ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਹਾਏ

08:54 AM Aug 18, 2024 IST

ਸਆਦਤ ਹਸਨ ਮੰਟੋ

Advertisement

ਪਿਛਲੇ ਅੰਕ ਵਿੱਚ ਅਸੀਂ ਪਾਠਕਾਂ ਲਈ ਦੇਸ਼ ਵੰਡ ਨਾਲ ਸਬੰਧਿਤ ਕ੍ਰਿਸ਼ਨ ਚੰਦਰ ਦੀ ਕਹਾਣੀ ‘ਪਿਸ਼ਾਵਰ ਐਕਸਪ੍ਰੈੱਸ’ ਛਾਪੀ ਸੀ। ਇਸ ਵਾਰ ਅਸੀਂ ਉਰਦੂ ਦੇ ਸਿਰਮੌਰ ਅਫ਼ਸਾਨਾਨਿਗਾਰ ਸਆਦਤ ਹਸਨ ਮੰਟੋ ਦੀ ਕਹਾਣੀ ‘ਸਹਾਏ’ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। ਇਹ ਕਹਾਣੀ ਦੱਸਦੀ ਹੈ ਕਿ ਕਿਵੇਂ ਦੇਸ਼ ਵੰਡ ਵੇਲੇ ਚੱਲੀ ਫ਼ਿਰਕੂ ਹਨੇਰੀ ਨੇ ਰਿਸ਼ਤਿਆਂ ਦੀ ਸਾਂਝ ਖ਼ਤਮ ਕਰ ਦਿੱਤੀ ਅਤੇ ਲੋਕ ਇੱਕ-ਦੂਜੇ ਦੇ ਖ਼ੂੁਨ ਦੇ ਪਿਆਸੇ ਹੋ ਗਏ।
ਅਨੁਵਾਦ: ਪ੍ਰੋ. ਸੁਖਜਿੰਦਰ ਸਿੰਘ ਗਿੱਲ ਸੰਪਰਕ: 98722-01833

''ਇਹ ਨਾ ਕਹੋ ਕਿ ਇੱਕ ਲੱਖ ਹਿੰਦੂ ਅਤੇ ਇੱਕ ਲੱਖ ਮੁਸਲਮਾਨ ਮਰੇ ਹਨ... ਇਹ ਕਹੋ ਕਿ ਦੋ ਲੱਖ ਇਨਸਾਨ ਮਰੇ ਨੇ... ਇਹ ਐਨਾ ਵੱਡਾ ਦੁਖਾਂਤ ਨਹੀਂ ਕਿ ਦੋ ਲੱਖ ਇਨਸਾਨ ਮਰੇ ਹਨ, ਦੁਖਾਂਤ ਅਸਲ ਵਿੱਚ ਇਹ ਹੈ ਕਿ ਮਾਰਨ ਤੇ ਮਰਨ ਵਾਲੇ ਕਿਸੇ ਵੀ ਖ਼ਾਤੇ ਵਿੱਚ ਨਹੀਂ ਗਏ।
ਇੱਕ ਲੱਖ ਹਿੰਦੂ ਮਾਰ ਕੇ ਮੁਸਲਮਾਨਾਂ ਨੇ ਇਹ ਸਮਝਿਆ ਹੋਊ ਕਿ ਹਿੰਦੂ ਧਰਮ ਖ਼ਤਮ ਹੋ ਗਿਆ ਪਰ ਉਹ ਜਿਊਂਦਾ ਹੈ, ਜਿਊਂਦਾ ਰਹੇਗਾ। ਇਸ ਤਰ੍ਹਾਂ ਹੀ ਇੱਕ ਮੁਸਲਮਾਨ ਕਤਲ ਕਰ ਕੇ ਹਿੰਦੂਆਂ ਨੇ ਕੱਛਾਂ ਵਜਾਈਆਂ ਹੋਣਗੀਆਂ ਕਿ ਇਸਲਾਮ ਖ਼ਤਮ ਹੋ ਗਿਆ ਪਰ ਸਚਾਈ ਤੁਹਾਡੇ ਸਾਹਮਣੇ ਹੈ ਕਿ ਇਸਲਾਮ ਉੱਤੇ ਹਲਕੀ ਜਿਹੀ ਝਰੀਟ ਨਹੀਂ ਆਈ... ਉਹ ਲੋਕ ਬੇਵਕੂਫ਼ ਹਨ ਜੋ ਸਮਝਦੇ ਹਨ ਕਿ ਬੰਦੂਕਾਂ ਨਾਲ ਧਰਮ ਦਾ ਸ਼ਿਕਾਰ ਕੀਤਾ ਜਾ ਸਕਦਾ ਹੈ... ਧਰਮ, ਦੀਨ, ਇਮਾਨ, ਵਿਸ਼ਵਾਸ, ਸ਼ਰਧਾ... ਇਹ ਜੋ ਕੁਝ ਵੀ ਹੈ, ਇਹ ਸਾਡੇ ਸਰੀਰ ਵਿੱਚ ਨਹੀਂ ਆਤਮਾ ਵਿੱਚ ਹੁੰਦਾ ਹੈ... ਛੁਰੇ, ਚਾਕੂ ਅਤੇ ਗੋਲੀ ਨਾਲ ਇਹ ਖ਼ਤਮ ਕਿਵੇਂ ਹੋ ਸਕਦਾ ਹੈ?’’
ਮੁਮਤਾਜ ਉਸ ਦਿਨ ਬਹੁਤ ਹੌਸਲੇ ਵਿੱਚ ਸੀ। ਅਸੀਂ ਸਿਰਫ਼ ਤਿੰਨ ਸੀ ਜੋ ਉਸ ਨੂੰ ਜਹਾਜ਼ ਉੱਤੇ ਛੱਡਣ ਲਈ ਆਏ ਸੀ, ਉਹ ਅਣਮਿੱਥੇ ਸਮੇਂ ਲਈ ਸਾਥੋਂ ਵਿਛੜ ਕੇ ਪਾਕਿਸਤਾਨ ਜਾ ਰਿਹਾ ਸੀ... ਪਾਕਿਸਤਾਨ... ਜਿਸ ਦੀ ਹੋਂਦ ਬਾਰੇ ਸਾਨੂੰ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ।
ਅਸੀਂ ਤਿੰਨੋਂ ਹਿੰਦੂ ਸੀ। ਪੱਛਮੀ ਪਾਕਿਸਤਾਨ ਵਿੱਚ ਸਾਡੇ ਰਿਸ਼ਤੇਦਾਰਾਂ ਨੂੰ ਬਹੁਤ ਜਾਨੀ ਅਤੇ ਮਾਲੀ ਨੁਕਸਾਨ ਝੱਲਣਾ ਪਿਆ ਸੀ। ਸ਼ਾਇਦ ਇਹੀ ਕਾਰਨ ਸੀ ਕਿ ਮੁਮਤਾਜ ਸਾਥੋਂ ਵਿਛੜ ਰਿਹਾ ਸੀ। ਜੁਗਲ ਨੂੰ ਲਾਹੌਰ ਤੋਂ ਚਿੱਠੀ ਆਈ ਕਿ ਦੰਗਿਆਂ ਵਿੱਚ ਉਸ ਦਾ ਚਾਚਾ ਮਾਰਿਆ ਗਿਆ ਹੈ ਤੇ ਉਸ ਨੂੰ ਬਹੁਤ ਸਦਮਾ ਲੱਗਿਆ। ਸ਼ਾਇਦ ਇਸੇ ਸਦਮੇ ਦੇ ਅਸਰ ਹੇਠ ਗੱਲਾਂ ਗੱਲਾਂ ਵਿੱਚ ਉਸ ਨੇ ਮੁਮਤਾਜ ਨੂੰ ਕਿਹਾ, ‘‘ਮੈਂ ਸੋਚ ਰਿਹਾ ਹਾਂ ਕਿ ਜੇ ਸਾਡੇ ਮੁਹੱਲੇ ਵਿੱਚ ਦੰਗੇ ਸ਼ੁਰੂ ਹੋ ਗਏ ਤਾਂ ਮੈਂ ਕੀ ਕਰੂੰਗਾ!’’
ਮੁਮਤਾਜ ਨੇ ਉਸ ਨੂੰ ਪੁੱਛਿਆ, ‘‘ਕੀ ਕਰੇਂਗਾ?’’
ਜੁਗਲ ਨੇ ਗੰਭੀਰਤਾ ਨਾਲ ਜੁਆਬ ਦਿੱਤਾ, ‘‘ਮੈਂ ਸੋਚ ਰਿਹਾ ਹਾਂ... ਬਹੁਤ ਮੁਮਕਿਨ ਹੈ ਮੈਂ ਤੈਨੂੰ ਮਾਰ ਦੇਵਾਂ!’’
ਇਹ ਸੁਣ ਕੇ ਮੁਮਤਾਜ ਬਿਲਕੁਲ ਚੁੱਪ ਕਰ ਗਿਆ। ਉਸ ਦੀ ਇਹ ਚੁੱਪੀ ਤਕਰੀਬਨ ਅੱਠ ਦਿਨ ਤੱਕ ਬਣੀ ਰਹੀ ਤੇ ਉਸ ਵਕਤ ਟੁੱਟੀ ਜਦੋਂ ਉਸ ਨੇ ਅਚਾਨਕ ਸਾਨੂੰ ਦੱਸਿਆ ਕਿ ਉਹ ਕੱਲ੍ਹ ਪੌਣੇ ਚਾਰ ਵਜੇ ਸਮੁੰਦਰੀ ਜਹਾਜ਼ ਰਾਹੀਂ ਕਰਾਚੀ ਜਾ ਰਿਹਾ ਹੈ।
ਸਾਡੇ ਤਿੰਨਾਂ ਵਿੱਚੋਂ ਕਿਸੇ ਨੇ ਉਸ ਦੇ ਇਸ ਇਰਾਦੇ ਬਾਰੇ ਕੋਈ ਗੱਲ ਨਾ ਕੀਤੀ। ਜੁਗਲ ਨੂੰ ਇਸ ਗੱਲ ਦਾ ਤੀਬਰ ਅਹਿਸਾਸ ਸੀ ਕਿ ਮੁਮਤਾਜ ਦੇ ਇੱਥੋਂ ਜਾਣ ਦਾ ਕਾਰਨ ਉਸ ਦੀ ਕਹੀ ਇਹ ਗੱਲ ਹੈ, ‘‘ਮੈਂ ਸੋਚ ਰਿਹਾ ਹਾਂ... ਬਹੁਤ ਮੁਮਕਿਨ ਹੈ, ਮੈਂ ਤੈਨੂੰ ਮਾਰ ਦੇਵਾਂ।’’ ਸ਼ਾਇਦ ਹੁਣ ਤੱਕ ਉਹ ਇਹੀ ਸੋਚ ਰਿਹਾ ਸੀ ਕਿ ਕੀ ਉਹ ਗੁੱਸੇ ਨਾਲ ਉਤੇਜਿਤ ਹੋ ਕੇ ਮੁਮਤਾਜ ਨੂੰ ਮਾਰ ਸਕਦਾ ਹੈ ਕਿ ਨਹੀਂ... ਮੁਮਤਾਜ ਜੋ ਉਸ ਦਾ ਜਿਗਰੀ ਯਾਰ ਸੀ... ਇਹੀ ਕਾਰਨ ਹੈ ਕਿ ਉਹ ਸਾਡੇ ਤਿੰਨਾਂ ਵਿੱਚੋਂ ਸਭ ਤੋਂ ਜ਼ਿਆਦਾ ਚੁੱਪ ਸੀ। ਪਰ ਅਜੀਬ ਗੱਲ ਹੈ ਕਿ ਮੁਮਤਾਜ ਬੇਥਵੀਆਂ ਗੱਲਾਂ ਕਰਨ ਲੱਗ ਗਿਆ ਸੀ, ਖ਼ਾਸ ਤੌਰ ’ਤੇ ਜਾਣ ਤੋਂ ਕੁਝ ਘੰਟੇ ਪਹਿਲਾਂ।
ਸਵੇਰੇ ਉੱਠਦੇ ਹੀ ਉਸ ਨੇ ਪੀਣੀ ਸ਼ੁਰੂ ਕਰ ਦਿੱਤੀ। ਸਾਮਾਨ ਵਗੈਰਾ ਕੁਝ ਇਸ ਢੰਗ ਨਾਲ ਬੰਨ੍ਹਿਆ ਅਤੇ ਬੰਨ੍ਹਵਾਇਆ ਜਿਵੇਂ ਉਹ ਕਿਸੇ ਸੈਰ-ਸਪਾਟੇ ਲਈ ਜਾ ਰਿਹਾ ਹੋਵੇ... ਆਪ ਹੀ ਗੱਲਾਂ ਕਰਦਾ ਆਪ ਹੀ ਹੱਸਣ ਲੱਗ ਪੈਂਦਾ...। ਕੋਈ ਹੋਰ ਦੇਖਦਾ ਤਾਂ ਸੋਚਦਾ ਕਿ ਉਹ ਬੰਬਈ ਛੱਡਣ ਵਿੱਚ ਬੇਹੱਦ ਖ਼ੁਸ਼ੀ ਮਹਿਸੂਸ ਕਰ ਰਿਹਾ ਹੈ ਪਰ ਅਸੀਂ ਤਿੰਨੋਂ ਬਹੁਤ ਚੰਗੀ ਤਰ੍ਹਾਂ ਜਾਣਦੇ ਸੀ ਕਿ ਉਹ ਸਿਰਫ਼ ਆਪਣੇ ਜਜ਼ਬਾਤ ਲੁਕਾਉਣ ਲਈ ਸਾਨੂੰ ਤੇ ਆਪਣੇ ਆਪ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ।
ਮੈਂ ਬਹੁਤ ਚਾਹਿਆ ਕਿ ਉਸ ਤੋਂ ਉਸ ਦੇ ਇੰਝ ਅਚਾਨਕ ਜਾਣ ਬਾਰੇ ਪੁੱਛਾਂ। ਇਸ਼ਾਰੇ ਨਾਲ ਮੈਂ ਜੁਗਲ ਨੂੰ ਵੀ ਕਿਹਾ ਕਿ ਉਹ ਗੱਲ ਛੇੜੇ ਪਰ ਮੁਮਤਾਜ ਨੇ ਸਾਨੂੰ ਕੋਈ ਮੌਕਾ ਹੀ ਨਹੀਂ ਦਿੱਤਾ। ਜੁਗਲ ਤਿੰਨ-ਚਾਰ ਪੈੱਗ ਪੀ ਕੇ ਹੋਰ ਵੀ ਜ਼ਿਆਦਾ ਖ਼ਾਮੋਸ਼ ਹੋ ਗਿਆ ਤੇ ਦੂਜੇ ਕਮਰੇ ਵਿੱਚ ਜਾ ਕੇ ਲੇਟ ਗਿਆ। ਮੈਂ ਅਤੇ ਬ੍ਰਿਜਮੋਹਨ ਮੁਮਤਾਜ ਦੇ ਨਾਲ ਰਹੇ। ਉਸਨੇ ਤਿੰਨ-ਚਾਰ ਬਿੱਲ ਦੇਣੇ ਸਨ, ਡਾਕਟਰਾਂ ਦੀ ਫੀਸ ਦੇਣੀ ਸੀ, ਧੋਬੀ ਤੋਂ ਕੱਪੜੇ ਲੈਣੇ ਸਨ। ਇਹ ਸਾਰੇ ਕੰਮ ਉਸ ਨੇ ਹੱਸਦੇ-ਹੱਸਦੇ ਕੀਤੇ ਪਰ ਜਦੋਂ ਉਸ ਨੇ ਨਾਕੇ ਦੇ ਹੋਟਲ ਦੇ ਨਾਲ ਵਾਲੀ ਦੁਕਾਨ ਤੋਂ ਪਾਨ ਲਿਆ ਤਾਂ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਬ੍ਰਿਜਮੋਹਨ ਦੇ ਮੋਢੇ ਉੱਤੇ ਹੱਥ ਰੱਖ ਕੇ ਉੱਥੋਂ ਤੁਰਦੇ ਹੋਏ ਉਸ ਨੇ ਹੌਲੀ ਜਿਹੇ ਕਿਹਾ, ‘‘ਯਾਦ ਹੈ ਬ੍ਰਿਜ, ਅੱਜ ਤੋਂ ਦਸ ਸਾਲ ਪਹਿਲਾਂ ਜਦੋਂ ਸਾਡਾ ਹੱਥ ਤੰਗ ਸੀ, ਗੋਬਿੰਦ ਨੇ ਸਾਨੂੰ ਇੱਕ ਰੁਪਈਆ ਉਧਾਰ ਦਿੱਤਾ ਸੀ।’’
ਰਸਤੇ ਵਿੱਚ ਮੁਮਤਾਜ ਚੁੱਪ ਰਿਹਾ ਪਰ ਘਰ ਪਹੁੰਚਦੇ ਹੀ ਉਸ ਨੇ ਬੇਤੁਕੀਆਂ ਗੱਲਾਂ ਦੀ ਝੜੀ ਲਾ ਦਿੱਤੀ ਜਿਨ੍ਹਾਂ ਦਾ ਨਾ ਕੋਈ ਸਿਰ ਸੀ ਨਾ ਪੈਰ। ਪਰ ਉਹ ਕੁਝ ਅਜਿਹੀਆਂ ਅਪਣੱਤ ਭਰੀਆਂ ਸਨ ਕਿ ਮੈਂ ਤੇ ਬ੍ਰਿਜਮੋਹਨ ਉਨ੍ਹਾਂ ਵਿੱਚ ਹਿੱਸਾ ਲੈਂਦੇ ਰਹੇ। ਜਦੋਂ ਜਾਣ ਦਾ ਸਮਾਂ ਨੇੜੇ ਆਇਆ ਤਾਂ ਜੁਗਲ ਵੀ ਸ਼ਾਮਿਲ ਹੋ ਗਿਆ। ਜਦੋਂ ਟੈਕਸੀ ਬੰਦਰਗਾਹ ਵੱਲ ਤੁਰੀ ਤਾਂ ਸਾਰੇ ਆਪਣੀਆਂ ਸੋਚਾਂ ਵਿੱਚ ਡੁੱਬ ਗਏ।
ਮੁਮਤਾਜ ਦੀਆਂ ਨਜ਼ਰਾਂ ਬੰਬਈ ਦੇ ਵਿਸ਼ਾਲ ਤੇ ਰੰਗੀਨ ਬਾਜ਼ਾਰਾਂ ਨੂੰ ਅਲਵਿਦਾ ਕਹਿੰਦੀਆਂ ਰਹੀਆਂ ਕਿ ਅਖ਼ੀਰ ਟੈਕਸੀ ਆਪਣੀ ਮੰਜ਼ਿਲ ’ਤੇ ਪਹੁੰਚ ਗਈ। ਬੇਹੱਦ ਭੀੜ ਸੀ, ਹਜ਼ਾਰਾਂ ਰਫਿਊਜੀ ਜਾ ਰਹੇ ਸਨ। ਖੁਸ਼ਹਾਲ ਬਹੁਤ ਘੱਟ ਤੇ ਬਦਹਾਲ ਬਹੁਤ ਜ਼ਿਆਦਾ... ਬੇਹਿਸਾਬ ਹਜੂਮ ਸੀ ਪਰ ਮੈਨੂੰ ਇੰਝ ਲੱਗ ਰਿਹਾ ਸੀ ਕਿ ਇਕੱਲਾ ਮੁਮਤਾਜ ਹੀ ਜਾ ਰਿਹਾ ਹੈ। ਉਹ ਸਾਨੂੰ ਛੱਡ ਕੇ ਅਜਿਹੀ ਥਾਂ ਜਾ ਰਿਹਾ ਸੀ, ਜਿਹੜੀ ਉਹਦੀ ਜਾਣੀ-ਪਛਾਣੀ ਨਹੀਂ, ਜੋ ਉਸ ਦੀ ਆਪਣੀ ਬਣਾਉਣ ਉੱਤੇ ਵੀ ਬੇਗਾਨੀ ਹੀ ਰਹੇਗੀ। ਇਹ ਮੇਰੀ ਆਪਣੀ ਸੋਚ ਸੀ, ਮੈਂ ਨਹੀਂ ਕਹਿ ਸਕਦਾ ਕਿ ਮੁਮਤਾਜ ਕੀ ਸੋਚ ਰਿਹਾ ਸੀ।
ਜਦੋਂ ਕੈਬਿਨ ਵਿੱਚ ਸਾਰਾ ਸਾਮਾਨ ਰੱਖਿਆ ਗਿਆ ਤਾਂ ਮੁਮਤਾਜ ਸਾਨੂੰ ਛੱਜੇ ਉੱਤੇ ਲੈ ਆਇਆ, ਉੱਥੇ ਜਿੱਥੇ ਸਮੁੰਦਰ ਤੇ ਆਸਮਾਨ ਮਿਲਦੇ ਨਜ਼ਰ ਆ ਰਹੇ ਸੀ, ਮੁਮਤਾਜ ਦੇਰ ਤੱਕ ਦੇਖਦਾ ਰਿਹਾ, ਫਿਰ ਉਸ ਨੇ ਜੁਗਲ ਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਕਿਹਾ, ‘‘ਇਹ ਸਿਰਫ਼ ਨਜ਼ਰ ਦਾ ਧੋਖਾ ਹੈ... ਆਸਮਾਨ ਤੇ ਸਮੁੰਦਰ ਦਾ ਆਪਸ ਵਿੱਚ ਮਿਲਣਾ... ਪਰ ਇਹ ਨਜ਼ਰ ਦਾ ਧੋਖਾ ਕਿੰਨਾ ਦਿਲ ਲੁਭਾਉਣਾ ਹੈ... ਇਹ ਮਿਲਾਪ !’’ ਜੁਗਲ ਚੁੱਪ ਰਿਹਾ। ਸ਼ਾਇਦ ਉਸ ਵਕਤ ਵੀ ਉਸ ਦੇ ਦਿਲ ਦਿਮਾਗ ਵਿੱਚ ਉਸ ਦੀ ਕਹੀ ਇਹ ਗੱਲ ਘੁੰਮ ਰਹੀ ਸੀ, ‘‘ਮੈਂ ਸੋਚ ਰਿਹਾ ਹਾਂ, ਬਹੁਤ ਮੁਮਕਿਨ ਹੈ ਮੈਂ ਤੈਨੂੰ ਮਾਰ ਦੇਵਾਂ।’’
ਮੁਮਤਾਜ ਨੇ ਜਹਾਜ਼ ਦੀ ਬਾਰ ਵਿੱਚੋਂ ਬਰਾਂਡੀ ਮੰਗਵਾ ਲਈ ਕਿਉਂਕਿ ਉਹ ਸਵੇਰ ਤੋਂ ਇਹੀ ਪੀ ਰਿਹਾ ਸੀ... ਅਸੀਂ ਚਾਰੇ ਗਿਲਾਸ ਹੱਥ ਵਿੱਚ ਲਈ ਜੰਗਲੇ ਨਾਲ ਲੱਗੇ ਖੜ੍ਹੇ ਸੀ। ਰਫਿਊਜੀ ਧੜਾਧੜ ਜਹਾਜ਼ ਵਿੱਚ ਸਵਾਰ ਹੋ ਰਹੇ ਸਨ ਤੇ ਲਗਭਗ ਸ਼ਾਂਤ ਸਮੁੰਦਰ ਉੱਤੇ ਸਮੁੰਦਰੀ ਪੰਛੀ ਮੰਡਰਾ ਰਹੇ ਸਨ।
ਜੁਗਲ ਨੇ ਇੱਕੋ ਝੱਟ ਗਲਾਸ ਖਾਲੀ ਕੀਤਾ ਤੇ ਬਹੁਤ ਹੀ ਭੱਦੇ ਅੰਦਾਜ਼ ਵਿੱਚ ਮੁਮਤਾਜ ਨੂੰ ਕਿਹਾ, ‘‘ਮੈਨੂੰ ਮੁਆਫ਼ ਕਰ ਦੇਵੀਂ ਮੁਮਤਾਜ... ਮੇਰਾ ਖ਼ਿਆਲ ਮੈਂ ਉਸ ਦਿਨ ਤੈਨੂੰ ਦੁੱਖ ਪਹੁੰਚਾਇਆ ਸੀ।’’
ਮੁਮਤਾਜ ਨੇ ਥੋੜ੍ਹੀ ਹਿਚਕਿਚਾਹਟ ਤੋਂ ਬਾਅਦ ਜੁਗਲ ਨੂੰ ਸਵਾਲ ਕੀਤਾ, ‘‘ਜਦੋਂ ਤੂੰ ਕਿਹਾ ਸੀ ਮੈਂ ਸੋਚ ਰਿਹਾ ਹਾਂ... ਬਹੁਤ ਮੁਮਕਿਨ ਹੈ ਮੈਂ ਤੈਨੂੰ ਮਾਰ ਦੇਵਾਂ...। ਕੀ ਉਸ ਵਕਤ ਸੱਚੀਂ ਹੀ ਤੂੰ ਇਹ ਸੋਚਿਆ ਸੀ, ਨੇਕ ਦਿਲੀ ਨਾਲ ਇਸ ਨਤੀਜੇ ’ਤੇ ਪਹੁੰਚਿਆ ਸੀ?’’ ਜੁਗਲ ਨੇ ਸਹਿਮਤੀ ਨਾਲ ਸਿਰ ਹਿਲਾਇਆ, ‘‘ਪਰ ਮੈਨੂੰ ਅਫ਼ਸੋਸ ਹੈ।’’
‘‘ਤੂੰ ਮੈਨੂੰ ਮਾਰ ਦਿੰਦਾ ਤਾਂ ਤੈਨੂੰ ਬਹੁਤ ਅਫ਼ਸੋਸ ਹੁੰਦਾ।’’ ਮੁਮਤਾਜ ਨੇ ਬੜੇ ਦਾਰਸ਼ਨਿਕ ਅੰਦਾਜ਼ ਵਿੱਚ ਕਿਹਾ, ‘‘ਪਰ ਉਸ ਸੂਰਤ ਵਿੱਚ ਜੇ ਤੂੰ ਗ਼ੌਰ ਕੀਤਾ ਹੁੰਦਾ ਕਿ ਤੂੰ ਮੁਮਤਾਜ ਨੂੰ... ਇੱਕ ਮੁਸਲਮਾਨ ਨੂੰ... ਇੱਕ ਦੋਸਤ ਨੂੰ ਨਹੀਂ ਬਲਕਿ ਇੱਕ ਇਨਸਾਨ ਨੂੰ ਮਾਰਿਆ ਹੈ। ਜੇ ਉਹ ਹਰਾਮਜ਼ਾਦਾ ਸੀ ਤਾਂ ਤੂੰ ਉਸ ਦੀ ਹਰਾਮਜ਼ਦਗੀ ਨੂੰ ਨਹੀਂ ਬਲਕਿ ਆਪ ਉਸ ਨੂੰ ਮਾਰ ਦਿੱਤਾ ਹੈ, ਜੇ ਉਹ ਮੁਸਲਮਾਨ ਸੀ ਤਾਂ ਤੂੰ ਉਸ ਦੀ ਮੁਸਲਮਾਨੀ ਨੂੰ ਨਹੀਂ ਬਲਕਿ ਉਸ ਦੀ ਹੋਂਦ ਨੂੰ ਖ਼ਤਮ ਕੀਤਾ ਹੈ... ਜੇ ਉਸ ਦੀ ਲਾਸ਼ ਮੁਸਲਮਾਨਾਂ ਦੇ ਹੱਥ ਆਉਂਦੀ ਤਾਂ ਕਬਰਿਸਤਾਨ ਵਿੱਚ ਇੱਕ ਕਬਰ ਹੋਰ ਵਧ ਜਾਂਦੀ ਪਰ ਦੁਨੀਆ ਵਿੱਚ ਇੱਕ ਇਨਸਾਨ ਹੋਰ ਘਟ ਜਾਂਦਾ।’’
ਥੋੜ੍ਹੀ ਦੇਰ ਚੁੱਪ ਰਹਿਣ ਤੇ ਕੁਝ ਸੋਚਣ ਤੋਂ ਬਾਅਦ ਉਸ ਨੇ ਫਿਰ ਬੋਲਣਾ ਸ਼ੁਰੂ ਕੀਤਾ, ‘‘ਹੋ ਸਕਦਾ ਹੈ, ਮੇਰੇ ਆਪਣੇ ਧਰਮ ਵਾਲੇ ਮੈਨੂੰ ਸ਼ਹੀਦ ਕਹਿੰਦੇ ਪਰ ਖ਼ੁਦਾ ਦੀ ਕਸਮ ਜੇ ਸੰਭਵ ਹੁੰਦਾ ਤਾਂ ਮੈਂ ਕਬਰ ਪਾੜ ਕੇ ਰੌਲ਼ਾ ਪਾਉਣਾ ਸ਼ੁਰੂ ਕਰ ਦਿੰਦਾ, ਮੈਨੂੰ ਸ਼ਹਾਦਤ ਦਾ ਇਹ ਰੁਤਬਾ ਕਬੂਲ ਨਹੀਂ... ਮੈਨੂੰ ਇਹ ਡਿਗਰੀ ਨਹੀਂ ਚਾਹੀਦੀ ਜਿਸਦਾ ਇਮਤਿਹਾਨ ਮੈਂ ਦਿੱਤਾ ਹੀ ਨਹੀਂ। ਲਾਹੌਰ ਵਿੱਚ ਤੇਰੇ ਚਾਚੇ ਨੂੰ ਇੱਕ ਮੁਸਲਮਾਨ ਨੇ ਮਾਰ ਦਿੱਤਾ... ਤੂੰ ਇਹ ਖ਼ਬਰ ਬੰਬਈ ’ਚ ਸੁਣੀ ਤੇ ਮੈਨੂੰ ਮਾਰ ਦਿੱਤਾ। ਦੱਸ ਤੂੰ ਤੇ ਮੈਂ ਕਿਸ ਤਗਮੇ ਦੇ ਕਾਬਲ ਹਾਂ? ਤੇ ਲਾਹੌਰ ਵਿੱਚ ਤੇਰਾ ਚਾਚਾ ਤੇ ਉਸ ਦਾ ਕਾਤਲ ਕਿਸ ਇਨਾਮ ਦੇ ਹੱਕਦਾਰ ਹਨ... ਮੈਂ ਤਾਂ ਇਹ ਕਹਾਂਗਾ, ਮਰਨ ਵਾਲੇ ਕੁੱਤੇ ਦੀ ਮੌਤ ਮਰੇ ਤੇ ਮਾਰਨ ਵਾਲਿਆਂ ਨੇ ਬੇਕਾਰ ਹੀ... ਬਿਲਕੁਲ ਬੇਕਾਰ ਹੀ... ਆਪਣੇ ਹੱਥ ਖ਼ੂਨ ਨਾਲ ਰੰਗੇ।’’
ਗੱਲਾਂ ਕਰਦੇ ਕਰਦੇ ਮੁਮਤਾਜ ਬਹੁਤ ਭਾਵੁਕ ਹੋ ਗਿਆ ਪਰ ਇਸ ਭਾਵੁਕਤਾ ਵਿੱਚ ਸਨੇਹ ਬਰਾਬਰ ਦਾ ਸੀ। ਮੇਰੇ ਦਿਲ ਉੱਤੇ ਖ਼ਾਸ ਤੌਰ ’ਤੇ ਉਸ ਦੀ ਇਸ ਗੱਲ ਦਾ ਬਹੁਤ ਅਸਰ ਹੋਇਆ ਕਿ ਮਜ਼ਹਬ, ਦੀਨ, ਇਮਾਨ, ਯਕੀਨ, ਧਰਮ, ਸ਼ਰਧਾ ਇਹ ਜੋ ਕੁਝ ਵੀ ਹੈ, ਸਾਡੇ ਜਿਸਮਾਂ ਦੀ ਬਜਾਏ ਰੂਹ ਵਿੱਚ ਹੁੰਦਾ ਹੈ, ਜੋ ਕਿ ਛੁਰੇ, ਚਾਕੂ ਤੇ ਗੋਲੀ ਨਾਲ ਖ਼ਤਮ ਨਹੀਂ ਕੀਤਾ ਜਾ ਸਕਦਾ। ਇਸ ਲਈ ਮੈਂ ਉਸ ਨੂੰ ਕਿਹਾ, ‘‘ਤੂੰ ਬਿਲਕੁਲ ਠੀਕ ਕਹਿ ਰਿਹਾ ਹੈਂ।’’ ਇਹ ਸੁਣ ਕੇ ਮੁਮਤਾਜ ਨੇ ਆਪਣੇ ਵਿਚਾਰਾਂ ਵੱਲ ਧਿਆਨ ਮਾਰਿਆ ਤੇ ਬੇਚੈਨ ਹੋ ਕੇ ਕਿਹਾ, ‘‘ਨਹੀਂ ਬਿਲਕੁਲ ਠੀਕ ਨਹੀਂ... ਮੇਰਾ ਮਤਲਬ ਹੈ ਕਿ ਇਹ ਸਭ ਠੀਕ ਤਾਂ ਹੈ ਪਰ ਸ਼ਾਇਦ ਮੈਂ ਜੋ ਕੁਝ ਕਹਿਣਾ ਚਾਹੁੰਦਾ ਹਾਂ ਚੰਗੀ ਤਰ੍ਹਾਂ ਕਹਿ ਨਹੀਂ ਸਕਿਆ। ਮਜ਼ਹਬ ਤੋਂ ਮੇਰਾ ਮਤਲਬ ਇਹ ਮਜ਼ਹਬ ਨਹੀਂ, ਇਹ ਧਰਮ ਨਹੀਂ ਜੋ ਨੜਿੱਨਵੇਂ ਪ੍ਰਤੀਸ਼ਤ ਲੋਕਾਂ ਨੂੰ ਇਕੋ ਜਿਹਾ ਬਣਾ ਦਿੰਦਾ ਹੈ... ਮੇਰਾ ਮਤਲਬ ਉਸ ਖ਼ਾਸ ਚੀਜ਼ ਤੋਂ ਹੈ ਜੋ ਇੱਕ ਇਨਸਾਨ ਨੂੰ ਦੂਜੇ ਇਨਸਾਨ ਦੇ ਮੁਕਾਬਲੇ ’ਚ ਵੱਖਰੀ ਪਛਾਣ ਦਿੰਦੀ ਹੈ... ਉਹ ਚੀਜ਼ ਜੋ ਇਨਸਾਨ ਨੂੰ ਅਸਲ ਵਿੱਚ ਇਨਸਾਨ ਸਾਬਿਤ ਕਰਦੀ ਹੈ... ਪਰ ਉਹ ਚੀਜ਼ ਹੈ ਕੀ? ...ਅਫ਼ਸੋਸ ਹੈ ਕਿ ਮੈਂ ਉਸ ਨੂੰ ਹਥੇਲੀ ਉੱਤੇ ਰੱਖ ਕੇ ਨਹੀਂ ਦਿਖਾ ਸਕਦਾ।’’ ਇਹ ਕਹਿੰਦੇ-ਕਹਿੰਦੇ ਇਕਦਮ ਉਸ ਦੀਆਂ ਅੱਖਾਂ ਵਿੱਚ ਚਮਕ ਜਿਹੀ ਪੈਦਾ ਹੋਈ ਤੇ ਉਸ ਨੇ ਜਿਵੇਂ ਆਪਣੇ ਆਪ ਤੋਂ ਪੁੱਛਣਾ ਸ਼ੁਰੂ ਕੀਤਾ, ‘‘ਲੇਕਿਨ ਉਸ ਵਿੱਚ ਉਹ ਕਿਹੜੀ ਖ਼ਾਸ ਗੱਲ ਸੀ? ਕੱਟੜ ਹਿੰਦੂ ਸੀ... ਪੇਸ਼ਾ ਨਿਹਾਇਤ ਹੀ ਘਟੀਆ, ਪਰ ਇਸ ਦੇ ਬਾਵਜੂਦ ਉਸ ਦੀ ਰੂਹ ਕਿੰਨੀ ਜ਼ਿਆਦਾ ਉੱਜਲੀ ਸੀ?’’ ਮੈਂ ਪੁੱਛਿਆ, ‘‘ਕਿਸ ਦੀ?’’ ‘‘ਇੱਕ ਦੱਲੇ ਦੀ।’’ ਅਸੀਂ ਤਿੰਨੋਂ ਹੈਰਾਨ ਹੋ ਗਏ। ਮੁਮਤਾਜ ਦੇ ਲਹਿਜੇ ਵਿੱਚ ਕੋਈ ਉਚੇਚ ਨਹੀਂ ਸੀ, ਇਸ ਲਈ ਮੈਂ ਗੰਭੀਰਤਾ ਨਾਲ ਪੁੱਛਿਆ, ‘‘ਇੱਕ ਦੱਲੇ ਦੀ?’’ ਮੁਮਤਾਜ ਨੇ ਹਾਂ ਵਿੱਚ ਸਿਰ ਹਿਲਾਇਆ, ‘‘ਮੈਨੂੰ ਹੈਰਾਨੀ ਹੈ ਕਿ ਉਹ ਕਿਹੋ ਜਿਹਾ ਇਨਸਾਨ ਸੀ ਤੇ ਜ਼ਿਆਦਾ ਹੈਰਾਨੀ ਇਸ ਗੱਲ ਦੀ ਹੈ ਕਿ ਉਹ ਮੰਨਿਆ-ਪ੍ਰਮੰਨਿਆ ਦੱਲਾ ਸੀ... ਔਰਤਾਂ ਦਾ ਦਲਾਲ... ਪਰ ਉਸ ਦੀ ਜ਼ਮੀਰ ਬਹੁਤ ਸਾਫ਼ ਸੀ।’’ ਮੁਮਤਾਜ ਥੋੜ੍ਹੀ ਦੇਰ ਚੁੱਪ ਕਰ ਗਿਆ ਜਿਵੇਂ ਉਹ ਕੋਈ ਪੁਰਾਣੀ ਘਟਨਾ ਆਪਣੇ ਦਿਮਾਗ ਵਿੱਚ ਤਾਜ਼ਾ ਕਰ ਰਿਹਾ ਹੋਵੇ। ਕੁਝ ਚਿਰ ਪਿੱਛੋਂ ਉਸ ਨੇ ਫੇਰ ਬੋਲਣਾ ਸ਼ੁਰੂ ਕੀਤਾ, ‘‘ਉਹਦਾ ਪੂਰਾ ਨਾਂ ਮੈਨੂੰ ਯਾਦ ਨਹੀਂ... ਕੋਈ ਸਹਾਏ ਸੀ... ਬਨਾਰਸ ਦਾ ਰਹਿਣ ਵਾਲਾ, ਬਹੁਤ ਸਫ਼ਾਈ ਪਸੰਦ। ਉਹ ਥਾਂ ਜਿੱਥੇ ਉਹ ਰਹਿੰਦਾ ਸੀ ਬਹੁਤ ਛੋਟੀ ਸੀ ਪਰ ਉਸ ਨੇ ਬਹੁਤ ਸਲੀਕੇ ਨਾਲ ਉਹਨੂੰ ਵੱਖ ਵੱਖ ਖਾਨਿਆਂ ਵਿੱਚ ਵੰਡ ਰੱਖਿਆ ਸੀ... ਪਰਦੇ ਦਾ ਪੂਰਾ ਪ੍ਰਬੰਧ ਸੀ। ਮੰਜੇ ’ਤੇ ਪਲੰਘ ਨਹੀਂ ਸੀ ਪਰ ਗਦੈਲੇ ਤੇ ਗੋਲ ਸਰ੍ਹਾਣੇ ਸਨ, ਚਾਦਰਾਂ ਤੇ ਗਲਾਫ਼ ਹਮੇਸ਼ਾ ਸਫ਼ੈਦ। ਨੌਕਰ ਰੱਖਿਆ ਹੋਇਆ ਸੀ ਪਰ ਉਹ ਸਫ਼ਾਈ ਆਪ ਕਰਦਾ ਸੀ... ਸਿਰਫ਼ ਸਫ਼ਾਈ ਹੀ ਨਹੀਂ... ਹਰੇਕ ਕੰਮ। ਧੋਖਾ ਤੇ ਫਰੇਬ ਕਦੇ ਨਹੀਂ ਸੀ ਕਰਦਾ।’’
‘‘ਰਾਤ ਜ਼ਿਆਦਾ ਲੰਘਣ ’ਤੇ ਆਸ-ਪਾਸ ਤੋਂ ਪਾਣੀ ਮਿਲੀ ਸ਼ਰਾਬ ਮਿਲਦੀ ਹੈ। ਉਹ ਸਾਫ਼ ਕਹਿ ਦਿੰਦਾ ਸੀ ਕਿ ਸਾਹਿਬ ਆਪਣੇ ਪੈਸੇ ਬਰਬਾਦ ਨਾ ਕਰੋ... ਜੇ ਕਿਸੇ ਮੁੰਡੇ ਬਾਰੇ ਸ਼ੱਕ ਹੋਵੇ ਤਾਂ ਲੁਕਾਉਂਦਾ ਨਹੀਂ ਸੀ। ਹੋਰ ਤਾਂ ਹੋਰ ਉਸ ਨੇ ਮੈਨੂੰ ਇਹ ਵੀ ਦੱਸ ਦਿੱਤਾ ਸੀ ਕਿ ਉਹ ਤਿੰਨ ਸਾਲ ਦੇ ਸਮੇਂ ਵਿੱਚ ਵੀਹ ਹਜ਼ਾਰ ਰੁਪਏ ਕਮਾ ਚੁੱਕਿਆ ਹੈ। ਹਰੇਕ ਦਸ ਵਿੱਚੋਂ ਢਾਈ ਰੁਪਏ ਕਮਿਸ਼ਨ ਦੇ ਲੈ ਕੇ ਉਸ ਨੇ ਹੁਣ ਸਿਰਫ਼ ਦਸ ਹਜ਼ਾਰ ਹੋਰ ਇਕੱਠੇ ਕਰਨੇ ਹਨ... ਪਤਾ ਨਹੀਂ ਦਸ ਹਜ਼ਾਰ ਹੀ ਕਿਉਂ... ਤੇ ਜ਼ਿਆਦਾ ਕਿਉਂ ਨਹੀਂ? ...ਉਸ ਨੇ ਮੈਨੂੰ ਦੱਸਿਆ ਸੀ ਕਿ ਉਹ ਤੀਹ ਹਜ਼ਾਰ ਪੂਰੇ ਕਰ ਕੇ ਵਾਪਸ ਬਨਾਰਸ ਚਲਿਆ ਜਾਵੇਗਾ ਤੇ ਬਜਾਜੀ ਦੀ ਦੁਕਾਨ ਖੋਲ੍ਹੇਗਾ। ... ਮੈਂ ਇਹ ਵੀ ਨਹੀਂ ਦੱਸ ਸਕਦਾ ਕਿ ਉਹ ਬਜਾਜੀ ਦੀ ਦੁਕਾਨ ਖੋਲ੍ਹਣ ਦਾ ਚਾਹਵਾਨ ਹੀ ਕਿਉਂ ਸੀ।’’
ਐਨਾ ਸੁਣ ਕੇ ਮੇਰੇ ਮੂੰਹੋਂ ਨਿਕਲਿਆ, ‘‘ਬੜਾ ਅਜੀਬ ਆਦਮੀ ਸੀ।’’ ਮੁਮਤਾਜ ਨੇ ਆਪਣੀ ਗੱਲ ਜਾਰੀ ਰੱਖੀ, ‘‘ਮੇਰਾ ਖ਼ਿਆਲ ਸੀ ਕਿ ਉਹ ਸਿਰ ਤੋਂ ਪੈਰ ਤੱਕ ਬਨਾਉਟੀ ਹੈ... ਬਹੁਤ ਵੱਡਾ ਧੋਖੇਬਾਜ਼। ... ਕੌਣ ਭਰੋਸਾ ਕਰ ਸਕਦਾ ਹੈ ਕਿ ਉਹ ਸਾਰੀਆਂ ਕੁੜੀਆਂ, ਜਿਹੜੀਆਂ ਉਸ ਦੇ ਇਸ ਧੰਦੇ ਵਿੱਚ ਸ਼ਾਮਿਲ ਸਨ, ਨੂੰ ਉਹ ਆਪਣੀਆਂ ਧੀਆਂ ਸਮਝਦਾ ਸੀ। ਉਸ ਵਕਤ ਮੈਨੂੰ ਤਾਂ ਇਹ ਵੀ ਸ਼ੱਕ ਸੀ ਕਿ ਉਸ ਨੇ ਹਰੇਕ ਕੁੜੀ ਦੇ ਨਾਂ ਉੱਤੇ ਪੋਸਟ ਆਫਿਸ ਵਿੱਚ ਸੇਵਿੰਗ ਅਕਾਊਂਟ ਖੋਲ੍ਹ ਰੱਖਿਆ ਸੀ... ਇਹ ਗੱਲ ਤਾਂ ਬਿਲਕੁਲ ਵੀ ਯਕੀਨ ਕਰਨ ਵਾਲੀ ਨਹੀਂ ਸੀ ਕਿ ਉਹ ਦਸ ਬਾਰਾਂ ਕੁੜੀਆਂ ਦੇ ਖਾਣ-ਪੀਣ ਦਾ ਖ਼ਰਚ ਵੀ ਆਪਣੀ ਜੇਬ ਵਿੱਚੋਂ ਕਰਦਾ ਹੈ। ...ਉਸਦੀ ਹਰੇਕ ਗੱਲ ਮੈਨੂੰ ਜ਼ਰੂਰਤ ਤੋਂ ਜ਼ਿਆਦਾ ਬਣਾਉਟੀ ਲੱਗਦੀ ਸੀ।’’ ਇੱਕ ਦਿਨ ਮੈਂ ਉੱਥੇ ਗਿਆ ਤਾਂ ਉਸ ਨੇ ਮੈਨੂੰ ਕਿਹਾ, ‘ਮੀਨਾ ਤੇ ਸਕੀਨਾ ਦੋਵੇਂ ਛੁੱਟੀ ’ਤੇ ਹਨ... ਮੈਂ ਹਰ ਹਫ਼ਤੇ ਇਨ੍ਹਾਂ ਨੂੰ ਛੁੱਟੀ ਦੇ ਦਿੰਦਾ ਹਾਂ ਤਾਂ ਕਿ ਬਾਹਰ ਜਾ ਕੇ ਕਿਸੇ ਹੋਟਲ ਵਿੱਚ ਮੀਟ ਵਗੈਰਾ ਖਾ ਸਕਣ, ਇੱਥੇ ਤਾਂ ਤੁਸੀਂ ਜਾਣਦੇ ਹੋ ਸਾਰੇ ਵੈਸ਼ਨੂੰ ਹਨ’।
ਮੈਂ ਇਹ ਸੁਣ ਕੇ ਦਿਲ ਹੀ ਦਿਲ ਵਿੱਚ ਮੁਸਕਰਾਇਆ ਕਿ ਇਹ ਮੈਨੂੰ ਬੇਵਕੂਫ਼ ਬਣਾ ਰਿਹਾ ਹੈ... ਇੱਕ ਦਿਨ ਉਸ ਨੇ ਮੈਨੂੰ ਦੱਸਿਆ ਕਿ ਅਹਿਮਦਾਬਾਦ ਦੀ ਉਸ ਹਿੰਦੂ ਕੁੜੀ, ਜਿਸ ਦੀ ਸ਼ਾਦੀ ਉਸ ਨੇ ਇੱਕ ਮੁਸਲਮਾਨ ਗਾਹਕ ਨਾਲ ਕਰਵਾ ਦਿੱਤੀ ਸੀ, ਨੇ ਲਾਹੌਰ ਤੋਂ ਚਿੱਠੀ ਲਿਖੀ ਹੈ ਕਿ ਦਾਤਾ ਸਾਹਿਬ ਦੇ ਦਰਬਾਰ ਵਿੱਚ ਉਸ ਨੇ ਇੱਕ ਸੁੱਖ ਸੁੱਖੀ ਸੀ ਜੋ ਪੂਰੀ ਹੋ ਗਈ ਹੈ। ਹੁਣ ਉਸ ਨੇ ਸਹਾਏ ਲਈ ਸੁੱਖ ਸੁੱਖੀ ਹੈ ਕਿ ਜਲਦੀ ਜਲਦੀ ਉਸਦੇ ਤੀਹ ਹਜ਼ਾਰ ਰੁਪਏ ਪੂਰੇ ਹੋਣ ਤੇ ਉਹ ਬਨਾਰਸ ਜਾ ਕੇ ਬਜਾਜੀ ਦੀ ਦੁਕਾਨ ਖੋਲ੍ਹ ਸਕੇ। ਇਹ ਸੁਣ ਕੇ ਮੈਨੂੰ ਹਾਸਾ ਆ ਗਿਆ, ਮੈਂ ਸੋਚਿਆ ਕਿਉਂਕਿ ਮੈਂ ਮੁਸਲਮਾਨ ਹਾਂ, ਇਸ ਲਈ ਮੈਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।’’
ਮੈਂ ਮੁਮਤਾਜ ਨੂੰ ਪੁੱਛਿਆ, ‘‘ਕੀ ਤੇਰਾ ਖਿਆਲ ਗ਼ਲਤ ਸੀ?’’ ‘‘ਬਿਲਕੁਲ... ਉਸ ਦੇ ਕੌਲ ਕਰਾਰ ਵਿੱਚ ਕੋਈ ਖੋਟ ਨਹੀਂ ਸੀ... ਹੋ ਸਕਦਾ ਹੈ ਕਿ ਉਸ ਦੇ ਵਿੱਚ ਕੋਈ ਘਾਟ ਹੋਵੇ, ਬਹੁਤ ਸੰਭਵ ਹੈ ਕਿ ਉਸ ਤੋਂ ਆਪਣੀ ਜ਼ਿੰਦਗੀ ਵਿੱਚ ਕਈ ਗ਼ਲਤੀਆਂ ਹੋਈਆਂ ਹੋਣ... ਪਰ ਉਹ ਬਹੁਤ ਹੀ ਵਧੀਆ ਇਨਸਾਨ ਸੀ।’’ ਜੁਗਲ ਨੇ ਸਵਾਲ ਕੀਤਾ, ‘‘ਇਹ ਤੈਨੂੰ ਕਿਵੇਂ ਪਤਾ ਲੱਗਿਆ?’’ ‘‘ਉਸ ਦੀ ਮੌਤ ਉੱਤੇ।’’ ਇਹ ਕਹਿ ਕੇ ਮੁਮਤਾਜ ਕੁਝ ਸਮੇਂ ਲਈ ਚੁੱਪ ਕਰ ਗਿਆ। ਥੋੜ੍ਹੀ ਦੇਰ ਬਾਅਦ ਉਸ ਨੇ ਇੱਧਰ-ਉਧਰ ਦੇਖਣਾ ਸ਼ੁਰੂ ਕੀਤਾ ਜਿੱਥੇ ਆਸਮਾਨ ਤੇ ਧਰਤੀ ਧੁੰਦਲੀ ਜਿਹੀ ਗੋਦ ਵਿੱਚ ਸਿਮਟੇ ਹੋਏ ਸਨ।
‘‘ਫਸਾਦ ਸ਼ੁਰੂ ਹੋ ਚੁੱਕੇ ਸੀ... ਮੈਂ ਮੂੰਹ ਹਨੇਰੇ ਉੱਠ ਕੇ ਭਿੰਡੀ ਬਾਜ਼ਾਰ ਵਿੱਚੋਂ ਲੰਘ ਰਿਹਾ ਸੀ... ਕਰਫਿਊ ਕਰਕੇ ਬਾਜ਼ਾਰ ਵਿੱਚ ਆਵਾਜਾਈ ਬਹੁਤ ਘੱਟ ਸੀ... ਟਰਾਮ ਵੀ ਨਹੀਂ ਸੀ ਚੱਲ ਰਹੀ... ਟੈਕਸੀ ਦੀ ਭਾਲ਼ ਵਿੱਚ ਤੁਰਦੇ ਤੁਰਦੇ ਜਦੋਂ ਮੈਂ ਜੇ ਜੇ ਹਸਪਤਾਲ ਕੋਲ ਪਹੁੰਚਿਆ ਤਾਂ ਫੁੱਟਪਾਥ ਉੱਤੇ ਮੈਂ ਇੱਕ ਆਦਮੀ ਨੂੰ ਵੱਡੇ ਸਾਰੇ ਟੋਕਰੇ ਕੋਲ ਗੱਠੜੀ ਜਿਹੀ ਬਣਿਆ ਦੇਖਿਆ। ਮੈਂ ਸੋਚਿਆ ਕਿ ਕੋਈ ਪੱਟੀਦਾਰ ਮਜ਼ਦੂਰ ਸੌਂ ਰਿਹਾ ਹੈ ਪਰ ਜਦੋਂ ਮੈਂ ਪੱਥਰ ਦੇ ਟੁਕੜਿਆਂ ਉੱਤੇ ਖ਼ੂਨ ਦੇ ਲੋਥੜੇ ਦੇਖੇ ਤਾਂ ਰੁਕ ਗਿਆ... ਵਾਰਦਾਤ ਕਤਲ ਦੀ ਸੀ, ਮੈਂ ਸੋਚਿਆ ਆਪਣੇ ਰਸਤੇ ਪਵਾਂ ਪਰ ਲਾਸ਼ ਵਿੱਚ ਹਰਕਤ ਪੈਦਾ ਹੋਈ... ਮੈਂ ਫਿਰ ਰੁਕ ਗਿਆ, ਕੋਲ ਕੋਈ ਨਹੀਂ ਸੀ। ਮੈਂ ਝੁਕ ਕੇ ਉਸ ਵੱਲ ਦੇਖਿਆ। ਮੈਨੂੰ ਸਹਾਏ ਦਾ ਜਾਣਿਆ ਪਛਾਣਿਆ ਚਿਹਰਾ ਨਜ਼ਰ ਆਇਆ, ਪਰ ਖ਼ੂਨ ਨਾਲ ਭਰਿਆ ਹੋਇਆ। ਮੈਂ ਉਹਦੇ ਕੋਲ ਫੁੱਟਪਾਥ ਉੱਤੇ ਬੈਠ ਗਿਆ ਤੇ ਗ਼ੌਰ ਨਾਲ ਦੇਖਿਆ। ਉਹਦੀ ਸਫ਼ੈਦ ਕਮੀਜ਼, ਜਿਹੜੀ ਬਿਲਕੁਲ ਬੇਦਾਗ਼ ਹੁੰਦੀ ਸੀ, ਲਹੂ ਨਾਲ ਲਿਬੜੀ ਹੋਈ ਸੀ... ਜ਼ਖ਼ਮ ਸ਼ਾਇਦ ਪੱਸਲੀਆਂ ਦੇ ਕੋਲ ਸੀ। ਉਹਨੇ ਹੌਲੀ-ਹੌਲੀ ਹੂੰਗਰ ਮਾਰਨੀ ਸ਼ੁਰੂ ਕੀਤੀ ਤਾਂ ਮੈਂ ਸਾਵਧਾਨੀ ਨਾਲ ਉਹਦਾ ਮੋਢਾ ਹਿਲਾਇਆ ਜਿਵੇਂ ਕਿਸੇ ਸੁੱਤੇ ਨੂੰ ਜਗਾਇਆ ਜਾਂਦਾ ਹੈ। ਇੱਕ-ਦੋ ਵਾਰ ਮੈਂ ਉਸ ਨੂੰ ਉਹਦੇ ਅਧੂਰੇ ਨਾਂ ਨਾਲ ਵੀ ਬੁਲਾਇਆ... ਮੈਂ ਉੱਠ ਕੇ ਜਾਣ ਹੀ ਲੱਗਿਆ ਸੀ ਕਿ ਉਹਨੇ ਆਪਣੀਆਂ ਅੱਖਾਂ ਖੋਲ੍ਹੀਆਂ... ਦੇਰ ਤੱਕ ਉਹ ਆਪਣੀਆਂ ਅੱਧਖੁੱਲ੍ਹੀਆਂ ਅੱਖਾਂ ਨਾਲ ਟਿਕਟਿਕੀ ਲਾਈ ਮੈਨੂੰ ਦੇਖਦਾ ਰਿਹਾ... ਫੇਰ ਉਹਦੇ ਸਾਰੇ ਸਰੀਰ ਵਿੱਚ ਕਾਂਬਾ ਜਿਹਾ ਪੈਦਾ ਹੋਇਆ... ਉਹਨੇ ਮੈਨੂੰ ਪਛਾਣ ਕੇ ਕਿਹਾ, ‘ਤੁਸੀਂ... ਤੁਸੀਂ?’ ਮੈਂ ਉਸ ਨੂੰ ਕਈ ਗੱਲਾਂ ਪੁੱਛਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ ਇੱਧਰ ਕਿਵੇਂ ਆਇਆ? ...ਕੀਹਨੇ ਉਸ ਨੂੰ ਜ਼ਖ਼ਮੀ ਕਰ ਦਿੱਤਾ? ...ਕਦੋਂ ਤੋਂ ਉਹ ਇੱਥੇ ਫੁੱਟਪਾਥ ਉੱਤੇ ਪਿਆ ਹੈ? ...ਸਾਹਮਣੇ ਹਸਪਤਾਲ ਹੈ, ਕੀ ਮੈਂ ਉੱਥੇ ਜਾ ਕੇ ਦੱਸਾਂ?’’
ਉਸ ਵਿੱਚ ਬੋਲਣ ਦੀ ਤਾਕਤ ਨਹੀਂ ਸੀ ਜਦੋਂ ਮੈਂ ਉਸ ਨੂੰ ਸਾਰੇ ਸਵਾਲ ਪੁੱਛ ਲਏ ਤਾਂ ਕਰਾਹੁੰਦੇ ਹੋਏ ਉਸ ਨੇ ਬੜੀ ਮੁਸ਼ਕਿਲ ਨਾਲ ਕੁਝ ਸ਼ਬਦ ਬੋਲੇ, ‘‘ਮੇਰੇ ਦਿਨ ਪੂਰੇ ਹੋ ਚੁੱਕੇ ਸਨ। ਭਗਵਾਨ ਨੂੰ ਇਹੀ ਮਨਜ਼ੂਰ ਸੀ।’’
ਭਗਵਾਨ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ ਪਰ ਮੈਨੂੰ ਇਹ ਮਨਜ਼ੂਰ ਨਹੀਂ ਸੀ ਕਿ ਮੈਂ ਮੁਸਲਮਾਨ ਹੋ ਕੇ, ਮੁਸਲਮਾਨਾਂ ਦੇ ਇਲਾਕੇ ਵਿੱਚ ਇੱਕ ਆਦਮੀ ਨੂੰ, ਜੀਹਦੇ ਬਾਰੇ ਮੈਂ ਜਾਣਦਾ ਸੀ ਕਿ ਹਿੰਦੂ ਹੈ, ਇਸ ਅਹਿਸਾਸ ਨਾਲ ਮਰਦੇ ਦੇਖਾਂ ਕਿ ਉਸ ਨੂੰ ਮਾਰਨ ਵਾਲਾ ਮੁਸਲਮਾਨ ਸੀ ਤੇ ਆਖ਼ਰੀ ਵਕਤ ਉਹਦੇ ਸਰ੍ਹਾਣੇ ਜਿਹੜਾ ਆਦਮੀ ਖੜ੍ਹਾ ਸੀ ਉਹ ਵੀ ਮੁਸਲਮਾਨ ਸੀ।
ਮੈਂ ਡਰਪੋਕ ਤਾਂ ਨਹੀਂ ਸੀ ਪਰ ਉਸ ਵਕਤ ਮੇਰੀ ਹਾਲਤ ਡਰਪੋਕਾਂ ਨਾਲੋਂ ਭੈੜੀ ਸੀ। ਇੱਕ ਪਾਸੇ ਇਹ ਡਰ ਮੇਰੇ ਉੱਤੇ ਛਾਇਆ ਹੋਇਆ ਸੀ ਕਿ ਸੰਭਵ ਹੈ ਮੈਂ ਹੀ ਫੜਿਆ ਜਾਵਾਂ, ਦੂਜੇ ਪਾਸੇ ਇਹ ਵੀ ਡਰ ਸੀ ਕਿ ਫੜਿਆ ਨਾ ਵੀ ਗਿਆ ਤਾਂ ਪੁੱਛਗਿੱਛ ਲਈ ਫੜ ਲਿਆ ਜਾਵਾਂਗਾ... ਇੱਕ ਵਾਰ ਖ਼ਿਆਲ ਆਇਆ, ਜੇ ਮੈਂ ਉਸ ਨੂੰ ਹਸਪਤਾਲ ਲੈ ਗਿਆ ਤਾਂ ਕੀ ਪਤਾ ਆਪਣਾ ਬਦਲਾ ਲੈਣ ਲਈ ਮੈਨੂੰ ਹੀ ਫਸਾ ਦੇਵੇ। ... ਸੋਚੇ ਮਰਨਾ ਤਾਂ ਹੈ ਹੀ ਕਿਉਂ ਨਾ ਇਹਨੂੰ ਨਾਲ ਲੈ ਕੇ ਮਰਾਂ।
ਇਸ ਤਰ੍ਹਾਂ ਦੀਆਂ ਗੱਲਾਂ ਸੋਚ ਕੇ ਮੈਂ ਤੁਰਨ ਹੀ ਲੱਗਿਆ ਸੀ ਬਲਕਿ ਇਹ ਕਹੋ ਕਿ ਭੱਜਣ ਹੀ ਲੱਗਿਆ ਸੀ ਕਿ ਸਹਾਏ ਨੇ ਮੈਨੂੰ ਬੁਲਾਇਆ... ਮੈਂ ਠਹਿਰ ਗਿਆ... ਨਾ ਠਹਿਰਨ ਦੇ ਇਰਾਦੇ ਦੇ ਬਾਵਜੂਦ ਮੇਰੇ ਕਦਮ ਰੁਕ ਗਏ।
ਮੈਂ ਉਹਦੇ ਵੱਲ ਇਸ ਢੰਗ ਨਾਲ ਦੇਖਿਆ, ਜਿਵੇਂ ਉਸ ਨੂੰ ਕਹਿ ਰਿਹਾ ਹੋਵਾਂ... ਜਲਦੀ ਕਰ ਬਈ ਮੈਂ ਜਾਣਾ ਹੈ... ਉਹਨੇ ਜ਼ਖ਼ਮਾਂ ਦੀ ਤਕਲੀਫ਼ ਨਾਲ ਦੂਹਰਾ ਹੁੰਦੇ ਹੋਏ, ਬੜੀ ਮੁਸ਼ਕਿਲ ਨਾਲ ਆਪਣੀ ਕਮੀਜ਼ ਦੇ ਬਟਨ ਖੋਲ੍ਹੇ ਤੇ ਅੰਦਰ ਹੱਥ ਪਾਇਆ। ਪਰ ਜਦੋਂ ਹੋਰ ਕੁਝ ਕਰਨ ਦੀ ਉਹਦੇ ਵਿੱਚ ਹਿੰਮਤ ਨਾ ਰਹੀ ਤਾਂ ਉਸ ਨੇ ਮੈਨੂੰ ਕਿਹਾ, ‘‘ਨੀਚੇ ਬੰਡੀ ਹੈ... ਉਹਦੀ ਜੇਬ ਵਿੱਚ ਕੁਝ ਗਹਿਣੇ ਤੇ ਬਾਰਾਂ ਸੌ ਰੁਪਏ ਹਨ। ਇਹ ਸੁਲਤਾਨਾ ਦਾ ਸਾਮਾਨ ਹੈ... ਮੈਂ... ਮੈਂ... ਇੱਕ ਦੋਸਤ ਕੋਲ ਰੱਖਿਆ ਹੋਇਆ ਸੀ... ਅੱਜ... ਅੱਜ ਉਸ ਨੂੰ ਭੇਜਣ ਵਾਲਾ ਸੀ... ਤੁਸੀਂ... ਜਾਣਦੇ ਹੋ ਖ਼ਤਰਾ ਬਹੁਤ ਵਧ ਗਿਆ ਹੈ... ਤੁਸੀਂ ਉਸ ਨੂੰ ਦੇ ਦੇਣਾ ਤੇ ਕਹਿ ਦੇਣਾ ਤੁਰੰਤ ਚਲੀ ਜਾਵੇ... ਲੇਕਿਨ... ਆਪਣਾ ਖਿਆਲ ਰੱਖਿਓ।’’
ਮੁਮਤਾਜ ਚੁੱਪ ਕਰ ਗਿਆ। ਪਰ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਉਹਦੀ ਆਵਾਜ਼ ਸਹਾਏ ਦੀ ਆਵਾਜ਼ ਵਿੱਚ, ਜੋ ਜੇ ਜੇ ਹਸਪਤਾਲ ਦੇ ਫੁੱਟਪਾਥ ’ਤੇ ਉੱਭਰੀ, ਦੂਰ ਉੱਧਰ ਜਿੱਥੇ ਆਸਮਾਨ ਤੇ ਧਰਤੀ ਧੁੰਦਲੀ ਜਿਹੀ ਗੋਦ ਵਿੱਚ ਮਿਲ ਰਹੇ ਸੀ, ਰਲਗੱਡ ਹੋ ਰਹੀ ਹੈ।
ਜਹਾਜ਼ ਨੇ ਸੀਟੀ ਮਾਰੀ ਤਾਂ ਮੁਮਤਾਜ ਨੇ ਕਿਹਾ, ‘‘ਮੈਂ ਸੁਲਤਾਨਾ ਨੂੰ ਮਿਲਿਆ... ਉਹਦੇ ਕਹਿਣ ’ਤੇ ਪੈਸੇ ਦਿੱਤੇ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ।’’
ਜਦੋਂ ਅਸੀਂ ਮੁਮਤਾਜ ਨੂੰ ਛੱਡ ਕੇ ਜਹਾਜ਼ ਤੋਂ ਹੇਠਾਂ ਉੱਤਰੇ ਤਾਂ ਉਹ ਛੱਜੇ ਦੇ ਜੰਗਲੇ ਦੇ ਨਾਲ ਲੱਗਿਆ ਖੜ੍ਹਾ ਸੀ... ਉਹਦਾ ਸੱਜਾ ਹੱਥ ਹਿੱਲ ਰਿਹਾ ਸੀ। ਮੈਂ ਜੁਗਲ ਨੂੰ ਕਿਹਾ, ‘‘ਕੀ ਤੈਨੂੰ ਇੰਝ ਨਹੀਂ ਲਗਦਾ ਕਿ ਮੁਮਤਾਜ ਸਹਾਏ ਦੀ ਰੂਹ ਨੂੰ ਬੁਲਾ ਰਿਹਾ ਹੈ... ਹਮਸਫ਼ਰ ਬਣਾਉਣ ਲਈ?’’ ਜੁਗਲ ਨੇ ਸਿਰਫ਼ ਐਨਾ ਕਿਹਾ, ‘‘ਕਾਸ਼! ਮੈਂ ਸਹਾਏ ਦੀ ਰੂਹ ਹੁੰਦਾ।’’

Advertisement

Advertisement