ਚੱਕਰਵਾਤੀ ਤੂਫ਼ਾਨ ‘ਫੇਂਗਲ’ ਕਾਰਨ ਤਾਮਿਲਨਾਡੂ ’ਚ ਭਾਰੀ ਮੀਂਹ
ਚੇਨੱਈ, 30 ਨਵੰਬਰ
ਚੱਕਰਵਾਤੀ ਤੂਫ਼ਾਨ ‘ਫੇਂਗਲ’ ਕਾਰਨ ਉੱਤਰੀ ਤਾਮਿਲਨਾਡੂ ਦੇ ਕਈ ਹਿੱਸਿਆਂ ’ਚ ਅੱਜ ਤੇਜ਼ ਹਵਾਵਾਂ ਦੇ ਨਾਲ ਨਾਲ ਭਾਰੀ ਮੀਂਹ ਪਿਆ। ਤੱਟੀ ਇਲਾਕਿਆਂ ’ਚ ਬੀਤੀ ਰਾਤ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਮਗਰੋਂ ਅੱਜ ਕ੍ਰੋਮਪੇਟ ’ਚ ਸਰਕਾਰੀ ਹਸਪਤਾਲਾਂ ਸਮੇਤ ਕਈ ਇਲਾਕਿਆਂ ’ਚ ਪਾਣੀ ਭਰ ਗਿਆ।
ਤੇਜ਼ ਹਵਾਵਾਂ ਕਾਰਨ ਕਈ ਥਾਵਾਂ ’ਤੇ ਦਰੱਖਤ ਟੁੱਟ ਗਏ। ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਅਧਿਕਾਰੀਆਂ ਨਾਲ ਮਿਲ ਕੇ ਹਾਲਾਤ ਦਾ ਜਾਇਜ਼ਾ ਲਿਆ। ਬਾਅਦ ’ਚ ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਤੂਫ਼ਾਨ ਦੀ ਮਾਰ ਤੋਂ ਬਚਣ ਲਈ ਸਾਰੇ ਇਹਤਿਆਤੀ ਕਦਮ ਚੁੱਕੇ ਗਏ ਹਨ ਅਤੇ ਕਈ ਇਲਾਕਿਆਂ ’ਚ ਲੋਕਾਂ ਲਈ ਕੈਂਪ ਸਥਾਪਤ ਕੀਤੇ ਗਏ ਹਨ। ਇਸ ਤੋਂ ਇਲਾਵਾ ਲੋਕਾਂ ’ਚ ਭੋਜਨ ਵੀ ਵੰਡਿਆ ਜਾ ਰਿਹਾ ਹੈ। ਉਨ੍ਹਾਂ ਪੰਪਿੰਗ ਸਟੇਸ਼ਨ ਦਾ ਦੌਰਾ ਵੀ ਕੀਤਾ। ਸਰਕਾਰ ਨੇ ਪਹਿਲਾਂ ਹੀ ਅੱਜ ਵਿਦਿਅਕ ਅਦਾਰਿਆਂ ’ਚ ਛੁੱਟੀ ਕਰ ਦਿੱਤੀ ਸੀ ਅਤੇ ਆਈਟੀ ਕੰਪਨੀਆਂ ਦੇ ਮੁਲਾਜ਼ਮਾਂ ਨੂੰ ਘਰੋਂ ਕੰਮ ਕਰਨ ਦੀ ਅਪੀਲ ਕੀਤੀ ਗਈ ਸੀ।
ਹਵਾਈ ਅੱਡਾ ਬਾਅਦ ਦੁਪਹਿਰ ਸਾਢੇ 12 ਵਜੇ ਤੋਂ ਰਾਤ 7 ਵਜੇ ਤੱਕ ਬੰਦ ਰਿਹਾ। ਇਸ ਕਾਰਨ ਘਰੇਲੂ ਅਤੇ ਕੌਮਾਂਤਰੀ ਉਡਾਣਾਂ ’ਤੇ ਅਸਰ ਪਿਆ ਹੈ। -ਪੀਟੀਆਈ
22 ਹਜ਼ਾਰ ਮੁਲਾਜ਼ਮ ਰਾਹਤ ਕਾਰਜਾਂ ਲਈ ਤਾਇਨਾਤ
ਗਰੇਟਰ ਚੇਨੱਈ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਇੰਜਨੀਅਰਾਂ, ਅਧਿਕਾਰੀਆਂ ਅਤੇ ਸੈਨੇਟਰੀ ਵਰਕਰਾਂ ਸਮੇਤ 22 ਹਜ਼ਾਰ ਮੁਲਾਜ਼ਮਾਂ ਨੂੰ ਰਾਹਤ ਕਾਰਜਾਂ ਲਈ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 134 ਥਾਵਾਂ ’ਤੇ ਪਾਣੀ ਕੱਢਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ 22 ’ਚੋਂ 21 ਥਾਵਾਂ ’ਤੇ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਰੇਲਵੇ ਪੁਲ ਦਾ ਕੰਮ ਚੱਲ ਰਿਹਾ ਹੋਣ ਕਰਕੇ ਗਣੇਸ਼ਪੁਰਮ ਸਬਵੇਅ ਪਹਿਲਾਂ ਤੋਂ ਹੀ ਬੰਦ ਪਿਆ ਹੈ। ਕਈ ਹੇਠਲੇ ਇਲਾਕਿਆਂ ਦੇ ਲੋਕਾਂ ਨੇ ਆਪਣੇ ਵਾਹਨ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਦਿੱਤੇ ਹਨ।