ਅਗਸਤ ਵਿੱਚ ਸ਼ਹਿਰੀ ਖੇਤਰਾਂ ਵਿੱਚ ਪਿਆ ਵੱਧ ਮੀਂਹ
ਪੱਤਰ ਪ੍ਰੇਰਕ
ਫਰੀਦਾਬਾਦ, 3 ਸਤੰਬਰ
ਇਸ ਵਾਰ ਦੀ ਮੌਨਸੂਨ ਦੌਰਾਨ ਅਗਸਤ ਮਹੀਨੇ ਵਿੱਚ ਇਸ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਦੀ ਥਾਂ ਸ਼ਹਿਰੀ ਖੇਤਰਾਂ ਵਿੱਚ ਵੱਧ ਮੀਂਹ ਪਿਆ। ਜੇ ਵੱਖ-ਵੱਖ ਖੇਤਰਾਂ ਵਿੱਚ ਹੋਈ ਬਾਰਿਸ਼ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਅਗਸਤ ਦੌਰਾਨ ਸ਼ਹਿਰੀ ਖੇਤਰਾਂ ਵਿੱਚ ਹੀ ਜ਼ਿਆਦਾ ਮੀਂਹ ਦਰਜ ਕੀਤਾ ਗਿਆ ਹੈ। ਪੇਂਡੂ ਖੇਤਰਾਂ ਵਿੱਚ ਬਹੁਤ ਘੱਟ ਬਾਰਿਸ਼ ਹੋਈ। ਮੀਂਹ ਕਾਰਨ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਿਆ ਤੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਸਭ ਤੋਂ ਵੱਧ ਮੀਂਹ ਫਰੀਦਾਬਾਦ ਖੇਤਰ ਵਿੱਚ ਪਿਆ। ਅਗਸਤ ਦੌਰਾਨ ਇੱਥੇ 253 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ। ਬਡਖਲ ਖੇਤਰ ਵਿੱਚ 227 ਮਿਲੀਮੀਟਰ ਅਤੇ ਬੱਲਭਗੜ੍ਹ ਵਿੱਚ 242 ਮਿਲੀਮੀਟਰ ਵਰਖਾ ਹੋਈ ਹੈ। ਇਸ ਤੋਂ ਇਲਾਵਾ ਧੌਜ ਖੇਤਰ ਵਿੱਚ 225 ਮਿਲੀਮੀਟਰ ਅਤੇ ਗਾਉਂਚੀ ਖੇਤਰ ਵਿੱਚ 145 ਮਿਲੀਮੀਟਰ ਮੀਂਹ ਪਿਆ ਹੈ। ਪੇਂਡੂ ਖੇਤਰਾਂ ਵਿੱਚ ਅਗਸਤ ਦੌਰਾਨ ਮੋਹਣਾ ਖੇਤਰ ਵਿੱਚ ਸਭ ਤੋਂ ਘੱਟ 120 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਜਦੋਂਕਿ ਦਿਆਲਪੁਰ ਖੇਤਰ ਵਿੱਚ 130 ਮਿਲੀਮੀਟਰ ਅਤੇ ਤਿਗਾਂਵ ਵਿੱਚ 181 ਮਿਲੀਮੀਟਰ ਮੀਂਹ ਪਿਆ ਹੈ। ਖੇਤੀਬਾੜੀ ਵਿਭਾਗ ਦੇ ਅੰਕੜਿਆਂ ਅਨੁਸਾਰ ਇਸ ਸਾਲ ਅਗਸਤ ਵਿੱਚ 190.125 ਮਿਲੀਮੀਟਰ ਵਰਖਾ ਦਰਜ ਕੀਤੀ ਗਈ ਸੀ। ਿਛਲੇ ਅੱਠ ਸਾਲਾਂ ਵਿੱਚ ਅਗਸਤ ਵਿੱਚ ਇੰਨੀ ਬਾਰਿਸ਼ ਨਹੀਂ ਹੋਈ ਹੈ। ਇਸ ਤੋਂ ਪਹਿਲਾਂ ਸਿਰਫ 2016 ਦੌਰਾਨ ਇਸ ਤੋਂ ਵੱਧ ਮੀਂਹ ਦਰਜ ਕੀਤਾ ਗਿਆ ਸੀ। ਉਸ ਸਾਲ ਅਗਸਤ ਵਿੱਚ 196 ਮਿਲੀਮੀਟਰ ਮੀਂਹ ਪਿਆ ਸੀ। ਸਤੰਬਰ ਚੜ੍ਹਦੇ ਹੀ ਮੀਂਹ ਨੇ ਹਾਜ਼ਰੀ ਲਗਵਾਈ ਹੈ ਤੇ ਭਵਿੱਖਬਾਣੀ ਹੋਰ ਮੀਂਹ ਪੈਣ ਦੀ ਵੀ ਹੈ।