ਉੱਤਰੀ ਗਾਜ਼ਾ ਵਿੱਚ ਭਾਰੀ ਬੰਬਾਰੀ, 22 ਹਲਾਕ
ਬੇਰੂਤ, 12 ਅਕਤੂਬਰ
ਇਜ਼ਰਾਈਲ ਨੇ ਅੱਜ ਫਲਸਤੀਨ ਦੇ ਉਤਰੀ ਗਾਜ਼ਾ ਵਿੱਚ ਭਾਰੀ ਬੰਬਾਰੀ ਕੀਤੀ, ਜਿਸ ਵਿੱਚ ਘੱਟੋ-ਘੱਟ 22 ਜਣੇ ਮਾਰੇ ਗਏ। ਇਸ ਦੌਰਾਨ ਇਜ਼ਰਾਈਲ ਨੇ ਹਮਾਸ ਤੇ ਹਿਜ਼ਬੁੱਲਾ ਅਤਿਵਾਦੀ ਗਰੁੱਪਾਂ ਖ਼ਿਲਾਫ਼ ਵਿੱਢੇ ਹਮਲਿਆਂ ਤਹਿਤ ਲੋਕਾਂ ਨੂੰ ਦੱਖਣੀ ਲਿਬਨਾਨ ਤੋਂ ਚਲੇ ਜਾਣ ਦੀ ਅਪੀਲ ਕੀਤੀ ਹੈ। ਉਧਰ, ਲਿਬਨਾਨ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਆ ਬਲ ਨੇ ਦਾਅਵਾ ਕੀਤਾ ਕਿ ਨਾਕੂਰਾ ਵਿੱਚ ਇਸ ਦੀ ਸ਼ਾਂਤੀ ਰੱਖਿਆ ਸੈਨਾ ਨੂੰ ਮੁੜ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਸ਼ੁੱਕਰਵਾਰ ਦੇਰ ਰਾਤ ਗੋਲੀਬਾਰੀ ਇੱਕ ਜਵਾਨ ਜ਼ਖ਼ਮੀ ਹੋ ਗਿਆ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਸਕਿਆ ਕਿ ਗੋਲੀ ਕਿਸ ਨੇ ਚਲਾਈ ਹੈ। ਗੋਲੀਬਾਰੀ ਦੀ ਇਹ ਘਟਨਾ ਇਜ਼ਰਾਈਲ ਦੀ ਫੌਜ ਵੱਲੋਂ ਮੁੱਖ ਦਫ਼ਤਰ ’ਤੇ ਲਗਾਤਾਰ ਦੂਸਰੇ ਦਿਨ ਕੀਤੇ ਹਮਲੇ ਤੋਂ ਇੱਕ ਦਿਨ ਮਗਰੋਂ ਵਾਪਰੀ ਹੈ।
ਇਜ਼ਰਾਈਲ ਵੱਲੋਂ ਇਸ ਹਮਲੇ ਸਬੰਧੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਉਸ ਨੇ ਸ਼ਾਂਤੀ ਰੱਖਿਆ ਸੈਨਾ ਨੂੰ ਟਕਰਾਅ ਵਾਲੀਆਂ ਥਾਵਾਂ ਤੋਂ ਹਟਣ ਦੀ ਚਿਤਾਵਨੀ ਦਿੱਤੀ ਸੀ। ਉਧਰ ਉੱਤਰੀ ਗਾਜ਼ਾ ਵਿੱਚ ਭੁੱਖ ਵਰਗੇ ਹਾਲਾਤ ਪੈਦਾ ਹੋ ਗਏ ਹਨ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਇਸ ਮਹੀਨੇ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲੀ ਹੈ। ਉੱਧਰ ਇਸੇ ਦੌਰਾਨ ਇਜ਼ਰਾਈਲ ਅਤੇ ਹਿਜ਼ਬੁੱਲਾ ਦਹਿਸ਼ਤਗਰਦਾਂ ਵਿਚਾਲੇ ਸਰਹੱਦ ’ਤੇ ਜੰਗ ਦਰਮਿਆਨ ਲਿਬਨਾਨੀ ਫੌਜ ਖਾਮੋਸ਼ ਹੈ। ਲਿਬਨਾਨੀ ਫੌਜ ਪਹਿਲਾਂ ਵੀ ਮੁਲਕ ’ਚ ਜੰਗ ਨੂੰ ਖਾਮੋਸ਼ ਰਹਿ ਕੇ ਦੇਖਦੀ ਰਹੀ ਹੈ। ਲਿਬਨਾਨੀ ਫੌਜ ਦੇ ਕਈ ਕਮਾਂਡਰ ਰਾਸ਼ਟਰਪਤੀ ਬਣ ਚੁੱਕੇ ਹਨ ਅਤੇ ਮੌਜੂਦਾ ਕਮਾਂਡਰ ਜਨਰਲ ਜੋਸੇਫ਼ ਏਓਨ ਨੂੰ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵਾਲੇ ਮੋਹਰੀ ਉਮੀਦਵਾਰਾਂ ’ਚੋਂ ਇਕ ਮੰਨਿਆ ਜਾਂਦਾ ਹੈ ਪਰ ਪੁਰਾਣੇ ਹਥਿਆਰਾਂ ਅਤੇ ਹਵਾਈ ਸੁਰੱਖਿਆ ਤੋਂ ਬਿਨਾਂ ਲਿਬਨਾਨ, ਇਜ਼ਰਾਈਲ ਜਿਹੀ ਅਤਿਆਧੁਨਿਕ ਫੌਜ ਦੇ ਜ਼ਮੀਨੀ ਹਮਲਿਆਂ ਤੋਂ ਮੁਲਕ ਨੂੰ ਬਚਾਉਣ ਲਈ ਤਿਆਰ ਨਹੀਂ ਹੈ। ਲਿਬਨਾਨ ਫੌਜ ’ਚ ਕਰੀਬ 80 ਹਜ਼ਾਰ ਜਵਾਨ ਹਨ, ਜਿਨ੍ਹਾਂ ’ਚੋਂ ਕਰੀਬ ਪੰਜ ਹਜ਼ਾਰ ਦੱਖਣ ’ਚ ਤਾਇਨਾਤ ਕੀਤੇ ਗਏ ਹਨ। ਹਿਜ਼ਬੁੱਲਾ ਕੋਲ ਇਕ ਲੱਖ ਤੋਂ ਵੱਧ ਲੜਾਕੇ ਹਨ ਅਤੇ ਇਰਾਨ ਦੀ ਸਹਾਇਤਾ ਨਾਲ ਉਸ ਕੋਲ ਅਤਿ ਆਧੁਨਿਕ ਹਥਿਆਰਾਂ ਦਾ ਜ਼ਖ਼ੀਰਾ ਵੀ ਹੈ। ਲਿਬਨਾਨੀ ਫੌਜ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ ਕਿ ਜੇ ਇਜ਼ਰਾਇਲੀ ਫੌਜ ਮੁਲਕ ਅੰਦਰ ਹੋਰ ਅਗਾਂਹ ਵਧ ਆਵੇਗੀ ਤਾਂ ਉਹ ਕਿਹੋ ਜਿਹੀ ਕਾਰਵਾਈ ਕਰੇਗੀ। -ਏਪੀ