ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਵਿਚ ਭਾਰੀ ਮੀਂਹ ਨੇ ਮਚਾਈ ਤਬਾਹੀ
ਟੋਰਾਂਟੋ, 17 ਜੁਲਾਈ
ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ਵਿਚ ਲਗਾਤਾਰ ਪਏ ਮੀਂਹ ਦੌਰਾਨ ਆਏ ਹੜ੍ਹ ਕਾਰਨ ਮੁੱਖ ਹਾਈਵੇਅ ਅਤੇ ਰੋਡ ਬੰਦ ਕਰ ਦਿੱਤੇ ਗਏ। ਹੜ੍ਹ ਕਾਰਨ ਇਥੋਂ ਦੇ ਕਈ ਇਲਕਿਆਂ ਵਿਚ ਆਮ ਜਨਜੀਵਨ ਅਤੇ ਬਿਜਲੀ ਪ੍ਰਭਾਵਿਤ ਹੋਈ।
ਟੋਰਾਂਟੋ ਪੁਲੀਸ ਨੇ ਕਿਹਾ ਕਿ ਡੌਨ ਵੈਲੀ ਪਾਰਕਵੇਅ ਦਾ ਇੱਕ ਹਿੱਸਾ ਜੋ ਸ਼ਹਿਰ ਦੇ ਉੱਤਰੀ ਹਿੱਸੇ ਤੋਂ ਡਾਊਨਟਾਊਨ ਖੇਤਰ ਵੱਲ ਜਾਂਦਾ ਹੈ, ਹੜ੍ਹ ਕਾਰਨ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਓਨਟਾਰੀਓ ਝੀਲ ਦੇ ਨਾਲ ਲਗਦੇ ਰੋਡ ਲੇਕਸ਼ੋਰ ਬੁਲੇਵਾਰਡ ਦਾ ਕੁਝ ਹਿੱਸਾ ਪਾਣੀ ਨਾਲ ਭਰ ਗਿਆ ਅਤੇ ਬੰਦ ਹੋ ਗਿਆ।
ਜਾਣਕਾਰੀ ਦਿੰਦਿਆਂ ਟੋਰਾਂਟੋ ਫਾਇਰ ਸਰਵਿਸਿਜ਼ ਨੇ ਕਿਹਾ ਕਿ ਉਨ੍ਹਾਂ ਹੜ੍ਹ ਦੌਰਾਨ ਹਾਈਵੇਅ ਤੇ 14 ਲੋਕਾਂ ਨੂੰ ਬਚਾਇਆ। ਡਿਪਟੀ ਫਾਇਰ ਚੀਫ਼ ਜਿਮ ਜੈਸਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਕਾਰਾਂ ਸਮੇਤ ਪਾਣੀ ਵਿੱਚ ਫ਼ਸੇ ਲੋਕਾਂ ਨੂੰ ਬਚਾਅ ਰਹੇ ਹਾਂ।
ਟੋਰਾਂਟੋ ਖੇਤਰ ਦੇ ਕਈ ਹੋਰ ਹਿੱਸਿਆਂ ਵਿੱਚ ਵੀ ਹੜ੍ਹਾਂ ਨੇ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਸੂਬਾਈ ਪੁਲੀਸ ਨੇ ਹਾਈਵੇਅ ਦੇ ਕੁਝ ਹਿੱਸਿਆਂ ਵਿੱਚ ਹੜ੍ਹ ਆਉਣ ਦੀ ਚੇਤਾਵਨੀ ਦਿੱਤੀ ਹੈ ਅਤੇ ਸਥਾਨਕ ਪੁਲਿਸ ਬਲਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ। ਪੂਰੇ ਟੋਰਾਂਟੋ ਵਿਚ 10 ਸੈਂਮੀ. ਤੋਂ ਵੱਧ ਮੀਂਹ ਪਿਆ ਹੈ। ਉਧਰ ਟੋਰਾਂਟੋ ਅਤੇ ਰੀਜਨ ਕੰਜ਼ਰਵੇਸ਼ਨ ਅਥਾਰਟੀ ਨੇ ਕਿਹਾ ਕਿ ਸਮੁੰਦਰੀ ਕਿਨਾਰਿਆਂ, ਨਦੀਆਂ ਦੇ ਆਸਪਾਸ ਖੇਤਰ ਨੂੰ ਖਤਰੇ ਨਾਲ ਭਰਿਆ ਇਲਾਕਾ ਘੋਸ਼ਿਤ ਕੀਤਾ ਹੈ।
ਇਸ ਸਬੰਧੀ ਰੈਪਰ ਡਰੇਕ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚ ਉਸ ਦੀ ਮਹਿਲ ਵਿਚ ਹੜ੍ਹ ਦਾ ਪਾਣੀ ਆਉਂਦੇ ਦਿਖਾਈ ਦੇ ਰਿਹਾ ਹੈ। “ਇਹ ਐਕਸਪ੍ਰੈਸੋ ਮਾਰਟੀਨੀ(ਕੋਫ਼ੀ) ਹੋਣਾ ਬਿਹਤਰ ਹੈ,” ਉਸਨੇ ਭੂਰੇ ਪਾਣੀ ਬਾਰੇ ਲਿਖਿਆ। -ਏਪੀ