ਮੀਂਹ ਕਾਰਨ ਪ੍ਰਭਾਵਿਤ ਭਾਰਤੀਆਂ ਲਈ ਹੈਲਪਲਾਈਨ ਨੰਬਰ ਜਾਰੀ
ਦੁਬਈ: ਦੁਬਈ ਸਥਿਤ ਭਾਰਤੀ ਸਫ਼ਾਰਤਖਾਨੇ ਨੇ ਸ਼ਹਿਰ ਅਤੇ ਯੂਏਈ ਦੇ ਉੱਤਰੀ ਇਲਾਕਿਆਂ ’ਚ ਪਏ ਭਾਰੀ ਮੀਂਹ ਕਾਰਨ ਪ੍ਰਭਾਵਿਤ ਭਾਰਤੀਆਂ ਅਤੇ ਫਸੇ ਹੋਏ ਯਾਤਰੀਆਂ ਲਈ ‘ਹੈਲਪਲਾਈਨ ਨੰਬਰ’ ਜਾਰੀ ਕੀਤੇ ਹਨ। ਸੰਯੁਕਤ ਅਰਬ ਅਮੀਰਾਤ (ਯੂਏਈ) ਤੇ ਨੇੜਲੇ ਦੇਸ਼ਾਂ ’ਚ ਮੰਗਲਵਾਰ ਨੂੰ ਪਏ ਭਾਰੀ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਭੀੜਭਾੜ ਵਾਲਾ ਦੁਬਈ ਕੌਮਾਂਤਰੀ ਹਵਾਈ ਅੱਡਾ ਵੀ ਜਲਥਲ ਹੋ ਗਿਆ, ਜਿਸ ਕਾਰਨ ਕਈ ਉਡਾਣਾਂ ਰੱਦ ਕਰਨੀਆਂ ਪਈਆਂ। ਭਾਰਤੀ ਸਫ਼ਾਰਤਖਾਨੇ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਪੋਸਟ ’ਚ ਹੈਲਪਲਾਈਨ ਨੰਬਰਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਰਾਹੀਂ ਮੌਸਮ ਦੀ ਖਰਾਬ ਸਥਿਤੀ ਤੋਂ ਪ੍ਰਭਾਵਿਤ ਭਾਰਤੀ ਭਾਈਚਾਰੇ ਦੇ ਲੋਕ ਮਦਦ ਮੰਗ ਸਕਦੇ ਹਨ। ਸਫ਼ਾਰਤਖਾਨੇ ਨੇ ਇਹ ਵੀ ਕਿਹਾ ਕਿ ਉਸ ਨੇ ਫਸੇ ਹੋਏ ਯਾਤਰੀਆਂ ਦੀ ਸਹੂਲਤ ਲਈ ਯੂਏਈ ਅਧਿਕਾਰੀਆਂ ਤੇ ਏਅਰਲਾਈਨ ਨਾਲ ਰਾਬਤਾ ਬਣਾਇਆ ਹੋਇਆ ਹੈ। ਭਾਰਤੀ ਸਫ਼ਾਰਤਖਾਨੇ ਨੇ ਕਿਹਾ, ‘‘ਏਅਰਲਾਈਨ ਤੋਂ ਮਿਲਦੀ ਜਾਣਕਾਰੀ ਯਾਤਰੀਆਂ ਨੂੰ ਲਗਾਤਾਰ ਦਿੱਤੀ ਜਾ ਰਹੀ ਹੈ ਅਤੇ ਭਾਰਤੀ ਭਾਈਚਾਰੇ ਦੇ ਸੰਗਠਨਾਂ ਦੀ ਮਦਦ ਨਾਲ ਰਾਹਤ ਕਾਰਜ ਵਧਾਏ ਗਏ ਹਨ।’’ -ਪੀਟੀਆਈ