ਹੈਲੀਕਾਪਟਰ ਹਾਦਸਾ: ਪਾਇਲਟ ਦੀ ਮੌਤ ਕਾਰਨ ਭਾਗੋਮਾਜਰਾ ਵਿੱਚ ਸੋਗ
ਮਿਹਰ ਸਿੰਘ
ਕੁਰਾਲੀ, 3 ਅਕਤੂਬਰ
ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ ਪਾਇਲਟ ਪਰਮਜੀਤ ਸਿੰਘ ਭਾਗੋਮਾਜਰਾ ਦੀ ਮੌਤ ਦੀ ਖ਼ਬਰ ਨਾਲ ਸਥਾਨਕ ਸ਼ਹਿਰ ਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਮਜੀਤ ਸਿੰਘ ਦਾ ਅੰਤਿਮ ਸੰਸਕਾਰ ਰਾਜਧਾਨੀ ਦਿੱਲੀ ਵਿੱਚ 4 ਅਕਤੂਬਰ ਨੂੰ ਹੋਵੇਗਾ। ਇੱਥੋਂ ਨੇੜਲੇ ਪਿੰਡ ਭਾਗੋਮਾਜਰਾ ਦੇ ਸਾਧਾਰਨ ਪਰਿਵਾਰ ਵਿੱਚੋਂ ਉਠ ਕੇ ਪਰਮਜੀਤ ਸਿੰਘ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਰੀਬ ਦੋ ਸਾਲ ਸਾਇੰਸ ਮਾਸਟਰ ਵਜੋਂ ਸਰਕਾਰੀ ਨੌਕਰੀ ਕੀਤੀ। ਫੌਜ ਵਿੱਚੋਂ ਬਤੌਰ ਸਕੁਐਡਰਨ ਲੀਡਰ ਸੇਵਾਮੁਕਤ ਹੋਣ ਮਗਰੋਂ ਉਹ ਪ੍ਰਾਈਵੇਟ ਕੰਪਨੀ ਹੈਰੀਟੇਜ਼ ਐਵੀਏਸ਼ਨ ਵਿੱਚ ਬਤੌਰ ਪਾਇਲਟ ਸੇਵਾਵਾਂ ਨਿਭਾਅ ਰਹੇ ਸਨ। ਉਨ੍ਹਾਂ ਦੇ ਭਤੀਜੇ ਗੁਰਕੀਰਤ ਸਿੰਘ ਗੁਰੀ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਬਾਰੇ ਵਧੇਰੇ ਜਾਣਕਾਰੀ ਹਾਲੇ ਤੱਕ ਨਹੀਂ ਮਿਲ ਸਕੀ ਪਰ ਮੁਢਲੇ ਤੌਰ ’ਤੇ ਇਹੋ ਕਿਹਾ ਜਾ ਰਿਹਾ ਹੈ ਕਿ ਖਰਾਬ ਮੌਸਮ ਤੇ ਧੁੰਦ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਦੱਸਿਆ ਕਿ ਪਰਮਜੀਤ ਸਿੰਘ ਲੋਕ ਸਭਾ ਮੈਂਬਰ ਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਸੂਬਾਈ ਪ੍ਰਧਾਨ ਸੁਨੀਲ ਤਤਕਰੇ ਨੂੰ ਹਵਾਈ ਸਫ਼ਰ ਦੀ ਸੇਵਾ ਮੁਹੱਈਆ ਕਰਵਾਉਣ ਲਈ ਪੁਣੇ ਪੁੱਜੇ ਹੋਏ ਸਨ।
ਪਿੰਡ ਭਾਗੋਮਾਜਰਾ ਦੇ ਦੂਜੇ ਪਾਇਲਟ ਸਨ ਪਰਮਜੀਤ ਸਿੰਘ
ਪਿੰਡ ਭਾਗੋਮਾਜਰਾ ਦੇ ਪਰਮਜੀਤ ਸਿੰਘ ਦੂਜੇ ਪਾਇਲਟ ਅਤੇ ਹਵਾਈ ਫੌਜ ਦੇ ਵੀ ਦੂਜੇ ਸਕੁਐਡਰਨ ਲੀਡਰ ਸਨ। ਉਨ੍ਹਾਂ ਤੋਂ ਪਹਿਲਾਂ ਜੀਵਾ ਸਿੰਘ ਵੀ ਭਾਰਤੀ ਹਵਾਈ ਫੌਜ ਵਿੱਚ ਸਕੁਐਡਰਨ ਲੀਡਰ ਰਹੇ ਹਨ। ਪਰਮਜੀਤ ਸਿੰਘ ਦਾ ਛੋਟਾ ਪੁੱਤਰ ਅਤੇ ਨੂੰਹ ਵੀ ਦੁਬਈ ਦੀ ਪ੍ਰਾਈਵੇਟ ਕੰਪਨੀ ਵਿੱਚ ਪਾਇਲਟ ਵਜੋਂ ਸੇਵਾ ਨਿਭਾਅ ਰਹੇ ਹਨ।