ਅਧੂਰੇ ਗੌਰਵ ਬੋਰਡ ਤੋਂ ਆਜ਼ਾਦੀ ਘੁਲਾਟੀਏ ਦੇ ਵਾਰਸ ਨਿਰਾਸ਼
ਜਗਤਾਰ ਸਮਾਲਸਰ
ਏਲਨਾਬਾਦ, 16 ਅਗਸਤ
ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੇ ਪਿੰਡਾਂ ਵਿੱਚ ਸ਼ਹੀਦ ਦੇ ਨਾਂ ’ਤੇ ਗੌਰਵ ਬੋਰਡ ਲਗਾਉਣ ਦਾ ਐਲਾਨ ਕੀਤਾ ਸੀ। ਇਸ ’ਤੇ ਉਸ ਪਿੰਡ ਦੇ ਆਜ਼ਾਦੀ ਘੁਲਾਟੀਏ ਦੇ ਸੰਖੇਪ ਜੀਵਨ ਨੂੰ ਦਰਸਾਉਣ ਦੀ ਵਿਵਸਥਾ ਕੀਤੀ ਗਈ ਸੀ। ਇਲਾਕੇ ਦੇ ਪਿੰਡ ਮਿਰਜ਼ਾਪੁਰ ਵਿੱਚ ਜਿਸ ਢੰਗ ਨਾਲ ਇਹ ਗੌਰਵ ਬੋਰਡ ਲਗਾਇਆ ਗਿਆ ਹੈ, ਉਸ ਤੋਂ ਆਜ਼ਾਦੀ ਘੁਲਾਟੀਏ ਦੇ ਵਾਰਸ ਪ੍ਰੇਸ਼ਾਨ ਹਨ। ਅਜ਼ਾਦੀ ਘੁਲਾਟੀਏ ਰਾਵੇਲ ਸਿੰਘ ਰੰਧਾਵਾ ਦੇ ਪੁੱਤਰ ਐਡਵੋਕੇਟ ਜਗਤਾਰ ਸਿੰਘ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਰਦਾਰ ਰਾਵੇਲ ਸਿੰਘ ਰੰਧਾਵਾ ਨੇ ਦੇਸ਼ ਦੀ ਆਜ਼ਾਦੀ ਲਈ ਅਹਿਮ ਯੋਗਦਾਨ ਪਾਇਆ ਹੈ। ਸ੍ਰੀ ਰੰਧਾਵਾ ਨੇ ਦੱਸਿਆ ਕਿ ਹਰਿਆਣਾ ਸਰਕਾਰ ਵੱਲੋਂ ਹੁਣ ਉਨ੍ਹਾਂ ਦੇ ਪਿੰਡ ਵਿੱਚ ਆਜ਼ਾਦੀ ਘੁਲਾਟੀਏ ਰਾਵੇਲ ਸਿੰਘ ਰੰਧਾਵਾ ਦੇ ਨਾਮ ’ਤੇ ਲਗਾਏ ਗਏ ਗੌਰਵ ਬੋਰਡ ’ਤੇ ਉਨ੍ਹਾਂ ਦੇ ਪਿਤਾ ਰਾਵੇਲ ਸਿੰਘ ਰੰਧਾਵਾ ਦਾ ਸਿਰਫ ਅੱਧਾ ਅਧੂਰਾ ਨਾਮ ਲਿਖਿਆ ਗਿਆ ਹੈ ਜੋ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਹੈ। ਇਸ ਗੌਰਵ ਬੋਰਡ ਤੇ ਉਨ੍ਹਾਂ ਦੀ ਕੋਈ ਸੰਖੇਪ ਜੀਵਨੀ ਨਹੀਂ ਲਿਖੀ ਗਈ ਹੈ। ਉਨ੍ਹਾਂ ਇਸ ਗੌਰਵ ਬੋਰਡ ਤੇ ਆਜ਼ਾਦੀ ਘੁਲਾਟੀਏ ਰਾਵੇਲ ਸਿੰਘ ਰੰਧਾਵਾ ਦੀ ਸੰਖੇਪ ਜੀਵਨੀ ਲਿਖ ਕੇ ਇਸ ਨੂੰ ਸਹੀ ਢੰਗ ਨਾਲ ਸਥਾਪਤ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਮਿਲ ਸਕੇ।