ਭਰਵੇਂ ਮੀਂਹ ਨੇ ਸੜਕਾਂ ਤੇ ਬਾਜ਼ਾਰ ਕੀਤੇ ਪਾਣੀ-ਪਾਣੀ
ਮਨੋਜ ਸ਼ਰਮਾ
ਬਠਿੰਡਾ, 8 ਜੁਲਾਈ
ਬਠਿੰਡਾ ’ਚ ਅੱਜ ਦੁਪਹਿਰ ਬਾਰਸ਼ ਲਗਾਤਾਰ 2 ਘੰਟੇ ਪਈ ਬਰਸਾਤ ਕਾਰਨ ਸ਼ਹਿਰ ਦੀਆਂ ਸੜਕਾਂ ਜਲ-ਥਲ ਹੋ ਗਈਆਂ ਮੌਨਸੂਨ ਦੀ ਦੂਜੀ ਬਾਰਸ਼ ਨੇ ਬਰਸਾਤੀ ਪਾਣੀ ਲਈ ਹਰ ਸਾਲ ਕਰੋੜਾਂ ਰੁਪਏ ਦਾ ਬਜਟ ਰੱਖਣ ਵਾਲੀ ਬਠਿੰਡਾ ਨਗਰ ਨਿਗਮ ਦੀ ਪੋਲ ਖੁੱਲ੍ਹ ਰੱਖ ਦਿੱਤੀ। ਅੱਜ ਬਠਿੰਡਾ ਦੇ ਪੌਸ਼ ਖੇਤਰ ਜਿਨ੍ਹਾਂ ਵਿੱਚ ਆਈਜੀ, ਐੱਸਐੱਸਪੀ, ਡਿਪਟੀ ਕਮਿਸ਼ਨਰ, ਸੈਸ਼ਨ ਜੱਜ ਹਾਊਸ, ਸਮੇਤ ਸਮੁੱਚਾ ਕੋਰਟ ਕੰਪਲੈਕਸ ਦੀਆਂ ਸੜਕਾਂ ਪਾਣੀ ਵਿੱਚ ਡੁੱਬ ਗਈਆਂ ਇਸ ਤਰ੍ਹਾਂ ਸ਼ਹਿਰ ਦਾ ਮਾਲ ਰੋਡ ਪਰਸਰਾਮ ਨਗਰ ਸਿਰਕੀ ਬਾਜ਼ਾਰ, ਸਲੱਮ ਖੇਤਰਾਂ ਦੀਆਂ ਸੜਕਾਂ ਵੀ ਪਾਣੀ ਵਿੱਚ ਡੁੱਬ ਗਈਆਂ ਯੂਨੀਵਰਸਿਟੀ ਦੇ ਖੇਤਰੀ ਕੈਂਪਸ ਤੋਂ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਵਿੱਚ ਸਵੇਰੇ ਸਾਢੇ ਅੱਠ ਵਜੇ ਤੱਕ 59.6 ਐੱਮਐੱਮ ਬਾਰਸ਼ ਦਰਜ ਕੀਤੀ ਗਈ।
ਜ਼ਿਕਰਯੋਗ ਹੈ ਕਿ ਪਹਿਲਾਂ ਬਾਦਲ ਬਠਿੰਡਾ ਨੂੰ ਕੈਲੇਫੋਰਨੀਆ ਦਾ ਦਰਜਾ ਦਿੰਦੇ ਰਹੇ ਅਤੇ ਬਾਅਦ ਵਿੱਚ ਬਾਅਦ ਵਿੱਚ ਤਤਕਾਲੀ ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਆਪਣੇ ਖ਼ਜ਼ਾਨੇ ਦਾ ਮੂੰਹ ਬਠਿੰਡਾ ਵੱਲ ਖੋਲ੍ਹੀ ਰੱਖਿਆ ਪਰ ਪਰਨਾਲਾ ਉੱਥੇ ਦਾ ਉੱਥੇ ਰਿਹਾ। ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਬਠਿੰਡਾ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ 5 ਵਾਰ ਕੌਂਸਲਰ ਰਹਿ ਚੁੱਕੇ ਹਨ ਜਿਨ੍ਹਾਂ ਨੂੰ ਸ਼ਹਿਰ ਦੇ ਚੱਪੇ-ਚੱਪੇ ਬਾਰੇ ਪਤਾ ਹੈ ਕਿ ਬਰਾਸਤ ਦੇ ਮੌਸਮ ਵਿੱਚ ਬਠਿੰਡਾ ਵਾਸੀਆਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਲੋਕਾਂ ਦਾ ਕਹਿਣਾ ਹੈ ਕਿ ਪਰਨਾਲਾ ਉਥੇ ਦੇ ਉਥੇ ਹੀ ਹੈ। ਬਠਿੰਡਾ ਦੇ ਹੈਪੀ ਸਾਹਨੀ ਨੇ ਕਿਹਾ ਕਿ ਜਿਸ ਤਰੀਕੇ ਨਾਲ ਅੱਜ ਦੇ ਮੀਂਹ ਨਾਲ ਬਠਿੰਡਾ ਨਗਰ ਨਿਗਮ ਦੀ ਪੋਲ ਖੁੱਲ੍ਹੀ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੇ ਹਾਲ ਦਾ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਸਰਕਾਰ ਵੱਲੋਂ ਮਾਲਵਾ ਖੇਤਰ ਦੇ ਜ਼ਿਲ੍ਹਿਆਂ ਨੂੰ ਮਾਨਸੂਨ ਪਹਿਲਾਂ ਮੀਂਹਾਂ ਦੇ ਪਾਣੀ ਦੀ ਨਿਕਾਸੀ ਲਈ ਮੁੱਢਲੇ ਸਾਰੇ ਪ੍ਰਬੰਧ ਕਰਨ ਦੇ ਦਿੱਤੇ ਹੋਏ ਆਦੇਸ਼ਾਂ ਦਾ ਅੱਜ ਇਥੇ ਮੀਂਹ ਨੇ ਜਲੂਸ ਕੱਢ ਕੇ ਰੱਖ ਦਿੱਤਾ। ਅੱਧਾ ਘੰਟਾ ਪਏ ਮੀਂਹ ਨੇ ਸਾਰੇ ਮਾਨਸਾ ਸ਼ਹਿਰ ਨੂੰ ਜਲ-ਥਲ ਕਰ ਦਿੱਤਾ। ਸੀਵਰੇਜ ਦੀ ਨਿਕਾਸੀ ਤੇਜ਼ੀ ਨਾਲ ਨਾ ਹੋਣ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਚਲਾ ਗਿਆ। ਭਾਵੇਂ ਨਗਰ ਕੌਂਸਲ ਅਤੇ ਸੀਵਰੇਜ਼ ਬੋਰਡ ਵੱਲੋਂ ਕੁੱਝ ਦਿਨ ਪਹਿਲਾਂ ਹੀ ਪਾਣੀ ਦੀ ਨਿਕਾਸੀ ਲਈ ਸਾਰੇ ਬੰਦੋਬਸਤ ਮੁਕੰਮਲ ਕਰਨ ਦਾ ਦਾਅਵਾ ਕੀਤਾ ਗਿਆ ਸੀ, ਪਰ ਅੱਜ ਪਏ ਮੀਂਹ ਨੇ ਲੋਕਾਂ ਨੂੰ ਕਿਸੇ ਰਸਤੇ ਨਿਕਲਣ ਜੋਗਾ ਨਹੀਂ ਛੱਡਿਆ। ਸ਼ਹਿਰ ਦੇ ਅੰਡਰ ਬਰਿੱਜ ਵਿਚ ਵੱਡੀ ਮਾਤਰਾ ’ਚ ਪਾਣੀ ਜਮ੍ਹਾਂ ਹੋਣ ਕਾਰਨ ਦੋ ਪਹੀਆ ਵਾਹਨਾਂ ਲਈ ਵੱਡੀ ਮੁਸੀਬਤ ਬਣ ਗਈ, ਅਨੇਕਾਂ ਲੋਕਾਂ ਦੇ ਸਕੂਟਰ-ਮੋਟਰਸਾਈਕਲ ਇਸ ਪਾਣੀ ਵਿਚ ਬੰਦ ਹੋ ਗਏ। ਸ਼ਹਿਰ ਦੇ ਮੁੱਖ ਬਜ਼ਾਰਾਂ ਵਿੱਚ ਪਾਣੀ ਭਰਨ ਕਾਰਨ ਬਹੁਤੇ ਦੁਕਾਨਾਂ ਵਾਲਿਆਂ ਨੇ ਦਿਨ ਖੜ੍ਹੇ ਹੀ ਦੁਕਾਨਾਂ ਨੂੰ ਜਿੰਦਰੇ ਲਾ ਦਿੱਤੇ ਗਏ। ਬੇਸ਼ੱਕ ਲੋਕਾਂ ਨੂੰ ਆਪਣੇ ਘਰਾਂ ’ਚ ਵੜੇ ਪਾਣੀ ਨੂੰ ਬਾਲਟੀਆਂ ਰਾਹੀਂ ਬਾਹਰ ਕੱਢਦੇ ਵੇਖਿਆ ਗਿਆ ਪਰ ਦੇਰ ਸ਼ਾਮ ਤੱਕ ਸੀਵਰੇਜ ਬੋਰਡ ਦੇ ਅਧਿਕਾਰੀ ਅਤੇ ਕਰਮਚਾਰੀ ਕਿਧਰੇ ਨਜ਼ਰ ਨਹੀਂ ਆਏ।
ਕਾਲਾਂਵਾਲੀ (ਪੱਤਰ ਪ੍ਰੇਰਕ): ਕਾਲਾਂਵਾਲੀ ਸ਼ਹਿਰ ਦੇ ਮੁੱਖ ਬਾਜ਼ਾਰਾਂ ਸਮੇਤ ਜ਼ਿਆਦਾਤਰ ਇਲਾਕਿਆਂ ਵਿੱਚ ਪਾਣੀ ਭਰ ਜਾਣ ਕਾਰਨ ਲੋਕਾਂ ਦਾ ਪੈਦਲ ਲੰਘਣਾ ਵੀ ਔਖਾ ਹੋ ਗਿਆ। ਮੀਂਹ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ ਰਹੀ। ਸ਼ਹਿਰ ਦੀ ਨਵੀਂ ਅਨਾਜ ਮੰਡੀ, ਟੈਲੀਫੋਨ ਐਕਸਚੇਂਜ ਰੋਡ, ਦੇਸੂ ਮਲਕਾਣਾ ਰੋਡ, ਬੱਸ ਸਟੈਂਡ ਰੋਡ, ਦਾਦੂ ਰੋਡ, ਪੰਜਾਬ ਬੱਸ ਸਟੈਂਡ ਸਮੇਤ ਨੀਵੇਂ ਇਲਾਕਿਆਂ ’ਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਉਥੇ ਪਾਣੀ ਭਰ ਜਾਣ ਕਾਰਨ ਪੈਦਲ ਚੱਲਣ ਵਾਲਿਆਂ ਅਤੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਾਲਾਂਵਾਲੀ ਦੀ ਅਨਾਜ ਮੰਡੀ ਦੇ ਬਾਹਰ ਚਾਰੇ ਪਾਸੇ ਸੜਕ ਉੱਚੀ ਕਰਨ ਤੇ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਮੰਡੀ ਵੀ ਭਰ ਗਈ।
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਇਥੇ ਅੱਜ ਜ਼ਿਲ੍ਹਾ ਸਿਰਸਾ ਵਿੱਚ ਮੀਂਹ ਪੈਣ ਨਾਲ ਜਿਥੇ ਕਿਸਾਨਾਂ ਨੂੰ ਫਾਇਦਾ ਹੋਇਆ ਹੈ ਉਥੇ ਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਮੀਂਹ ਪੈਣ ਮਗਰੋਂ ਬਿਜਲੀ ਦੀ ਮੰਗ ਘਟੀ ਹੈ। ਕਿਸਾਨਾਂ ਨੇ ਦੱਸਿਆ ਹੈ ਕਿ ਮੀਂਹ ਪੈਣ ਨਾਲ ਜਿਥੇ ਝੋਨੇ ਦੀ ਲੁਆਈ ਦੇ ਕੰਮ ਤੇਜ਼ ਹੋ ਗਿਆ ਹੈ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਇਲਾਕੇ ਵਿੱਚ ਅੱਜ ਮੀਂਹ ਬਾਅਦ ਦੁਪਹਿਰ ਸ਼ੁਰੂ ਹੋਇਆ ਤੇ ਸ਼ਾਮ ਤੱਕ ਜਾਰੀ ਰਿਹਾ। ਇਸ ਨਾਲ ਸ਼ਹਿਰ ਦੀਆਂ ਨੀਵੀਆਂ ਥਾਵਾਂ, ਸੜਕਾਂ ਅਤੇ ਕੁੱਝ ਗਲੀਆਂ ਵਿੱਚ ਪਾਣੀ ਭਰ ਗਿਆ ਅਤੇ ਬਿਜਲੀ ਸਪਲਾਈ ਕਈ ਘੰਟੇ ਠੱਪ ਰਹੀ।
ਮੀਂਹ ਨੇ ਵਿਗਾੜਿਆ ਕੋਟਕਪੂਰੇ ਦਾ ਮੁਹਾਂਦਰਾ; ਲੋਕਾਂ ਨੇ ਸਰਕਾਰ ਨੂੰ ਕੋਸਿਆ
ਕੋਟਕਪੂਰਾ (ਭਾਰਤ ਭੂਸ਼ਨ ਆਜ਼ਾਦ): ਮੌਨਸੂਨ ਦੇ ਪਹਿਲੇ ਪ੍ਰਭਾਵ ਮੀਂਹ ਨੇ ਅੱਜ ਸ਼ਹਿਰ ਦਾ ਮੁਹਾਂਦਰਾ ਪੂਰੀ ਤਰ੍ਹਾਂ ਵਿਗਾੜ ਕੇ ਰੱਖ ਦਿੱਤਾ ਹੈ। ਅੱਜ ਸਵੇਰੇ ਕਰੀਬ 10 ਵਜੇ ਮੀਂਹ ਸ਼ੁਰੂ ਹੋਇਆ ਤੇ ਸ਼ਾਮ ਸਵਾ ਪੰਜ ਵਜੇ ਤੱਕ ਵਰ੍ਹਦਾ ਰਿਹਾ ਜਿਸ ਨੇ ਪ੍ਰਸ਼ਾਸਨ ਵੱਲੋਂ ਸ਼ਹਿਰ ਵਿਚ ਸਫਾਈ ਦੇ ਪ੍ਰਬੰਧਾਂ ਦੇ ਦਾਅਵੇ ਸਾਬਤ ਕਰ ਦਿੱਤੇ ਕਿਉਂਕਿ ਨਾਲੀਆਂ ਘੰਟਿਆਂਬੱਧੀ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋ ਸਕੀ। ਸਥਾਨਕ ਪ੍ਰੇਮ ਨਗਰ, ਸਿੱਖਾਂਵਾਲਾ ਰੋਡ, ਪੁਰਾਣਾ ਸ਼ਹਿਰ, ਜੌੜੀਆਂ ਚੱਕੀਆਂ, ਸੁਰਗਾਪੁਰੀ ਆਦਿ ਇਲਾਕੇ ਦੀਆਂ ਗਲੀਆਂ ਨੂੰ ਪਾਣੀ ਚਾਦਰਾਂ ਨੇ ਪੂਰੀ ਤਰ੍ਹਾਂ ਢੱਕ ਲਿਆ ਸੀ। ਸਥਾਨਕ ਲੋਕਾਂ ਨੇ ਦੱਸਿਆ ਕਿ ਮੀਂਹ ਦਾ ਪਾਣੀ ਖੜ੍ਹਾ ਰਹਿਣ ਕਰਕੇ ਆਵਾਜਾਈ ਪ੍ਰਭਾਵਿਤ ਹੋਈ। ਪ੍ਰੇਮ ਨਗਰ ਦੇ ਵਸਨੀਕ ਕੁੱਝ ਘਰਾਂ ਦੇ ਵਸਨੀਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਵਿਚ ਮੀਂਹ ਦਾ ਪਾਣੀ ਦਾਖਲ ਹੋਣ ਕਰਕੇ ਉਨ੍ਹਾਂ ਦੇ ਘਰਾਂ ਦਾ ਸਮਾਨ ਖਰਾਬ ਹੋ ਗਿਆ। ਪ੍ਰਭਾਵਿਤ ਲੋਕਾਂ ਨੇ ਸਰਕਾਰ ਤੋਂ ਖਰਾਬ ਹੋਏ ਸਮਾਨ ਦੇ ਮੁਆਵਜੇ ਦੀ ਮੰਗ ਕੀਤੀ। ਇਥੋਂ ਦੇ ਦੁਆਰੇਆਣਾ ਰੋਡ ’ਤੇ ਜਲਾਲੇਆਣਾ ਰੋਡ ਦੀਆਂ ਸੜਕਾਂ ਪਿਛਲੇ ਕਈ ਸਾਲ ਤੋਂ ਕੱਚੀਆਂ ਹਨ ਜਿਹੜੀਆਂ ਮੀਂਹ ਦੇ ਪਾਣੀ ਨਾਲ ਇਹ ਗਾਰ ਵਿਚ ਬਦਲ ਗਈਆਂ ਅਤੇ ਇਥੋਂ ਲੰਘਣ ਵਾਲੇ ਲੋਕਾਂ ਨੂੰ ਆਪੋ-ਆਪਣੇ ਘਰਾਂ ਨੂੰ ਜਾਣ ਵਿਚ ਮੁਸ਼ਕਲਾਂ ਆਈਆਂ। ਸਥਾਨਕ ਮੋਗਾ ਰੋਡ ’ਤੇ ਕਰੀਬ 3-4 ਫੁੱਟ ਤੱਕ ਪਾਣੀ ਜਮ੍ਹਾਂ ਹੋ ਗਿਆ ਅਤੇ ਰਾਹਗੀਰ ਨਿਕਲਣ ਲਈ ਖੱਜਲ ਹੁੰਦੇ ਰਹੇ। ਇਸ ਸਬੰਧ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਨੇ ਆਖਿਆ ਕਿ ਮੀਂਹ ਦੇ ਮੌਸਮ ਵਿਚ ਲੋਕਾਂ ਨੂੰ ਥੋੜ੍ਹੀ ਬਹੁਤ ਪ੍ਰੇਸ਼ਾਨੀ ਤਾਂ ਆਉਂਦੀ ਹੈ ਪਰ ਥੋੜ੍ਹੇ ਸਮੇਂ ਮਗਰੋਂ ਪਾਣੀ ਦੀ ਨਿਕਾਸੀ ਹੋ ਜਾਂਦੀ ਹੈ। ਉਂਜ ਸਫ਼ਾਈ ਦੇ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ।
ਨਗਰ ਪਾਲਿਕਾ ਦੇ ਦਾਅਵੇ ਹੋਏ ਫੇਲ੍ਹ
ਏਲਨਾਬਾਦ (ਜਗਤਾਰ ਸਮਾਲਸਰ): ਏਲਨਾਬਾਦ ਇਲਾਕੇ ’ਚ ਅੱਜ ਹੋਈ ਦਰਮਿਆਨੀ ਬਰਸਾਤ ਨਾਲ ਜਿੱਥੇ ਨਰਮਾ, ਕਪਾਹ, ਝੋਨੇ ਸਮੇਤ ਸਾਰੀਆਂ ਫਸਲਾਂ ਨੂੰ ਵੀ ਭਰਪੂਰ ਫਾਇਦਾ ਹੋਇਆ ਉੱਥੇ ਹੀ ਸ਼ਹਿਰ ਦੇ ਨੀਵੇਂ ਇਲਾਕਿਆਂ ’ਚ ਪਾਣੀ ਭਰਨ ਨਾਲ ਨਗਰ ਪਾਲਿਕਾ ਮੌਨਸੂਨ ਸਬੰਧੀ ਪ੍ਰਬੰਧਾਂ ਦੇ ਦਾਅਵੇ ਵੀ ਫੇਲ੍ਹ ਹੋ ਗਏੇ। ਇਲਾਕੇ ਦੇ ਕਿਸਾਨਾਂ ਸੁਮਿਤ ਵਿਰਕ, ਜਰਨੈਲ ਸਿੰਘ, ਮੰਗਲ ਸਿੰਘ ਆਦਿ ਨੇ ਦੱਸਿਆ ਕਿ ਤੇਜ਼ ਗਰਮੀ ਕਾਰਨ ਨਰਮਾ, ਕਪਾਹ, ਗੁਆਰੇ ਅਤੇ ਝੋਨੇ ਦੀ ਫ਼ਸਲ ਨੂੰ ਪਾਣੀ ਦੀ ਲੋੜ ਸੀ। ਮੀਂਹ ਕਾਰਨ ਇੱਕ ਵਾਰ ਫ਼ਸਲਾਂ ਨੂੰ ਭਾਰੀ ਰਾਹਤ ਮਿਲੀ ਹੈ। ਦੂਜੇ ਪਾਸੇ ਇਸ ਮੀਂਹ ਕਾਰਨ ਸ਼ਹਿਰ ਦੇ ਨੀਵੇਂ ਇਲਾਕਿਆਂ ਚ ਕਈ ਥਾਵਾਂ ਤੇ ਪਾਣੀ ਭਰ ਗਿਆ। ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਪੁਰਾਣੇ ਬੀਡੀਪੀਓ ਦਫ਼ਤਰ ਦੇ ਸਾਹਮਣੇ ਅਤੇ ਮੁਮੇਰਾ ਰੋਡ ਤੇ ਪਾਣੀ ਭਰ ਗਿਆ। ਦੁਕਾਨਦਾਰਾਂ ਨੇ ਕਿਹਾ ਕਿ ਨਗਰ ਪਾਲਿਕਾ ਪ੍ਰਸ਼ਾਸਨ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ।