For the best experience, open
https://m.punjabitribuneonline.com
on your mobile browser.
Advertisement

ਭਰਵੇਂ ਮੀਂਹ ਨੇ ਜਲ-ਥਲ ਕੀਤਾ ਸਿਟੀ ਬਿਊਟੀਫੁਲ

08:21 AM Jul 17, 2024 IST
ਭਰਵੇਂ ਮੀਂਹ ਨੇ ਜਲ ਥਲ ਕੀਤਾ ਸਿਟੀ ਬਿਊਟੀਫੁਲ
ਚੰਡੀਗੜ੍ਹ ਦੇ ਸੈਕਟਰ-28 ਦੀ ਮਾਰਕੀਟ ਵਿੱਚ ਭਰੇ ਪਾਣੀ ਵਿੱਚੋਂ ਲੰਘਦਾ ਹੋਇਆ ਵਿਅਕਤੀ। -ਫੋਟੋ: ਪ੍ਰਦੀਪ ਤਿਵਾੜੀ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 16 ਜੁਲਾਈ
ਚੰਡੀਗੜ੍ਹ ਤੇ ਆਲੇ-ਦੁਆਲੇ ਇਲਾਕਿਆਂ ਵਿੱਚ ਅੱਜ ਦੁਪਹਿਰ ਸਮੇਂ ਕਰੀਬ ਡੇਢ ਘੰਟਾ ਪਏ ਭਰਵੇਂ ਮੀਂਹ ਨੇ ਮੌਸਮ ਠੰਢਾ ਕਰ ਦਿੱਤਾ ਹੈ। ਮੀਂਹ ਕਰ ਕੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਕਰ ਕੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। ਦੂਜੇ ਪਾਸੇ, ਭਰਵੇਂ ਮੀਂਹ ਕਾਰਨ ਸ਼ਹਿਰ ਜਲ-ਥਲ ਹੋ ਗਿਆ ਜਿਸ ਕਰ ਕੇ ਰਾਹਗੀਰਾਂ ਲਈ ਸੜਕਾਂ ਤੋਂ ਲੰਘਣਾ ਆਫ਼ਤ ਬਣ ਗਿਆ। ਮੀਂਹ ਨਾਲ ਯੂਟੀ ਪ੍ਰਸ਼ਾਸਨ ਤੇ ਨਗਰ ਨਿਗਮ ਵੱਲੋਂ ਮੌਨਸੂਨ ਦੀ ਆਮਦ ਨੂੰ ਲੈ ਕੇ ਕੀਤੀਆਂ ਤਿਆਰੀਆਂ ਦੀ ਵੀ ਪੋਲ ਖੋਲ੍ਹ ਦਿੱਤੀ ਹੈ। ਮੀਂਹ ਕਰ ਕੇ ਸ਼ਹਿਰ ਦੀਆਂ ਮੁੱਖ ਸੜਕਾਂ ਪਾਣੀ ਵਿੱਚ ਡੁੱਬ ਗਈਆਂ। ਇਸ ਕਰ ਕੇ ਸ਼ਹਿਰ ਵਿੱਚ ਆਵਾਜਾਈ ਜਾਮ ਵਰਗੇ ਹਾਲਾਤ ਬਣ ਗਏ। ਕਈ ਲੋਕਾਂ ਦੇ ਵਾਹਨ ਵੀ ਪਾਣੀ ਵਿੱਚ ਹੀ ਬੰਦ ਹੋ ਗਏ। ਮੌਸਮ ਵਿਭਾਗ ਨੇ ਅਗਲੇ 5 ਦਿਨ 17 ਤੋਂ 21 ਜੁਲਾਈ ਤੱਕ ਸ਼ਹਿਰ ਵਿੱਚ ਬੱਦਲਵਾਈ ਤੇ ਟੁੱਟਵਾਂ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਅੱਜ ਸ਼ਹਿਰ ਵਿੱਚ ਸਵੇਰ ਤੋਂ ਬੱਦਲਵਾਈ ਸੀ, ਉਸ ਤੋਂ ਬਾਅਦ ਦੁਪਹਿਰੇ 12.30 ਵਜੇ ਦੇ ਕਰੀਬ ਅਚਾਨਕ ਮੀਂਹ ਸ਼ੁਰੂ ਹੋ ਗਿਆ। ਇਹ ਮੀਂਹ ਇੰਨਾ ਤੇਜ਼ ਸੀ ਕਿ ਡੇਢ ਘੰਟੇ ਵਿੱਚ 41 ਐੱਮਐੱਮ ਮੀਂਹ ਪਿਆ ਹੈ। ਮੀਂਹ ਪੈਣ ਕਰ ਕੇ ਸਨਅਤੀ ਏਰੀਆ ਵਿੱਚ ਸੀਟੀਯੂ ਵਰਕਸ਼ਾਪ ਦੇ ਨਜ਼ਦੀਕ ਅੰਡਰਪਾਸ ਵਿੱਚ ਪਾਣੀ ਭਰ ਗਿਆ, ਜਿਸ ਕਰ ਕੇ ਟਰੈਫਿਕ ਪੁਲੀਸ ਨੇ ਇਸ ਸੜਕ ਨੂੰ ਬੰਦ ਕਰ ਦਿੱਤਾ। ਇਸ ਤੋਂ ਇਲਾਵਾ ਮੀਂਹ ਕਰ ਕੇ ਸੈਕਟਰ-20/21 ਵਾਲਾ ਲੇਬਰ ਚੌਕ, ਕਿਸਾਨ ਭਵਨ ਚੌਕ, ਪਿਕਾਡਲੀ ਚੌਕ, ਸੈਕਟਰ-28/29 ਵਾਲੀ ਸੜਕ ’ਤੇ ਪਾਣੀ ਖੜ੍ਹਾ ਹੋ ਗਿਆ। ਇਸੇ ਤਰ੍ਹਾਂ ਸੈਕਟਰ-27/28 ਵਾਲੀ ਲਾਈਟਾਂ, ਸੈਕਟਰ-36/37 ਵਾਲਾ ਲਾਈਟ ਪੁਆਇੰਟ, ਸੈਕਟਰ-42/43 ਵਾਲੀ ਅੰਦਰੂਨੀ ਸੜਕ, ਸੈਕਟਰ-19/27 ਵਾਲੀ ਸੜਕ, ਸੈਕਟਰ-35/43 ਵਾਲੀ ਸੜਕ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈ। ਇਸ ਕਰ ਕੇ ਲੋਕਾਂ ਨੂੰ ਵਾਹਨ ਚਲਾਉਣ ਵਿੱਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਚੰਡੀਗੜ੍ਹ ਟਰੈਫਿਕ ਪੁਲੀਸ ਨੇ ਵੀ ਸੜਕਾਂ ’ਤੇ ਸਾਵਧਾਨੀ ਨਾਲ ਵਾਹਨ ਚਲਾਉਣ ਦੀ ਅਪੀਲ ਕੀਤੀ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ’ਚ 41 ਐੱਮਐੱਮ ਮੀਂਹ ਪਿਆ ਹੈ। ਇਸ ਦੇ ਨਾਲ ਹੀ ਸ਼ਹਿਰ ਵਿੱਚ ਤਾਪਮਾਨ ਵੀ ਡਿੱਗ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 30.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਮੁਹਾਲੀ ’ਚ 7 ਐੱਮਐੱਮ ਮੀਂਹ ਪਿਆ ਹੈ।

Advertisement

ਮੀਂਹ ਨੇ ਖੋਲ੍ਹੀ ਜਲ ਨਿਕਾਸੀ ਪ੍ਰਬੰਧਾਂ ਦੀ ਪੋਲ

ਮੁਹਾਲੀ ਦੀ ਇੱਕ ਸੜਕ ’ਤੇ ਮੀਂਹ ਦੇ ਪਾਣੀ ’ਚੋਂ ਲੰਘਦੇ ਹੋਏ ਵਾਹਨ। -ਫੋਟੋ: ਵਿੱਕੀ ਘਾਰੂ

ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 16 ਜੁਲਾਈ
ਮੌਨਸੂਨ ਦੀ ਭਰਵੀਂ ਬਾਰਸ਼ ਹੋਣ ਨਾਲ ਭਾਵੇਂ ਅਤਿ ਦੀ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ ਪਰ ਨਾਲ ਹੀ ਮੁਹਾਲੀ ਵਿੱਚ ਕਈ ਥਾਵਾਂ ’ਤੇ ਭਰੇ ਮੀਂਹ ਦੇ ਪਾਣੀ ਨੇ ਮੁਹਾਲੀ ਪ੍ਰਸ਼ਾਸਨ ਦੇ ਜਲ ਨਿਕਾਸੀ ਦੇ ਅਗਾਊਂ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਰਿਹਾਇਸ਼ੀ ਇਲਾਕੇ ਅਤੇ ਮੁੱਖ ਸੜਕਾਂ ’ਤੇ ਪਾਣੀ ਇਕੱਠਾ ਹੋਣ ਕਾਰਨ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇੱਥੋਂ ਦੇ ਫੇਜ਼-4 ਅਤੇ ਫੇਜ਼-5 ਵਿੱਚ ਜਲ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਮੀਂਹ ਦਾ ਪਾਣੀ ਸੜਕਾਂ ’ਤੇ ਜਮ੍ਹਾਂ ਹੋ ਗਿਆ। ਭਾਜਪਾ ਦੇ ਸੀਨੀਅਰ ਆਗੂ ਅਰੁਣ ਸ਼ਰਮਾ, ਸਾਬਕਾ ਕੌਂਸਲਰ ਅਸ਼ੋਕ ਝਾਅ ਅਤੇ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਫੇਜ਼-4 ਦੇ ਪ੍ਰਧਾਨ ਸੁਖਦੀਪ ਸਿੰਘ ਨਿਆਂ ਨੇ ਦੱਸਿਆ ਕਿ ਇਨ੍ਹਾਂ ਇਲਾਕਿਆਂ ਦੇ ਵਸਨੀਕ ਸ਼ੁਰੂ ਤੋਂ ਬਰਸਾਤੀ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਰੋਡ ਗਲੀਆਂ ਬੰਦ ਪਈਆਂ ਹਨ ਅਤੇ ਨਗਰ ਨਿਗਮ ਨੇ ਇਨ੍ਹਾਂ ਦੀ ਸਫ਼ਾਈ ਵੱਲ ਧਿਆਨ ਨਹੀਂ ਦਿੱਤਾ। ਸੁਖਦੀਪ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਹੀ ਉਹ ਨਗਰ ਨਿਗਮ ਦੀ ਕਮਿਸ਼ਨਰ ਨੂੰ ਵੀ ਮਿਲੇ ਸਨ। ਹਾਲਾਂਕਿ ਨਿਗਮ ਵੱਲੋਂ ਲੋਕਾਂ ਦੀ ਸੁਵਿਧਾ ਲਈ ਪਾਣੀ ਨਿਕਾਸੀ ਲਈ ਪੰਪ ਦੀ ਵੀ ਵਿਵਸਥਾ ਕੀਤੀ ਗਈ ਸੀ ਪਰ ਇਹ ਪੰਪ ਕਿਸੇ ਕੰਮ ਨਹੀਂ ਆਇਆ। ਕਈ ਥਾਵਾਂ ’ਤੇ ਪਾਰਕਾਂ ਵਿੱਚ ਮੀਂਹ ਦਾ ਪਾਣੀ ਜਮ੍ਹਾਂ ਹੋ ਗਿਆ। ਨੌਜਵਾਨ ਆਗੂ ਆਸ਼ੂ ਵੈਦ ਨੇ ਦੱਸਿਆ ਕਿ ਜਲ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਪਿੰਡ ਮਟੌਰ ਅਤੇ ਸੈਕਟਰ-70 ਅਤੇ ਸੈਕਟਰ-71 ਵਿੱਚ ਕਾਫ਼ੀ ਥਾਵਾਂ ’ਤੇ ਮੀਂਹ ਦਾ ਪਾਣੀ ਜਮ੍ਹਾਂ ਹੋ ਗਿਆ। ਕੌਂਸਲਰਾਂ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਯਤਨ ਨਹੀਂ ਕੀਤੇ ਜਾ ਰਹੇ ਹਨ। ਰੇਖਾ ਸ਼ਰਮਾ ਨੇ ਦੱਸਿਆ ਕਿ ਕੁੰਭੜਾ ਚੌਂਕ ਤੋਂ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਨੂੰ ਜਾਣ ਵਾਲੀ ਮੁੱਖ ਸੜਕ ਉੱਤੇ ਮੀਂਹ ਦਾ ਪਾਣੀ ਜਮ੍ਹਾ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਰਹੀ। ਗੁਰਮੇਲ ਸਿੰਘ ਮੌਜੇਵਾਲ, ਰਮਣੀਕ ਸਿੰਘ, ਸੋਨੀਆ ਸੰਧੂ ਸਣੇ ਹੋਰਨਾਂ ਨੇ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਕੋਸਦੇ ਹੋਏ ਕਿਹਾ ਕਿ ਉਹ ਪਿਛਲੇ ਤਿੰਨ ਦਹਾਕਿਆਂ ਤੋਂ ਬਰਸਾਤੀ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ।

Advertisement
Author Image

sukhwinder singh

View all posts

Advertisement
Advertisement
×