For the best experience, open
https://m.punjabitribuneonline.com
on your mobile browser.
Advertisement

ਸਲਾਮ ਵਿਨੇਸ਼

06:12 AM Aug 08, 2024 IST
ਸਲਾਮ ਵਿਨੇਸ਼
Advertisement

ਵਿਨੇਸ਼ ਫੋਗਾਟ ਜਾਂ ਸਫਲਤਾ ਦੀਆਂ ਕਹਾਣੀਆਂ ਦੇ ਸੋਕੇ ਮਾਰੇ ਇਸ ਮੁਲਕ ਦੇ ਹੱਥ ਵਿੱਚ ਓਲੰਪਿਕਸ ਦਾ ਸੋਨ ਤਗ਼ਮਾ ਆਉਂਦਾ-ਆਉਂਦਾ ਰਹਿ ਗਿਆ ਹੈ ਜਿਸ ਕਰ ਕੇ 1 ਅਰਬ 40 ਕਰੋੜ ਲੋਕਾਂ ਦੇ ਦਿਲ ਟੁੱਟ ਗਏ ਹਨ। ਕੁਝ ਘੰਟਿਆਂ ਵਿੱਚ ਹੀ ਉਤਸ਼ਾਹ ਵਾਲਾ ਮਾਹੌਲ ਅਕਹਿ ਪੀੜ ਵਿੱਚ ਬਦਲ ਗਿਆ ਜਿਸ ਦੀ ਮਿਸਾਲ ਦੂਰ-ਦੂਰ ਤੱਕ ਦਿਖਾਈ ਨਹੀਂ ਪੈਂਦੀ। ਫਿਰ ਵੀ ਤਗ਼ਮਾ ਮਿਲਿਆ ਜਾਂ ਨਹੀਂ ਪਰ ਵਿਨੇਸ਼ ਫੋਗਾਟ ਨੇ ਜਿਵੇਂ ਇੱਕੋ ਦਿਨ ਵਿੱਚ ਤਿੰਨ ਮੁਕਾਬਲੇ ਜਿੱਤ ਕੇ ਖ਼ਾਸਕਰ ਮੌਜੂਦਾ ਚੈਂਪੀਅਨ ਯੂਈ ਸੁਸਾਕੀ ਨੂੰ ਹਰਾ ਕੇ ਜੋ ਕਾਰਨਾਮਾ ਕਰ ਦਿਖਾਇਆ ਹੈ, ਉਸ ਨੂੰ ਭੁਲਾਇਆ ਨਹੀਂ ਜਾ ਸਕਦਾ। ਜਦੋਂ ਓਲੰਪਿਕ ਸੋਨ ਤਗਮਾ ਜੇਤੂ ਅਭਿਨਵ ਬਿੰਦਰਾ ਤੁਹਾਨੂੰ ‘ਚੈਂਪੀਅਨਾਂ ਦੀ ਚੈਂਪੀਅਨ’ ਕਰਾਰ ਦਿੰਦਾ ਹੈ ਤਾਂ ਹਰ ਕੋਈ ਇਹੀ ਕਹਿ ਰਿਹਾ ਹੈ ਤਾਂ ਇੱਕ ਲੇਖੇ ਤੁਸੀਂ ਜਿੱਤ ਚੁੱਕੇ ਹੁੰਦੇ ਹੋ।
ਸੈਮੀਫਾਈਨਲ ਵਿੱਚ ਆਪਣੀ ਜਿੱਤ ਤੋਂ ਬਾਅਦ ਵਿਨੇਸ਼ ਨੂੰ ਪਲ ਦਾ ਵੀ ਆਰਾਮ ਨਹੀਂ ਮਿਲ ਸਕਿਆ। ਉਸ ਨੇ ਅਤੇ ਉਸ ਦੇ ਸਹਾਇਕ ਸਟਾਫ ਨੇ ਫ਼ੈਸਲਾਕੁਨ ਪਲ ਲਈ ਉਸ ਦਾ ਸਹੀ ਵਜ਼ਨ ਬਣਾਉਣ ਲਈ ਬਹੁਤ ਔਖੀ ਲੜਾਈ ਲੜੀ। ਸਾਰੀ ਰਾਤ ਉਹ ਸੌਂ ਨਾ ਸਕੀ ਅਤੇ ਭੁੱਖ ਨਾਲ ਲੜਦੀ ਰਹੀ ਪਰ ਅਖ਼ੀਰ ਨੂੰ ਉਹ ਹਾਰ ਗਈ ਤੇ ਇਹ ਮਹਿਜ਼ 100 ਗ੍ਰਾਮ ਦਾ ਸਵਾਲ ਟਨਾਂ ਤੋਂ ਭਾਰੀ ਬਣ ਗਿਆ।
ਵਿਨੇਸ਼ ਨੂੰ ਭਾਵੇਂ ਜਿ਼ਆਦਾ ਵਜ਼ਨ ਹੋਣ ਕਰ ਕੇ ਅਯੋਗ ਕਰਾਰ ਦੇ ਦਿੱਤਾ ਗਿਆ ਪਰ ਉਸ ’ਤੇ ਕੋਈ ਉਂਗਲ ਨਹੀਂ ਚੁੱਕ ਸਕਦਾ ਅਤੇ ਇਹੀ ਉਸ ਦੀ ਪ੍ਰੇਰਨਾਦਾਇਕ ਕਹਾਣੀ ਦਾ ਸਾਰ ਹੈ। ਉਹ ਪੈਰਿਸ ਓਲੰਪਿਕਸ ਵਿੱਚ ਅਜੇਤੂ ਰਹੀ ਅਤੇ ਆਪਣਾ ਸਿਰ ਮਾਣ ਨਾਲ ਚੁੱਕ ਕੇ ਵਾਪਸ ਆਵੇਗੀ। ਉਸ ਦੇ ਹੁਨਰ, ਜਜ਼ਬੇ ਅਤੇ ਤਾਕਤ ਦੀ ਕਹਾਣੀ ਵਾਰ-ਵਾਰ ਸੁਣਾਈ ਜਾਂਦੀ ਰਹੇਗੀ। ਉਸ ਨੇ ਬਾਹੂਬਲੀ ਸਿਆਸਤਦਾਨ ਦਾ ਟਾਕਰਾ ਕੀਤਾ ਸੀ ਜੋ ਸੱਤਾ ਦੀ ਆੜ ਹੇਠ ਮਹਿਲਾ ਭਲਵਾਨਾਂ ਦੀ ਇੱਜ਼ਤ ਆਬਰੂ ਨਾਲ ਖਿਲਵਾੜ ਕਰ ਰਿਹਾ ਸੀ। ਇਸ ਤਰ੍ਹਾਂ ਦੀ ਲੜਾਈ ਲਈ ਤੁਹਾਡੇ ਅੰਦਰ ਅੰਤਾਂ ਦਾ ਇਖ਼ਲਾਕੀ ਬਲ ਲੋੜੀਂਦਾ ਹੈ। ਵਿਨੇਸ਼ ਨੇ ਜੰਤਰ-ਮੰਤਰ ’ਤੇ ਸਪਸ਼ਟ ਕਰ ਦਿੱਤਾ ਸੀ ਕਿ ਇਸ ਸੰਘਰਸ਼ ਵਿੱਚ ਸ਼ਾਮਿਲ ਹੋਣ ਦਾ ਉਸ ਦਾ ਇੱਕੋ ਮੰਤਵ ਹੈ: ਆਉਣ ਵਾਲੀਆਂ ਮਹਿਲਾ ਭਲਵਾਨਾਂ ਦੀ ਸੁਰੱਖਿਆ ਯਕੀਨੀ ਬਣਾਉਣੀ। ਉਹ ਲੜਾਈ ਅਜੇ ਜਾਰੀ ਹੈ ਅਤੇ ਅਸੀਂ ਜਾਣਦੇ ਹਾਂ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲ ਜਾਂਦਾ, ਉਦੋਂ ਤੱਕ ਉਹ ਚੈਨ ਨਾਲ ਨਹੀਂ ਬੈਠੇਗੀ। ਇਸ ਮਾਮਲੇ ਵਿਚ ਵੀ ਉਸ ਦੀ ਲੜਾਈ ਮਿਸਾਲੀ ਸੀ। ਭਲਵਾਨੀ ਦਾ ਮੈਟ ਹੋਵੇ ਜਾਂ ਅੰਦੋਲਨ ਦਾ ਮੈਦਾਨ, ਵਿਨੇਸ਼ ਕਦੇ ਵੀ ਪਿਛਾਂਹ ਹਟਣਾ ਨਹੀਂ ਜਾਣਦੀ ਜਿਸ ਕਰ ਕੇ ਹਰ ਭਾਰਤੀ ਉਸ ਨੂੰ ਸਲਾਮ ਕਰਦਾ ਹੈ। ਉਂਝ, ਉਸ ਦੀ ਇਸ ਗੱਲ ਵੱਲ ਤਵੱਜੋ ਦੇਣ ਦੀ ਬੇਹੱਦ ਜ਼ਰੂਰਤ ਹੈ ਜਿਸ ਵਿਚ ਉਸ ਨੇ ਕੁਝ ਮਹੀਨੇ ਪਹਿਲਾਂ ਖ਼ਦਸ਼ਾ ਜ਼ਾਹਿਰ ਕੀਤਾ ਸੀ ਕਿ ਉਸ ਦੀ ਆਪਣੀ ਹੀ ਫੈਡਰੇਸ਼ਨ ਉਸ ਨੂੰ ਖੇਡਣ ਤੋਂ ਰੋਕਣ ਲਈ ਕੋਈ ਵੀ ਸਾਜਿ਼ਸ਼ ਰਚ ਸਕਦੀ ਹੈ। ਇਸ ਲਈ ਇਸ ਸਮੁੱਚੇ ਮਾਮਲੇ ਦੀ ਹਰ ਪਰਤ ਫਰੋਲਣੀ ਚਾਹੀਦੀ ਹੈ। ਨਾਲੇ ਇਹ ਇਕੱਲੀ ਵਿਨੇਸ਼ ਫੋਗਾਟ ਨਾਲ ਜੁੜਿਆ ਮਾਮਲਾ ਨਹੀਂ; ਇਸ ਦਾ ਸਬੰਧ ਮੁਲਕ ਦੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਹੈ, ਇਸ ਤੋਂ ਵੀ ਵੱਧ ਮੁਲਕ ਦੇ ਵੱਕਾਰ ਨਾਲ ਹੈ।

Advertisement
Advertisement
Author Image

joginder kumar

View all posts

Advertisement