨ ਨੂੰ ਵਿਸ਼ੇਸ਼ ਪੀਐੱਮਐੱਲਏ ਕੋਰਟ ਵਿਚ ਪੇਸ਼ ਕਰਕੇ ਹਿਰਾਸਤੀ ਪੁੱਛਗਿੱਛ ਲਈ ਰਿਮਾਂਡ ਦੀ ਮੰਗ ਕਰ ਸਕਦੀ ਹੈ।
ਸੂਤਰਾਂ ਨੇ ਕਿਹਾ ਕਿ ਏਜੰਸੀ ਨੇ ਅੱਜ ਸੋਰੇਨ ਦੀ ਰਾਂਚੀ ਸਥਿਤ ਰਿਹਾਇਸ਼ ’ਤੇ ਦੂਜੇ ਗੇੜ ਦੀ ਪੁੱਛਗਿੱਛ ਦੌਰਾਨ 15 ਸਵਾਲ ਕੀਤੇ ਸਨ। ਇਸ ਤੋਂ ਪਹਿਲਾਂ 20 ਜਨਵਰੀ ਨੂੰ ਵੀ ਸੋਰੇਨ ਤੋਂ ਸਵਾਲ ਕੀਤੇ ਗਏ ਸਨ। ਏਜੰਸੀ ਨੇ ਜੇਐੱਮਐੱਮ ਆਗੂ ਨੂੰ ਹਿਰਾਸਤ ਵਿਚ ਲੈਣ ਤੋਂ ਪਹਿਲਾਂ ਰਿਕਾਰਡ ਕੀਤੇ ਬਿਆਨਾਂ ਦੀ ਟਾਈਪ ਕੀਤੀ ਕਾਪੀ ’ਤੇ ਦਸਤਖ਼ਤ ਕਰਨ ਲਈ ਕਿਹਾ ਸੀ। ਸੋਰੇਨ ਨੇ ਦਸਤਾਵੇਜ਼ਾਂ ’ਤੇ ਸਹੀ ਪਾਈ ਜਾਂ ਨਹੀਂ, ਇਸ ਬਾਰੇ ਕੁਝ ਵੀ ਸਪਸ਼ਟ ਨਹੀਂ। ਈਡੀ ਲੈਂਡ ਮਾਫ਼ੀਆ ਦੀ ਸ਼ਮੂਲੀਅਤ ਵਾਲੇ ਇਸ ਕਥਿਤ ਜ਼ਮੀਨ ਘੁਟਾਲੇ ਵਿਚ ਹੁਣ ਤੱਕ 14 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜਿਨ੍ਹਾਂ ਵਿਚ 2011 ਬੈਚ ਦੇ ਆਈਏਐੱਸ ਅਧਿਕਾਰੀ ਛਵੀ ਰੰਜਨ ਵੀ ਸ਼ਾਮਲ ਹਨ। ਈਡੀ ਦਾ ਦਾਅਵਾ ਹੈ ਕਿ ਜ਼ਮੀਨ ਦੀ ਖਰੀਦੋ ਫਰੋਖਤ ਮੌਕੇ ਸਰਕਾਰੀ ਰਿਕਾਰਡ ਨਾਲ ਵੀ ਛੇੇੜਛਾੜ ਕੀਤੀ ਗਈ।
ਉਧਰ ਜੇਐੱਮਐੱਮ ਦੇ ਸੰਸਦ ਮੈਂਬਰ ਮਹੂਆ ਮਾਜੀ ਨੇ ਰਾਜ ਭਵਨ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ, ‘ਚੰਪਈ ਸੋਰੇਨ ਨਵੇਂ ਮੁੱਖ ਮੰਤਰੀ ਹੋਣਗੇ...ਸਾਡੇ ਕੋਲ ਲੋੜੀਂਦਾ ਬਹੁਮਤ ਹੈ।’’ ਝਾਰਖੰਡ ਵਿੱਚ ਜੇਐੱਮਐੱਮ ਦੀ ਅਗਵਾਈ ਵਿੱਚ ਗੱਠਜੋੜ ਸਰਕਾਰ ਹੈ, ਜਿਸ ਵਿਚ ਕਾਂਗਰਸ ਵੀ ਸ਼ਾਮਲ ਹੈ। ਜੇਐੱਮਐੱਮ ਆਗੂ ਤੇ ਮੰਤਰੀ ਬਾਨਾ ਗੁਪਤਾ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਅਸੀਂ ਚੰਪਈ ਸੋਰੇਨ ਨੂੰ ਪਾਰਟੀ ਵਿਧਾਇਕ ਦਲ ਦਾ ਆਗੂ ਚੁਣਿਆ ਹੈ। ਅਸੀਂ ਰਾਜਪਾਲ ਨੂੰ ਮਿਲ ਕੇ ਹਲਫ਼ਦਾਰੀ ਸਮਾਗਮ ਲਈ ਅਪੀਲ ਕੀਤੀ ਹੈ।’’
ਇਸ ਦੌਰਾਨ ਰਾਂਚੀ ਵਿਚ ਅੱਜ ਸਾਰਾ ਦਿਨ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਵੱਡੀ ਗਿਣਤੀ ਪੁਲੀਸ ਬਲ ਤਾਇਨਾਤ ਰਹੇ। ਜੇਐੱਮਐੱਮ ਵਰਕਰਾਂ ਦੇ ਸੰਭਾਵੀ ਰੋਸ ਪ੍ਰਦਰਸ਼ਨਾਂ ਤੇ ਰੈਲੀਆਂ ਦੇ ਮੱਦੇਨਜ਼ਰ ਸੀਐੱਮ ਦੀ ਰਿਹਾਇਸ਼, ਰਾਜ ਭਵਨ ਤੇ ਈਡੀ ਦਫ਼ਤਰ ਦੇ ਬਾਹਰ 100 ਮੀਟਰ ਦੇ ਘੇਰੇ ਵਿੱਚ ਧਾਰਾ 144 ਲਾਗੂ ਰਹੀ। ਕਾਬਿਲੇਗੌਰ ਹੈ ਕਿ ਈਡੀ ਦੀ ਟੀਮ ਨੇ ਸੋਮਵਾਰ ਨੂੰ ਮੁੱਖ ਮੰਤਰੀ ਸੋਰੇਨ ਦੀ ਦਿੱਲੀ ਸਥਿਤ ਰਿਹਾਇਸ਼ ’ਤੇੇ ਛਾਪਾ ਮਾਰਿਆ ਸੀ, ਹਾਲਾਂਕਿ ਸੋਰੇਨ ਉਦੋਂ ਉਥੇ ਮੌਜੂਦ ਨਹੀਂ ਸਨ। ਏਜੰਸੀ ਨੇ ਰਿਹਾਇਸ਼ ’ਚੋਂ 36 ਲੱਖ ਰੁਪਏ ਦੀ ਨਗ਼ਦੀ, ਦੋ ਐੱਸਯੂਵੀ ਕਾਰਾਂ ਤੇ ਹੋਰ ਅਹਿਮ ਦਸਤਾਵੇਜ਼ ਕਬਜ਼ੇ ਵਿੱਚ ਲੈਣ ਦਾ ਦਾਅਵਾ ਕੀਤਾ ਸੀ। ਚੇਤੇ ਰਹੇ ਕਿ ਐਤਵਾਰ ਰਾਤ ਨੂੰ ਦਿੱਲੀ ਲਈ ਰਵਾਨਾ ਹੋਣ ਮਗਰੋਂ ਹੇਮੰਤ ਸੋਰੇਨ ਗਾਇਬ ਹੋ ਗਏ ਸਨ। ਸੋਮਵਾਰ ਨੂੰ ਪੂਰਾ ਦਿਨ ਲਾਪਤਾ ਰਹਿਣ ਮਗਰੋੋਂ ਸੋਰੇਨ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਰਾਂਚੀ ਪਰਤ ਆਏ ਸਨ। ਸੋਰੇਨ ਨੇ ਸੰਭਾਵੀ ਗ੍ਰਿਫ਼ਤਾਰੀ ਦੇ ਮੱਦੇਨਜ਼ਰ ਮੰਗਲਵਾਰ ਨੂੰ ਪਾਰਟੀ ਵਿਧਾਇਕਾਂ ਤੇ ਮੰਤਰੀਆਂ ਨਾਲ ਬੈਠਕ ਕਰਕੇ ਅਗਲੇਰੀ ਰਣਨੀਤੀ ਬਾਰੇ ਚਰਚਾ ਕੀਤੀ ਸੀ। ਇਸ ਬੈਠਕ ਵਿਚ ਸੋਰੇਨ ਦੀ ਪਤਨੀ ਕਲਪਨਾ ਸੋਰੇਨ ਵੀ ਮੌਜੂਦ ਸੀ। -ਪੀਟੀਆਈ
ਸੋਰੇਨ ਵੱਲੋਂ ਰਾਂਚੀ ਦੇ ਐੱਸਸੀ/ਐੱਸਟੀ ਥਾਣੇ ’ਚ ਈਡੀ ਅਧਿਕਾਰੀਆਂ ਵਿਰੁੱਧ ਐੱਫਆਈਆਰ
ਰਾਂਚੀ: ਹੇਮੰਤ ਸੋਰੇਨ ਨੇ ਆਪਣੀ ਦਿੱਲੀ ਰਿਹਾਇਸ਼ ਦੀ ਤਲਾਸ਼ੀ ਲੈਣ ਵਾਲੇ ਸੀਨੀਅਰ ਈਡੀ ਅਧਿਕਾਰੀਆਂ ਵਿਰੁੱਧ ਰਾਂਚੀ ਦੇ ਐੱਸਸੀ/ਐੱਸਟੀ ਥਾਣੇ ਵਿਚ ਐਫਆਈਆਰ ਦਰਜ ਕਰਵਾਈ ਹੈ। ਸੋਰੇਨ ਨੇ ਦੋਸ਼ ਲਾਇਆ ਹੈ ਕਿ ਈਡੀ ਨੇ ਦਿੱਲੀ ਵਿਚ ਉਨ੍ਹਾਂ ਦੀ ਰਿਹਾਇਸ਼ ਉਤੇ ਛਾਪਾ ਮਾਰ ਕੇ ‘ਉਨ੍ਹਾਂ ਤੇ ਉਨ੍ਹਾਂ ਦੇ ਪੂਰੇ ਸਮਾਜ ਨੂੰ ਜ਼ਲੀਲ ਤੇ ਪ੍ਰੇਸ਼ਾਨ ਕੀਤਾ ਹੈ। ਸੋਰੇਨ ਨੇ ਕਿਹਾ, ‘ਇਸ ਕਾਰਨ ਮੈਨੂੰ ਤੇ ਮੇਰੇ ਪਰਿਵਾਰ ਨੂੰ ਬਹੁਤ ਮਾਨਸਿਕ, ਮਨੋਵਿਗਿਆਨਕ ਤੇ ਜਜ਼ਬਾਤੀ ਠੇਸ ਲੱਗੀ ਹੈ।’ ਈਡੀ ਦੀ ਟੀਮ ਸੋਮਵਾਰ ਸੋਰੇਨ ਦੀ ਦਿੱਲੀ ਰਿਹਾਇਸ਼ ਪੁੱਜੀ ਸੀ ਤੇ ਕਰੀਬ 13 ਘੰਟੇ ਉੱਥੇ ਰਹੀ। ਉਨ੍ਹਾਂ ਕੁਝ ਸਾਮਾਨ ਵੀ ਜ਼ਬਤ ਕੀਤਾ ਹੈ। -ਪੀਟੀਆਈ