ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਲੰਧਰ ਤੇ ਬਲਾਚੌਰ ਵਿੱਚ ਗੜਿਆਂ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ

10:12 AM Feb 02, 2024 IST
ਜਲੰਧਰ ਵਿੱਚ ਵੀਰਵਾਰ ਨੂੰ ਪਏ ਭਰਵੇਂ ਮੀਂਹ ਦੌਰਾਨ ਜਾਂਦੇ ਹੋਏ ਲੋਕ। -ਫੋਟੋ: ਸਰਬਜੀਤ ਸਿੰਘ

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 1 ਫਰਵਰੀ
ਸਰਹੱਦੀ ਖੇਤਰ ਵਿੱਚ ਅੱਜ ਤੜਕੇ ਜਿੱਥੇ ਭਰਵਾਂ ਮੀਂਹ ਨਾਲ ਸੰਘਣੀ ਧੁੰਦ ਤੋਂ ਰਾਹਤ ਮਿਲੀ, ਉਥੇ ਹੀ ਦੋਆਬੇ ਦੇ ਕਈ ਖੇਤਰਾਂ ਵਿੱਚ ਅੱਜ ਗੜਿਆਂ ਕਾਰਨ ਫ਼ਸਲਾਂ ਨੁਕਸਾਨੀਆਂ ਗਈਆਂ।
ਜਾਣਕਾਰੀ ਅਨੁਸਾਰ ਅੱਜ ਮੀਂਹ ਨਾਲ ਲੋਕਾਂ ਨੇ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਤੋਂ ਰਾਹਤ ਮਹਿਸੂਸ ਕੀਤੀ ਹੈ। ਕੱਲ੍ਹ ਇੱਥੇ ਸਰਹੱਦੀ ਜ਼ਿਲ੍ਹੇ ਵਿੱਚ ਹਲਕਾ ਮੀਂਹ ਪਿਆ ਸੀ ਅਤੇ ਬੱਦਲਵਾਈ ਬਣੀ ਰਹੀ ਜਿਸ ਦੇ ਚੱਲਦਿਆਂ ਅੱਜ ਤੜਕੇ ਤੇਜ਼ ਹਵਾਵਾਂ ਚੱਲੀਆਂ ਅਤੇ ਉਸ ਤੋਂ ਬਾਅਦ ਲਗਪਗ 5 ਵਜੇ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪਿਆ। ਲਗਭਗ ਦੋ ਘੰਟੇ ਪਏ ਮੀਂਹ ਨੇ ਸ਼ਹਿਰ ਵਿੱਚ ਜਲ-ਥਲ ਕਰ ਦਿੱਤੀ। ਖਾਸ ਕਰਕੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਤੇਜ਼ ਹਵਾਵਾਂ ਤੇ ਭਾਰੀ ਮੀਂਹ ਕਾਰਨ ਸ਼ਹਿਰ ਵਿੱਚ ਬਿਜਲੀ ਸਪਲਾਈ ਵਿੱਚ ਵੀ ਵਿਘਨ ਪਿਆ ਜੋ ਬਾਅਦ ਵਿੱਚ ਬਹਾਲ ਕਰ ਦਿੱਤੀ ਗਈ। ਦੁਪਹਿਰ ਵੇਲੇ ਬੱਦਲ ਸਾਫ ਹੋ ਗਏ ਅਤੇ ਧੁੱਪ ਨਿਕਲ ਆਈ, ਜਿਸ ਨਾਲ ਲੋਕਾਂ ਨੇ ਠੰਢ ਤੋਂ ਰਾਹਤ ਮਹਿਸੂਸ ਕੀਤੀ। ਲੋਕਾਂ ਨੇ ਆਖਿਆ ਕਿ ਇਸ ਮੀਂਹ ਦੇ ਨਾਲ ਸੁੱਕੀ ਠੰਢ ਤੋਂ ਰਾਹਤ ਮਿਲੀ ਹੈ ਅਤੇ ਹੁਣ ਅਗਲੇ ਦਿਨਾਂ ਵਿੱਚ ਮੌਸਮ ਹੋਰ ਸਾਫ ਹੋ ਜਾਵੇਗਾ। ਮੌਸਮ ਵਿਭਾਗ ਅਨੁਸਾਰ ਅੱਜ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਮੁਤਾਬਕ ਪਹਾੜਾਂ ਵਿੱਚ ਬਰਫਬਾਰੀ ਤੋਂ ਬਾਅਦ ਹੇਠਾਂ ਮੈਦਾਨੀ ਇਲਾਕੇ ਵਿੱਚ ਵੀ ਇਸ ਦਾ ਅਸਰ ਹੋਵੇਗਾ ਅਤੇ ਪਾਰਾ ਹੇਠਾਂ ਡਿੱਗੇਗਾ ਜੋ ਮੁੜ ਲੋਕਾਂ ਨੂੰ ਕਾਂਬਾ ਛੇੜੇਗਾ। ਅੱਜ ਪਏ ਮੀਂਹ ਨੂੰ ਖੇਤੀਬਾੜੀ ਵਿਭਾਗ ਵੱਲੋਂ ਫਸਲਾਂ ਲਈ ਲਾਹੇਵੰਦ ਆਖਿਆ ਗਿਆ ਹੈ।

Advertisement

ਕਪੂਰਥਲਾ ਵਿੱਚ ਪਏ ਗੜੇ ਦਿਖਾਉਂਦਾ ਹੋਇਆ ਇਕ ਵਿਅਕਤੀ। -ਫੋਟੋ: ਮਲਕੀਅਤ ਸਿੰਘ

ਜਲੰਧਰ (ਹਤਿੰਦਰ ਮਹਿਤਾ): ਜ਼ਿਲ੍ਹੇ ਵਿੱਚ ਕਈ ਥਾਵਾਂ ’ਤੇ ਮੀਂਹ ਨਾਲ ਹੋਈ ਭਾਰੀ ਗੜੇਮਾਰੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਜਾਣਕਾਰੀ ਅਨੁਸਾਰ ਅੱਜ ਜਲੰਧਰ, ਆਦਮਪੁਰ, ਨਕੋਦਰ, ਸੁਲਤਾਨਪੁਰ ਲੋਧੀ, ਜਮਸ਼ੇਰ, ਅਲਾਵਲਪੁਰ, ਕਪੂਰਥਲਾ ਖੇਤਰ ਵਿੱਚ ਭਾਰੀ ਗੜੇਮਾਰੀ ਕਾਰਨ ਬਰਫ਼ ਦੀ ਚਿੱਟੀ ਚਾਦਰ ਵਿਛ ਗਈ। ਇਸ ਦੌਰਾਨ ਮੀਂਹ ਅਤੇ ਗੜੇਮਾਰੀ ਦੇ ਨਾਲ ਤੇਜ਼ ਹਵਾਵਾਂ ਕਰਕੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਦੂਜੇ ਪਾਸੇ ਮੀਂਹ ਕਾਰਨ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ ਤੇ ਕਈ ਥਾਵਾਂ ’ਤੇ ਤਾਂ ਪਾਣੀ ਲੋਕਾਂ ਦੇ ਘਰਾਂ ਵਿਚ ਜਾ ਵੜਿਆ ਤੇ ਦੁਕਾਨਾਂ ਵਿਚ ਨਾਲੀ ਦਾ ਪਾਣੀ ਭਰ ਗਿਆ, ਜਿਸ ਕਾਰਨ ਹਰ ਪਾਸੇ ਗਾਰ ਹੀ ਗਾਰ ਨਜ਼ਰ ਆ ਰਹੀ ਸੀ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਪਹਿਲ ਦੇ ਆਧਾਰ ’ਤੇ ਨਾਲਿਆਂ ਦੀ ਸਫਾਈ ਕਰਵਾਏ ਤਾਂ ਜੋ ਪਾਣੀ ਦਾ ਨਿਕਾਸ ਠੀਕ ਢੰਗ ਨਾਲ ਹੋ ਸਕੇ। ਗੜੇ ਪੈਣ ਕਾਰਨ ਕਿਸਾਨ ਕਾਫੀ ਨਿਰਾਸ਼ ਨਜ਼ਰ ਆ ਰਹੇ ਹਨ। ਮਹਿੰਦਰ ਸਿੰਘ ਨਾਮਕ ਕਿਸਾਨ ਨੇ ਦੱਸਿਆ ਕਿ ਗੜੇ ਪੈਣ ਕਾਰਨ ਉਸ ਦੀ ਆਲੂਆਂ ਦੀ ਫਸਲ ਨੁਕਸਾਨੀ ਗਈ ਤੇ ਕਣਕ ਦੀ ਫਸਲ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਬਲਾਚੌਰ (ਗੁਰਦੇਵਸ ਸਿੰਘ ਗਹੂੰਣ): ਬਲਾਚੌਰ ਤੇ ਆਸ-ਪਾਸ ਦੇ ਖੇਤਰ ਵਿੱਚ ਅੱਜ ਸਵੇਰੇ 9 ਕੁ ਵਜੇ ਸ਼ੁਰੂ ਹੋਏ ਮੀਂਹ ਨੇ 2 ਕੁ ਘੰਟਿਆਂ ਵਿੱਚ ਪੂਰੇ ਇਲਾਕੇ ਨੂੰ ਜਲ-ਥਲ ਕਰ ਦਿੱਤਾ। ਸ਼ਹਿਰ ਅਤੇ ਸਬ-ਡਵੀਜ਼ਨ ਦੇ ਪਿੰਡਾਂ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ, ਜਿਸ ਨਾਲ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਅੱਜ ਦੀ ਇਸ ਮੀਂਹ ਨਾਲ ਗੜੇਮਾਰੀ ਵੀ ਹੋਈ, ਜਿਸ ਨਾਲ ਕੁੱਝ ਸਮੇਂ ਲਈ ਧਰਤੀ ’ਤੇ ਚਿੱਟੀ ਚਾਦਰ ਵਿਛ ਗਈ। ਕਈ ਥਾਈਂ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ।

Advertisement
Advertisement