ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਇਜ਼ਰਾਈਲ ਵੱਲੋਂ ਲਿਬਨਾਨ ’ਤੇ ਜ਼ੋਰਦਾਰ ਹਵਾਈ ਹਮਲੇ

08:02 AM Aug 26, 2024 IST
ਹਿਜ਼ਬੁੱਲਾ ਦੇ ਹਮਲੇ ’ਚ ਨੁਕਸਾਨਿਆ ਘਰ ਦੇਖਦਾ ਹੋਇਆ ਇੱਕ ਵਿਅਕਤੀ। -ਫੋਟੋ: ਰਾਇਟਰਜ਼

ਯੇਰੂਸ਼ਲਮ, 25 ਅਗਸਤ
ਇਜ਼ਰਾਈਲ ਨੇ ਐਤਵਾਰ ਤੜਕੇ ਦੱਖਣੀ ਲਿਬਨਾਨ ਵਿੱਚ ਹਵਾਈ ਹਮਲੇ ਕਰ ਕੇ ਦਹਿਸ਼ਤੀ ਸਮੂਹ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ, ਇਨ੍ਹਾਂ ਹਮਲਿਆਂ ਤੋਂ ਕੁਝ ਦੇਰ ਬਾਅਦ ਹਿਜ਼ਬੁੱਲਾ ਨੇ ਵੀ ਆਪਣੇ ਇਕ ਸਿਖਰਲੇ ਕਮਾਂਡਰ ਫ਼ਵਾਦ ਸ਼ੁਕੂਰ ਦੀ ਹੱਤਿਆ ਦਾ ਬਦਲਾ ਲੈਣ ਲਈ ਇਜ਼ਰਾਈਲ ’ਤੇ ਸੈਂਕੜੇ ਰਾਕੇਟਾਂ ਤੇ ਡਰੋਨਾਂ ਨਾਲ ਹਮਲਾ ਕਰ ਦਿੱਤਾ। ਇਨ੍ਹਾਂ ਹਮਲਿਆਂ ਕਰ ਕੇ ਜਿੱਥੇ ਖਿੱਤੇ ਵਿੱਚ ਅਮਰੀਕਾ, ਇਰਾਨ ਤੇ ਖੇਤਰ ਦੇ ਦਹਿਸ਼ਤੀ ਸਮੂਹਾਂ ਵਿਚਾਲੇ ਵੱਡੀ ਜੰਗ ਲੱਗਣ ਦਾ ਖ਼ਤਰਾ ਵਧ ਗਿਆ ਹੈ, ਉੱਥੇ ਹੀ ਪਿਛਲੇ ਦਸ ਮਹੀਨਿਆਂ ਤੋਂ ਗਾਜ਼ਾ ਵਿੱਚ ਜੰਗਬੰਦੀ ਸਮਝੌਤੇ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਵੀ ਸੱਟ ਵੱਜ ਸਕਦੀ ਹੈ। ਸਵੇਰ ਤੱਕ ਇੰਜ ਲੱਗ ਰਿਹਾ ਸੀ ਜਿਵੇਂ ਦੋਵੇਂ ਪਾਸਿਓਂ ਹਮਲੇ ਬੰਦ ਹੋ ਗਏ ਹਨ ਪਰ ਹਾਲਾਤ ਤਣਾਅਪੂਰਨ ਬਣੇ ਰਹੇ। ਇਨ੍ਹਾਂ ਹਮਲਿਆਂ ਵਿੱਚ ਦੋਵੇਂ ਪਾਸੇ ਹੋਏ ਜਾਨੀ ਤੇ ਮਾਲੀ ਨੁਕਸਾਨ ਦਾ ਫ਼ੌਰੀ ਤੌਰ ’ਤੇ ਕੋਈ ਪਤਾ ਨਹੀਂ ਲੱਗ ਸਕਿਆ ਹੈ।
ਇਜ਼ਰਾਇਲੀ ਫੌਜ ਨੇ ਕਿਹਾ ਕਿ ਹਿਜ਼ਬੁੱਲਾ ਵੱਲੋਂ ਇਜ਼ਰਾਈਲ ਵੱਲ ਰਾਕੇਟ ਤੇ ਮਿਜ਼ਾਈਲਾਂ ਨਾਲ ਹਮਲਾ ਕੀਤੇ ਜਾਣ ਦੀਆਂ ਵਿਉਂਤਾਂ ਘੜੀਆਂ ਜਾ ਰਹੀਆਂ ਸਨ। ਹਾਲਾਂਕਿ, ਕੁਝ ਦੇਰ ਮਗਰੋਂ ਹਿਜ਼ਬੁੱਲਾ ਨੇ ਇਜ਼ਰਾਈਲ ਦੇ ਫੌਜੀ ਟਿਕਾਣਿਆਂ ’ਤੇ ਹਮਲੇ ਦਾ ਐਲਾਨ ਕਰ ਦਿੱਤਾ। ਦੋਹਾਂ ਧਿਰਾਂ ਵੱਲੋਂ ਇਹ ਹਮਲੇ ਅਜਿਹੇ ਮੌਕੇ ਕੀਤੇ ਗਏ ਹਨ ਜਦੋਂ ਇਜ਼ਰਾਈਲ-ਹਮਾਸ ਜੰਗ ਦੇ ਖਾਤਮੇ ਲਈ ਮਿਸਰ ਗੱਲਬਾਤ ਦੇ ਇਕ ਹੋਰ ਗੇੜ ਦੀ ਮੇਜ਼ਬਾਨੀ ਕਰ ਰਿਹਾ ਹੈ। ਹਿਜ਼ਬੁੱਲਾ ਨੇ ਕਿਹਾ ਸੀ ਕਿ ਜੇ ਗਾਜ਼ਾ ਵਿੱਚ ਜੰਗਬੰਦੀ ਹੁੰਦੀ ਹੈ ਤਾਂ ਉਹ ਜੰਗ ਰੋਕਣ ਲਈ ਤਿਆਰ ਹੈ।
ਉੱਧਰ, ਇਰਾਨ ਵੱਲੋਂ ਹਮਾਸ ਤੇ ਹਿਜ਼ਬੁੱਲਾ ਦੋਵੇਂ ਜਥੇਬੰਦੀਆਂ ਦੇ ਨਾਲ ਸੀਰੀਆ, ਇਰਾਕ ਤੇ ਯਮਨ ਵਿੱਚ ਦਹਿਸ਼ਤਗਰਦਾਂ ਦੀ ਹਮਾਇਤ ਕੀਤੀ ਜਾ ਰਹੀ ਹੈ। ਹਿਜ਼ਬੁੱਲਾ ਵੱਲੋਂ ਹਮਲਿਆਂ ਦੇ ਕੀਤੇ ਐਲਾਨ ਮਗਰੋਂ ਪੂਰੇ ਉੱਤਰੀ ਇਜ਼ਰਾਈਲ ਵਿੱਚ ਸਾਇਰਨ ਵੱਜਦੇ ਰਹੇ ਅਤੇ ਇਜ਼ਰਾਈਲ ਦੇ ਬੈਨ-ਗੁਰੀਅਨ ਕੌਮਾਂਤਰੀ ਹਵਾਈ ਅੱਡੇ ’ਤੇ ਆਉਣ ਵਾਲੀਆਂ ਉਡਾਣਾਂ ਨੂੰ ਹੋਰ ਪਾਸੇ ਡਾਇਵਰਟ ਕਰਨਾ ਪਿਆ ਤੇ ਕੁਝ ਦੇਰ ਲਈ ਜਹਾਜ਼ਾਂ ਨੂੰ ਉਡਾਣ ਭਰਨ ਤੋਂ ਰੋਕ ਦਿੱਤਾ।
ਰੀਅਰ ਐਡਮਿਰਲ ਡੈਨੀਅਲ ਹਗਾਰੀ ਨੇ ਕਿਹਾ ਕਿ ਦਰਜਨਾਂ ਜੰਗੀ ਜਹਾਜ਼ਾਂ ਨੇ ਦੱਖਣੀ ਲਿਬਨਾਨ ਵਿੱਚ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਹਵਾਈ ਸੈਨਾ, ਜੰਗੀ ਬੇੜਿਆਂ ਤੇ ਜੰਗੀ ਜਹਾਜ਼ਾਂ ਵੱਲੋਂ ਇਜ਼ਰਾਈਲ ਦੇ ਹਵਾਈ ਖੇਤਰ ਦੀ ਸੁਰੱਖਿਆ ਕੀਤੀ ਜਾ ਰਹੀ ਹੈ। ਉੱਧਰ, ਹਿਜ਼ਬੁੱਲਾ ਨੇ ਉੱਤਰੀ ਇਜ਼ਰਾਈਲ ਵਿੱਚ 11 ਫੌਜੀ ਅੱਡਿਆਂ, ਬੈਰਕਾਂ ਤੇ ਹੋਰ ਟਿਕਾਣਿਆਂ ਦੇ ਨਾਲ ਗੋਲਾਨ ਪਹਾੜੀਆਂ ਨੂੰ ਵੀ ਨਿਸ਼ਾਨਾ ਬਣਾਇਆ। ਦਹਿਸ਼ਤੀ ਸਮੂਹ ਨੇ ਹਮਲਿਆਂ ਲਈ 320 ਕਾਤਯੁਸ਼ਾ ਰਾਕੇਟਾਂ ਦੀ ਵਰਤੋਂ ਕੀਤੀ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਇਕ ਕੈਬਨਿਟ ਮੀਟਿੰਗ ਦੀ ਸ਼ੁਰੂਆਤ ਵਿੱਚ ਕਿਹਾ ਕਿ ਫੌਜ ਨੇ ਉੱਤਰੀ ਇਜ਼ਰਾਈਲ ਨੂੰ ਨਿਸ਼ਾਨਾ ਬਣਾ ਕੇ ਦਾਗੇ ਗਏ ਹਜ਼ਾਰਾਂ ਰਾਕੇਟਾਂ ਨੂੰ ਨਸ਼ਟ ਕਰ ਦਿੱਤਾ ਹੈ। ਉਨ੍ਹਾਂ ਨਾਗਰਿਕਾਂ ਨੂੰ ‘ਹੋਮ ਫਰੰਟ ਕਮਾਂਡ’ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘‘ਅਸੀਂ ਆਪਣੇ ਦੇਸ਼ ਦੀ ਹਿਫ਼ਾਜ਼ਤ ਕਰਨ, ਉੱਤਰੀ ਇਜ਼ਰਾਈਲ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਸੁਰੱਖਿਅਤ ਵਾਪਸ ਪਹੁੰਚਾਉਣ ਅਤੇ ਇਸ ਆਸਾਨ ਨਿਯਮ ਨੂੰ ਬਰਕਰਾਰ ਰੱਖਣ ਖਾਤਰ ਹਰ ਸੰਭਵ ਕੋਸ਼ਿਸ਼ ਕਰਨ ਲਈ ਵਚਨਬੱਧ ਹਾਂ ਕਿ ਜੋ ਕੋਈ ਵੀ ਸਾਨੂੰ ਨੁਕਸਾਨ ਪਹੁੰਚਾਏਗਾ ਅਸੀਂ ਉਸ ਨੂੰ ਨੁਕਸਾਨ ਪਹੁੰਚਾਵਾਂਗੇ।’’ -ਏਪੀ

Advertisement

Advertisement