ਪੁਣੇ ’ਚ ਹੈਲੀਕਾਪਟਰ ਹਾਦਸਾਗ੍ਰਸਤ, ਤਿੰਨ ਹਲਾਕ
* ਇਸੇ ਹੈਲੀਕਾਪਟਰ ’ਚ ਮਗਰੋਂ ਐੱਨਸੀਪੀ ਆਗੂ ਨੇ ਭਰਨੀ ਸੀ ਉਡਾਣ
ਪੁਣੇੇੇ/ਮੁਜ਼ੱਫਰਪੁਰ, 2 ਅਕਤੂੁਬਰ
ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿਚ ਅੱਜ ਸਵੇਰੇ ਨਿੱਜੀ ਐਵੀਏਸ਼ਨ ਕੰਪਨੀ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਰਕੇ ਦੋ ਪਾਇਲਟਾਂ ਤੇ ਇਕ ਇੰਜਨੀਅਰ ਦੀ ਮੌਤ ਹੋ ਗਈ। ਲੋਕ ਸਭਾ ਮੈਂਬਰ ਤੇ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਦੇ ਸੂਬਾਈ ਪ੍ਰਧਾਨ ਸੁਨੀਲ ਤਤਕਰੇ ਨੇ ਕਿਹਾ ਕਿ ਉਨ੍ਹਾਂ ਇਸ ਹੈਲੀਕਾਪਟਰ ’ਤੇ ਅੱਜ ਮੁੰਬਈ ਤੋਂ ਰਾਏਗੜ੍ਹ ਦਾ ਸਫ਼ਰ ਕਰਨਾ ਸੀ।
ਦਿੱਲੀ ਅਧਾਰਿਤ ਹੈਰੀਟੇਜ ਐਵੀਏਸ਼ਨ ਕੰਪਨੀ ਦੇ ਹੈਲੀਕਾਪਟਰ ਨੇ ਅੱਜ ਸਵੇਰੇ 7:30 ਵਜੇ ਆਕਸਫੋਰਡ ਕਾਊਂਟੀ ਗੋਲਫ਼ ਕੋਰਸ ਵਿਚ ਬਣੇ ਹੈਲੀਪੈਡ ਤੋਂ ਮੁੰਬਈ ਦੇ ਜੁਹੂ ਲਈ ਉਡਾਣ ਭਰੀ ਸੀ। ਪੁਲੀਸ ਮੁਤਾਬਕ ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਸਵੇਰੇ 7:40 ਵਜੇ ਇਹ ਗੋਲਫ਼ ਕੋਰਸ ਨੇੜੇ ਹੀ ਬਵਧਾਨ ਇਲਾਕੇ ਦੀਆਂ ਪਹਾੜੀਆਂ ਵਿਚ ਹਾਦਸਾਗ੍ਰਸਤ ਹੋ ਗਿਆ। ਪਿੰਪਰੀ ਛਿੰਛਵਾੜ ਦੇ ਪੁਲੀਸ ਕਮਿਸ਼ਨਰ ਵਿਨੈਕੁਮਾਰ ਚੌਬੇ ਨੇ ਕਿਹਾ, ‘ਹੈਲੀਕਾਪਟਰ ਹਾਦਸੇ ਵਿਚ ਦੋਵੇਂ ਪਾਇਲਟਾਂ ਸਣੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ।’ ਮ੍ਰਿਤਕਾਂ ਦੀ ਪਛਾਣ ਗਿਰੀਸ਼ ਕੁਮਾਰ, ਪ੍ਰੀਤਮ ਸਿੰਘ ਭਾਰਦਵਾਜ ਤੇ ਪਰਮਜੀਤ ਸਿੰਘ ਵਜੋਂ ਦੱਸੀ ਗਈ ਹੈ। ਸ਼ੁੁਰੂਆਤੀ ਜਾਣਕਾਰੀ ਮੁਤਾਬਕ ਹਾਦਸਾ ਇਲਾਕੇ ਵਿਚ ਪਈ ਧੁੰਦ ਕਰਕੇ ਹੋਇਆ। -ਪੀਟੀਆਈ
ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਦੀ ਪਾਣੀ ’ਚ ਐਮਰਜੈਂਸੀ ਲੈਂਡਿੰਗ
ਬਿਹਾਰ ਦੇ ਮੁਜ਼ੱਫਰਪੁਰ ਵਿਚ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਨੂੰ ਅੱਜ ਤਕਨੀਕੀ ਨੁਕਸ ਪੈਣ ਮਗਰੋਂ ਔਰਾਈ ਬਲਾਕ ਵਿਚ ਪਾਣੀ ਨਾਲ ਭਰੇ ਇਲਾਕੇ ’ਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਐੱਸਐੱਸਪੀ ਰਾਕੇਸ਼ ਕੁਮਾਰ ਨੇ ਕਿਹਾ ਕਿ ਹੈਲੀਕਾਪਟਰ ਨਾਲ ਲੱਗਦੇ ਦਰਭੰਗਾ ਵਿਚ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਰਾਹਤ ਸਮੱਗਰੀ ਸੁੱਟਣ ਮਗਰੋਂ ਪਰਤ ਰਿਹਾ ਸੀ। ਜ਼ਿਲ੍ਹਾ ਮੈਜਿਸਟਰੇਟ ਸੁਬ੍ਰਤ ਕੁਮਾਰ ਸੇਨ ਨੇ ਕਿਹਾ ਕਿ ਹੈਲੀਕਾਪਟਰ ’ਤੇ ਸਵਾਰ ਚਾਰੇ ਵਿਅਕਤੀ ਸੁਰੱਖਿਅਤ ਹਨ ਤੇ ਇਹਤਿਆਤ ਵਜੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।