ਹੜ੍ਹ ਕਾਰਨ ਬੇਟ ਇਲਾਕੇ ’ਚ ਫ਼ਸਲਾਂ ਦਾ ਭਾਰੀ ਨੁਕਸਾਨ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 11 ਜੁਲਾਈ
ਨੇੜਲੇ ਕਸਬਾ ਸਿੱਧਵਾਂ ਬੇਟ ਤੋਂ ਕੁਝ ਹੀ ਦੂਰੀ ਤੋਂ ਲੰਘਦੇ ਸਤਲੁਜ ਦਰਿਆ ਦੇ ਕੰਢੇ ‘ਤੇ ਵੱਸੇ ਪਿੰਡਾਂ ‘ਚ ਹੜ੍ਹ ਨੇ ਨੁਕਸਾਨ ਪਹੁੰਚਾਇਆ ਹੈ ਅਤੇ ਪਾਣੀ ਭਰ ਗਿਆ ਹੈ। ਸੈਂਕੜੇ ਏਕੜ ਫ਼ਸਲ ਦਾ ਭਾਰੀ ਨੁਕਸਾਨ ਹੋਣ ਦਾ ਅਨੁਮਾਨ ਹੈ। ਸਮਾਂ ਰਹਿੰਦੇ ਹੋਏ ਸੂਚਨਾ ਮਿਲਣ ਕਰਕੇ ਪਾਣੀ ਦੀ ਮਾਰ ਹੇਠ ਆਉਣ ਵਾਲੇ ਪਿੰਡਾਂ ਦੇ ਲੋਕ ਸੁਰੱਖਿਅਤ ਥਾਂਵਾਂ ‘ਤੇ ਚਲੇ ਗਏ ਜਿਸ ਕਰਕੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਦਰਿਆ ਦੇ ਪਾਸੇ ਜ਼ਮੀਨ ‘ਤੇ ਖੇਤੀ ਕਰਨ ਤੋਂ ਇਲਾਵਾ ਨੇੜਲੇ ਪਿੰਡ ਸ਼ੇਰੇਵਾਲ, ਕੰਨੀਆ, ਗਿੱਦੜਵਿੰਡੀ, ਖਹਿਰਾ ਬੇਟ, ਵਲੀਪੁਰ ਆਦਿ ਦੀ ਜ਼ਮੀਨ ‘ਤੇ ਪਾਣੀ ਭਰਨ ਕਰਕੇ ਝੋਨੇ ਅਤੇ ਮੱਕੀ ਦੀ ਫ਼ਸਲ ਸਮੇਤ ਸਬਜ਼ੀਆਂ ਦਾ ਭਾਰੀ ਨੁਕਸਾਨ ਹੋਇਆ ਹੈ।
ਬੀਤੇ ਕੱਲ੍ਹ ਪਾਣੀ ਦਾ ਪੱਧਰ ਵਧ ਜਾਣ ਕਰਕੇ ਪਈ ਮਾਰ ਮਗਰੋਂ ਅੱਜ ਮੰਗਲਵਾਰ ਨੂੰ ਪਾਣੀ ਦਾ ਪੱਧਰ ਕੁਝ ਘੱਟ ਹੋਣ ਕਾਰਨ ਰਾਹਤ ਮਹਿਸੂਸ ਹੋਈ ਪਰ ਫਿਰ ਵੀ ਦਰਿਆ ਨੇੜੇ ਰਹਿੰਦੇ ਲੋਕਾਂ ‘ਚ ਸਹਿਮ ਦਾ ਮਾਹੌਲ ਬਰਕਰਾਰ ਹੈ। ਇਕ ਪਾਸੇ ਅੱਜ ਕਿਸਾਨ ਜਥੇਬੰਦੀਆਂ ਦੇ ਆਗੂ ਹੜ੍ਹ ਕਰਕੇ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ ਲੈਣ ਪੁੱਜੇ ਤਾਂ ਦੂਜੇ ਪਾਸੇ ਹਾਕਮ ਧਿਰ ਆਮ ਆਦਮੀ ਪਾਰਟੀ ਸਮੇਤ ਹੋਰਨਾਂ ਸਿਆਸੀ ਪਾਰਟੀਆਂ ਦੇ ਆਗੂ ਵੀ ਲੋਕਾਂ ਦੀ ਸਾਰ ਲੈਣ ਲਈ ਪਹੁੰਚ ਰਹੇ ਸਨ। ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਲਗਾਤਾਰ ਦੂਜੇ ਦਨਿ ਮੁੜ ਸਾਥੀਆਂ ਸਣੇ ਹੜ੍ਹ ਪ੍ਰਭਾਵਿਤ ਇਲਾਕੇ ‘ਚ ਮਦਦ ਲਈ ਪਹੁੰਚੇ। ਉਨ੍ਹਾਂ ਲੋਕਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਸੰਸਦ ਮੈਂਬਰ ਰਵਨੀਤ ਬਿੱਟੂ, ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਸਾਬਕਾ ਵਿਧਾਇਕ ਐੱਸਆਰ ਕਲੇਰ, ਜਗਤਾਰ ਸਿੰਘ ਜੱਗਾ ਹਿੱਸੋਵਾਲ, ਕੈਪਟਨ ਸੰਦੀਪ ਸੰਧੂ ਸਮੇਤ ਹੋਰ ਆਗੂਆਂ ਨੇ ਵੀ ਇਨ੍ਹਾਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ।
ਜਮਹੂਰੀ ਕਿਸਾਨ ਸਭਾ ਦੇ ਆਗੂ ਬਲਰਾਜ ਸਿੰਘ ਕੋਟਉਮਰਾ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਹੋਰ ਕਿਸਾਨ ਆਗੂਆਂ ਨਾਲ ਕੰਨੀਆਂ ਤੇ ਗਿੱਦੜਵਿੰਡੀ ਪਿੰਡਾਂ ‘ਚ ਜਾ ਕੇ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਦਰਿਆ ਦੇ ਕੰਢੇ ‘ਤੇ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਜਿਸ ‘ਚ ਮੱਕੀ, ਹਰਾ ਚਾਰਾ, ਸਬਜ਼ੀਆਂ, ਝੋਨੇ ਦੀ ਪਨੀਰੀ ਅਤੇ ਝੋਨਾ ਹੜ੍ਹਾਂ ਦੀ ਮਾਰ ਹੇਠ ਆ ਕੇ ਲਗਪਗ ਖ਼ਤਮ ਹੋ ਗਿਆ ਹੈ। ਪੱਕੀ ਮੱਕੀ ਦਾ ਪੰਜਾਹ ਹਜ਼ਾਰ ਰੁਪਏ ਪ੍ਰਤੀ ਏਕੜ ਨੁਕਸਾਨ ਹੋਇਆ ਅਤੇ ਅਗਲੀ ਬਿਜਾਈ ਇਕ ਮਹੀਨਾ ਦੇਰੀ ਨਾਲ ਹੋਵੇਗੀ। ਇਸੇ ਤਰ੍ਹਾਂ ਝੋਨੇ ਦੀ ਲਵਾਈ ’ਤੇ ਖਰਚੀ ਰਕਮ ਦਾ ਕਿਸਾਨਾਂ ਨੂੰ ਨੁਕਸਾਨ ਹੋਇਆ ਹੈ। ਇਸ ਸਾਰੇ ਨੁਕਸਾਨ ਬਦਲੇ ਸਰਕਾਰ ਨੂੰ ਫੌਰੀ ਮੁਆਵਜ਼ੇ ਦਾ ਐਲਾਨ ਕਰਨਾ ਚਾਹੀਦਾ ਹੈ।