ਅੰਮ੍ਰਿਤਸਰ ਤੇ ਚੰਡੀਗੜ੍ਹ ਵਿੱਚ ਪਿਆ ਭਾਰੀ ਮੀਂਹ
ਆਤਿਸ਼ ਗੁਪਤਾ
ਚੰਡੀਗੜ੍ਹ, 10 ਜੁਲਾਈ
ਪੰਜਾਬ ਦੇ ਅੰਮ੍ਰਿਤਸਰ ਤੇ ਰਾਜਧਾਨੀ ਚੰਡੀਗੜ੍ਹ ਵਿੱਚ ਅੱਜ ਸਵੇਰ ਸਮੇਂ ਭਾਰੀ ਮੀਂਹ ਪਿਆ। ਇਸ ਕਰਕੇ ਲੋਕਾਂ ਨੇ ਸਾਰਾ ਦਿਨ ਅਤਿ ਦੀ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਇਸ ਤੋਂ ਇਲਾਵਾ ਨਵਾਂਸ਼ਹਿਰ, ਫਿਰੋਜ਼ਪੁਰ ਤੇ ਹੋਰਨਾਂ ਕਈ ਖੇਤਰਾਂ ਵਿੱਚ ਕਿਣ-ਮਿਣ ਹੋਈ। ਉੱਧਰ, ਮੌਸਮ ਵਿਭਾਗ ਨੇ ਪੰਜਾਬ ਵਿੱਚ 12 ਜੁਲਾਈ ਨੂੰ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਲਈ ਮੌਸਮ ਵਿਭਾਗ ਨੇ ਯੈਲੋ ਅਲਰਟ ਵੀ ਜਾਰੀ ਕਰ ਦਿੱਤਾ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰ ਸਮੇਂ ਅੰਮ੍ਰਿਤਸਰ ਸ਼ਹਿਰ ਵਿੱਚ 23 ਐੱਮਐੱਮ ਮੀਂਹ ਪਿਆ। ਮੀਂਹ ਪੈਣ ਕਰਕੇ ਅੰਮ੍ਰਿਤਸਰ ਦੀਆਂ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ, ਜਿਸ ਕਰਕੇ ਲੋਕਾਂ ਨੂੰ ਸੜਕਾਂ ਤੋਂ ਲੰਘਣਾ ਮੁਸ਼ਕਲ ਹੋ ਗਿਆ। ਲੋਕ ਗੋਡੇ-ਗੋਡੇ ਪਾਣੀ ਵਿੱਚੋਂ ਲੰਘ ਕੇ ਆਪਣੀ ਮੰਜ਼ਿਲ ਵੱਲ ਵਧ ਰਹੇ ਸਨ। ਦੂਜੇ ਪਾਸੇ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਵਰ੍ਹਦੇ ਮੀਂਹ ਵਿੱਚ ਲੋਕ ਨਤਮਸਤਕ ਹੋਣ ਲਈ ਪਹੁੰਚੇ। ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 37.2 ਅਤੇ ਘੱਟ ਤੋਂ ਘੱਟ ਤਾਪਮਾਨ 30.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਰਾਜਧਾਨੀ ਚੰਡੀਗੜ੍ਹ ਵਿੱਚ 11 ਐੱਮਐੱਮ, ਨਵਾਂਸ਼ਹਿਰ ਵਿੱਚ 2.7 ਅਤੇ ਫਿਰੋਜ਼ਪੁਰ ਵਿੱਚ 2 ਐੱਮਐੱਮ ਮੀਂਹ ਪਿਆ। ਪੰਜਾਬ ਦੇ ਬਾਕੀ ਸ਼ਹਿਰਾਂ ਵਿੱਚ ਮੀਂਹ ਨਾ ਪੈਣ ਕਰਕੇ ਹੁੰਮਸ ਭਰੀ ਗਰਮੀ ਜਾਰੀ ਰਹੀ। ਲੋਕ ਗਰਮੀ ਕਰਕੇ ਘਰੋਂ ਘੱਟ ਗਿਣਤੀ ਵਿੱਚ ਬਾਹਰ ਨਿਕਲੇ। ਉੱਧਰ, ਗਰਮੀ ਵਧਣ ਦੇ ਨਾਲ ਹੀ ਸੂਬੇ ਵਿੱਚ ਮੁੜ ਤੋਂ ਬਿਜਲੀ ਦੀ ਮੰਗ ਵਧਣੀ ਸ਼ੁਰੂ ਹੋ ਗਈ ਹੈ।