For the best experience, open
https://m.punjabitribuneonline.com
on your mobile browser.
Advertisement

ਹਲਕਾ ਡੇਰਾਬੱਸੀ ਵਿੱਚ ਗੜ੍ਹੇਮਾਰੀ ਕਾਰਨ ਸਬਜ਼ੀਆਂ ਦਾ ਭਾਰੀ ਨੁਕਸਾਨ

11:31 AM Apr 21, 2024 IST
ਹਲਕਾ ਡੇਰਾਬੱਸੀ ਵਿੱਚ ਗੜ੍ਹੇਮਾਰੀ ਕਾਰਨ ਸਬਜ਼ੀਆਂ ਦਾ ਭਾਰੀ ਨੁਕਸਾਨ
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਹੋਰ ਅਧਿਕਾਰੀ ਜਾਇਜ਼ਾ ਲੈਂਦੇ ਹੋਏ। -ਫੋਟੋ: ਰੂਬਲ
Advertisement

ਹਰਜੀਤ ਸਿੰਘ
ਡੇਰਾਬੱਸੀ, 20 ਅਪਰੈਲ
ਖੇਤਰ ਵਿੱਚ ਗੜ੍ਹੇਮਾਰੀ ਨਾਲ ਨੁਕਸਾਨੀ ਫਸਲਾਂ ਦਾ ਜਾਇਜ਼ਾ ਲੈਣ ਲਈ ਡੀਸੀ ਮੁਹਾਲੀ ਆਸ਼ਿਕਾ ਜੈਨ ਵੱਲੋਂ ਅੱਜ ਖੇਤਰ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਨਾਲ ਐੱਸਡੀਐੱਮ ਹਿਮਾਂਸ਼ੂ ਗੁਪਤਾ, ਨਾਇਬ ਤਹਿਸੀਲਦਾਰ ਹਰਿੰਦਰ ਸਿੰਘ ਪੂਨੀਆ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।
ਡੀਸੀ ਨੇ ਧਨੌਨੀ ਅਨਾਜ ਮੰਡੀ, ਪਿੰਡ ਅਮਲਾਲਾ, ਕਾਰਕੌਰ, ਬਹੋੜਾ-ਬਹੋੜੀ, ਮਹਿਮਦਪੁਰ, ਇਬਰਿਹਮਪੁਰ ਸਣੇ ਹੋਰਨਾਂ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਗੜ੍ਹੇਮਾਰੀ ਨਾਲ ਹੋਏ ਨੁਕਸਾਨ ਦੀ ਛੇਤੀ ਤੋਂ ਛੇਤੀ ਰਿਪੋਰਟ ਭੇਜਣ ਨੂੰ ਕਿਹਾ ਤਾਂ ਜੋ ਇਸ ਨੂੰ ਸਰਕਾਰ ਨੂੰ ਭੇਜ ਕੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦਿਵਾਇਆ ਜਾ ਸਕੇ। ਉਨ੍ਹਾਂ ਧਨੌਨੀ ਮੰਡੀ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਗੜ੍ਹੇਮਾਰੀ ਕਾਰਨ ਨੁਕਸਾਨ ਅਤੇ ਕਣਕ ਦੀ ਫ਼ਸਲ ਵਿਕਰੀ ਅਤੇ ਮੰਡੀ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਬਾਰੇ ਜਾਣਕਾਰੀ ਲਈ।
ਜਾਣਕਾਰੀ ਦਿੰਦਿਆਂ ਨਾਇਬ ਤਹਿਸੀਲਦਾਰ ਹਰਿੰਦਰ ਸਿੰਘ ਪੂਨੀਆ ਨੇ ਦੱਸਿਆ ਕਿ ਗੜ੍ਹੇਮਾਰੀ ਦੌਰਾਨ ਕਿਸਾਨਾਂ ਦੀ ਸਬਜ਼ੀ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਕੱਲੇ ਪਿੰਡ ਅਮਲਾਲਾ ਵਿੱਚ ਹੀ 250 ਏਕੜ ਵਿੱਚ ਖੜ੍ਹੀ ਸਬਜ਼ੀ ਦੀ ਫਸਲ ਬੁਰੀ ਤਰ੍ਹਾਂ ਤਬਾਹ ਹੋ ਗਈ। ਇਨ੍ਹਾਂ ਵਿੱਚ ਕੱਦੂ ਸਮੇਤ ਹੋਰ ਸਬਜ਼ੀਆਂ ਸ਼ਾਮਲ ਹਨ। ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਵੀ ਗੜ੍ਹੇਮਾਰੀ ਅਤੇ ਮੀਂਹ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਸਹਿਣਾ ਪਿਆ ਸੀ ਜਿਸ ਦਾ ਮੁਆਵਜ਼ਾ ਹਾਲੇ ਤੱਕ ਨਹੀਂ ਮਿਲਿਆ। ਕਿਸਾਨਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਅਧਿਕਾਰੀ ਦੌਰਾ ਕਰ ਰਿਪੋਰਟ ਦੇਣ ਲਈ ਕਹਿ ਦਿੰਦੇ ਹਨ ਜਿਸ ਨੂੰ ਸਬੰਧਿਤ ਅਧਿਕਾਰੀ ਜਮ੍ਹਾਂ ਕਰਵਾ ਦਿੰਦੇ ਹਨ ਪਰ ਇਸ ਦੇ ਬਾਵਜੂਦ ਕੋਈ ਮੁਅਵਜ਼ਾ ਨਹੀਂ ਮਿਲਦਾ। ਕਿਸਾਨਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਮੀਂਹ ਕਾਰਨ ਇਲਾਕੇ ਦੀ ਸੜਕਾਂ ਹੜ੍ਹ ਗਈਆਂ ਸੀ ਜੋ ਹਾਲੇ ਤੱਕ ਠੀਕ ਨਹੀਂ ਹੋਈਆਂ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Advertisement

ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ

ਬਨੂੜ (ਕਰਮਜੀਤ ਸਿੰਘ ਚਿੱਲਾ): ਬੇਮੌਸਮੀ ਹੋਈ ਬਾਰਸ਼ ਨਾਲ ਪ੍ਰਭਾਵਿਤ ਫਸਲਾਂ ਦਾ ਸਰਵੇਖਣ ਕਰਨ ਲਈ ਅੱਜ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਸ਼ੁਭਕਰਨ ਸਿੰਘ ਦੀ ਅਗਵਾਈ ਹੇਠਲੀ ਇੱਕ ਟੀਮ ਨੇ ਬਨੂੜ ਖੇਤਰ ਦੇ ਪਿੰਡਾਂ ਅਤੇ ਬਨੂੜ ਮੰਡੀ ਦਾ ਦੌਰਾ ਕੀਤਾ। ਟੀਮ ਵਿੱਚ ਖੇਤੀਬਾੜੀ ਵਿਸਥਾਰ ਅਫ਼ਸਰ ਡਾ. ਸੁੱਚਾ ਸਿੰਘ ਅਤੇ ਬੀਟੀਟੀ ਡਾ. ਜਗਦੀਪ ਸਿੰਘ ਵੀ ਸ਼ਾਮਲ ਸਨ। ਉਨ੍ਹਾਂ ਪਿੰਡ ਕਲੌਲੀ, ਹੁਲਕਾ, ਗੀਗੇ ਮਾਜਰਾ, ਦੈੜੀ, ਆਦਿ ਵਿਖੇ ਫ਼ਸਲਾਂ ਦਾ ਜਾਇਜ਼ਾ ਲਿਆ। ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਬੇਮੌਸਮੀ ਬਾਰਸ਼ ਨਾਲ ਕਣਕ ਦੀ ਵਾਢੀ ਜ਼ਰੂਰ ਪ੍ਰਭਾਵਿਤ ਹੋਈ ਹੈ ਪਰ ਇਸ ਖੇਤਰ ਵਿੱਚ ਕਣਕ ਦੀ ਫ਼ਸਲ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਮੌਸਮ ਸਾਫ਼ ਹੋ ਗਿਆ ਹੈ ਤੇ ਅਗਲੇ ਇੱਕ ਦੋ ਦਿਨਾਂ ਵਿੱਚ ਕਣਕ ਦੀ ਵਾਢੀ ਦਾ ਕੰਮ ਆਮ ਵਾਂਗ ਸ਼ੁਰੂ ਹੋ ਜਾਵੇਗਾ। ਇਸੇ ਦੌਰਾਨ ਬਨੂੜ ਖੇਤਰ ਦੇ ਸਬਜੀ ਪੈਦਾ ਕਰਨ ਵਾਲੇ ਪਿੰਡਾਂ ਵਿੱਚ ਸਬਜ਼ੀਆਂ ਦੀਆਂ ਵੇਲਾਂ ਨੂੰ ਮੀਂਹ ਅਤੇ ਤੇਜ਼ ਹਵਾਵਾਂ ਨੇ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਬਸੀ ਈਸੇ ਖਾਂ, ਕਰਾਲਾ, ਅਮਲਾਲਾ ਆਦਿ ਪਿੰਡਾਂ ਵਾਲੇ ਪਾਸੇ ਗੜ੍ਹੇਮਾਰੀ ਹੋਣ ਕਾਰਨ ਖਰਬੂਜ਼ਿਆਂ ਦੀ ਫ਼ਸਲ ਤਬਾਹ ਹੋ ਗਈ ਹੈ। ਕਿਸਾਨਾਂ ਨੇ ਇਸ ਲਈ ਵਿਸ਼ੇਸ ਗਿਰਦਾਵਰੀ ਕਰਾ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ। ਮੌਸਮ ਸਾਫ਼ ਹੋਣ ਨਾਲ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ ਹੈ। ਕਣਕ ਦੀ ਹੱਥਾਂ ਨਾਲ ਵਾਢੀ ਦਾ ਕੰਮ ਅੱਜ ਮੁੜ੍ਹ ਆਰੰਭ ਹੋ ਗਿਆ ਹੈ, ਜਦੋਂ ਕਿ ਕੰਬਾਈਨਾਂ ਨਾਲ ਕਟਾਈ ਐਤਵਾਰ ਨੂੰ ਦੁਪਹਿਰ ਤੋਂ ਬਾਅਦ ਸ਼ੁਰੂ ਹੋ ਜਾਵੇਗੀ। ਬਨੂੜ ਮੰਡੀ ਵਿੱਚ ਅੱਜ ਕਣਕ ਦੀ ਕਾਫੀ ਆਮਦ ਹੋਈ ਤੇ ਸਾਰੀ ਐਫਸੀਆਈ ਵੱਲੋਂ ਖਰੀਦੀ ਗਈ।

Advertisement
Author Image

sukhwinder singh

View all posts

Advertisement
Advertisement
×