ਕੈਨੇਡਾ ਤੋਂ ਫ਼ਰਾਰ ਨਸ਼ਾ ਤਸਕਰ ਦੀ ਗ੍ਰਿਫ਼ਤਾਰੀ ਲਈ ਇੰਟਰਪੋਲ ਤੋਂ ਮਦਦ ਮੰਗੀ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 18 ਦਸੰਬਰ
ਛੇ ਸਾਲ ਪਹਿਲਾਂ 80 ਕਿਲੋ ਕੋਕੀਨ ਦੀ ਤਸਕਰੀ ਕਰਦਿਆਂ ਫੜੇ ਗਏ ਅਤੇ ਜ਼ਮਾਨਤ ਮਿਲਣ ਮਗਰੋਂ ਭਾਰਤ ਭੱਜੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਾਉਣ ਲਈ ਕੈਨੇਡਾ ਪੁਲੀਸ ਨੇ ਇੰਟਰਪੋਲ ਤੋਂ ਮਦਦ ਮੰਗੀ ਹੈ। ਰਾਜ ਕੁਮਾਰ ਮਹਿਮੀ ਨਵੰਬਰ 2017 ਨੂੰ ਅਮਰੀਕਾ ਤੋਂ ਆਪਣਾ ਮਾਲ ਨਾਲ ਭਰਿਆ ਟਰੱਕ ਲੈ ਕੇ ਕੈਨੇਡਾ ਦਾਖਲ ਹੋਣ ਮੌਕੇ ਚੈਕਿੰਗ ਦੌਰਾਨ ਕੋਕੀਨ ਦੇ 80 ਪੈਕੇਟ ਨਾਲ ਫੜਿਆ ਗਿਆ ਸੀ, ਜਿਸ ਦੀ ਭਾਰਤੀ ਕਰੰਸੀ ਵਿੱਚ ਕੀਮਤ ਉਦੋਂ ਕਰੀਬ 26 ਕਰੋੜ ਬਣਦੀ ਸੀ। ਗ੍ਰਿਫ਼ਤਾਰੀ ਤੋਂ ਅਦਾਲਤੀ ਕਾਰਵਾਈ ਤੱਕ ਉਸ ਨੂੰ ਜ਼ਮਾਨਤ ’ਤੇ ਛੱਡ ਦਿੱਤਾ ਗਿਆ ਪਰ ਪਿਛਲੇ ਸਾਲ ਅਦਾਲਤ ਵੱਲੋਂ ਦੋਸ਼ ਆਇਦ ਕੀਤੇ ਜਾਣ ਮਗਰੋਂ ਉਹ ਵੈਨਕੂਵਰ ਤੋਂ ਉਡਾਣ ਰਾਹੀਂ ਦਿੱਲੀ ਪੁੱਜ ਗਿਆ। ਤਿੰਨ ਕੁ ਮਹੀਨੇ ਪਹਿਲਾਂ ਅਦਾਲਤ ਨੇ ਸੁਣਵਾਈ ਪੂਰੀ ਕਰਕੇ ਉਸ ਨੂੰ 15 ਸਾਲ ਕੈਦ ਦੀ ਸਜ਼ਾ ਦਿੱਤੀ। ਪੁਲੀਸ ਵੱਲੋਂ ਕੀਤੀ ਗਈ ਛਾਣ-ਬੀਣ ਤੋਂ ਮੁਲਜ਼ਮ ਦੇ ਭਾਰਤ ਭੱਜਣ ਦਾ ਪਤਾ ਲੱਗਿਆ। ਕੈਨੇਡੀਅਨ ਪੁਲੀਸ ਨੇ ਭਾਰਤ ਨਾਲ ਹਵਾਲਗੀ ਸੰਧੀ ਦਾ ਹਵਾਲਾ ਦਿੰਦਿਆਂ ਇੰਟਰਪੋਲ ਤੋਂ ਮਦਦ ਮੰਗੀ ਹੈ ਕਿ ਮੁਲਜ਼ਮ ਨੂੰ ਭਾਰਤ ਤੋਂ ਕੈਨੇਡਾ ਲਿਆਉਣ ਦੇ ਯਤਨ ਕੀਤੇ ਜਾਣ। ਅਧਿਕਾਰੀਆਂ ਨੇ ਕਿਹਾ ਕਿ ਉਸ ਨੂੰ ਹਰ ਹਾਲ ਭਾਰਤ ਤੋਂ ਕੈਨੇਡਾ ਲਿਆਂਦਾ ਜਾਵੇਗਾ।