For the best experience, open
https://m.punjabitribuneonline.com
on your mobile browser.
Advertisement

ਸਵਰਗ ਦਾ ਦਰਵਾਜ਼ਾ ਕੂਕਾਨੇਟ

07:43 AM Apr 28, 2024 IST
ਸਵਰਗ ਦਾ ਦਰਵਾਜ਼ਾ ਕੂਕਾਨੇਟ
Advertisement

ਭੁਪਿੰਦਰ ਮਾਨ

Advertisement

ਕੂਕਾਨੇਟ ਦੇ ਜੰਗਲਾਂ ਦੀ ਸੈਰ ਦਾ ਸਬੱਬ ਇੱਕ ਮਹੀਨੇ ਵਿੱਚ ਦੋ ਵਾਰੀ ਬਣ ਗਿਆ। ਸਾਡੇ ਕਈ ਦੋਸਤ ਪਹਿਲਾਂ ਇੱਥੇ ਸੈਰ ਕਰਕੇ ਗਏ ਸਨ। ਉਨ੍ਹਾਂ ਵੱਲੋਂ ਪਾਈ ਵੀਡਿਓ ਨੇ ਮਨ ਵਿੱਚ ਇੱਥੇ ਆਉਣ ਦੀ ਹਲਚਲ ਪੈਦਾ ਕਰ ਦਿੱਤੀ ਸੀ। ਮਾਰਚ ਮਹੀਨੇ ਵਿੱਚ ਧਰਮਸ਼ਾਲਾ ਤੱਕ ਸਾਡੀ ਟੀਮ ਨੇ ਰਾਈਡਿੰਗ ਕੀਤੀ ਤਾਂ ਵਾਪਸੀ ’ਤੇ ਅਸੀਂ ਥੋੜ੍ਹੇ ਸਮੇਂ ਲਈ ਕੂਕਾਨੇਟ ਆ ਕੇ ਗਏ। ਸਾਡੀ ਇਹ ਗੇੜੀ ਜੇਠ ਹਾੜ੍ਹ ਦੇ ਮਹੀਨੇ ਵਰ੍ਹੀ ਨਿੱਕੀ ਜਿਹੀ ਬਦਲੀ ਵਰਗੀ ਸੀ। ਮੇਰਾ ਮਨ ਸਾਉਣ ਦੀ ਘਣਘੋਰ ਵਰਖਾ ਵਿੱਚ ਸਰਾਬੋਰ ਹੋਣ ਵਾਲੇ ਆਨੰਦ ਦੀ ਇੱਛਾ ਰੱਖਦਾ ਸੀ। ਉਸ ਦਾ ਸਬੱਬ ਘੁਮੱਕੜ ਮਿਲਣੀ ਨੇ ਬਣਾ ਦਿੱਤਾ। ਅਸੀਂ ਸਾਡੇ ਪੰਜਾਬੀ ਅਡਵੈਂਚਰ ਕਲੱਬ ਦੇ ਸੱਤ ਜਣਿਆਂ ਨੇ ਤਿਆਰੀ ਖਿੱਚ ਲਈ।
ਮੋਗਾ ਵਿਖੇ ਸਾਹਿਤਕ ਸਮਾਗਮ ਹੋਣ ਕਰਕੇ ਮੈਂ ਟੀਮ ਤੋਂ ਲੇਟ ਹੀ ਕੂਕਾਨੇਟ ਪਹੁੰਚ ਸਕਿਆ। ਜਦੋਂ ਮੈਂ ਬੈਰੀਅਰ ਤੋਂ ਗੱਡੀ ਚੋਅ ਵਿੱਚ ਉਤਾਰੀ ਤਾਂ ਮਨ ਗਦਗਦ ਹੋ ਉਠਿਆ। ਇਉਂ ਲੱਗਿਆ ਜਿਵੇਂ ਖੱਡ ਵਿੱਚ ਉਤਰਨ ਦਾ ਬੈਰੀਅਰ ਨਹੀਂ, ਸਗੋਂ ਸਵਰਗ ਦਾ ਦਰਵਾਜ਼ਾ ਖੁੱਲ੍ਹ ਗਿਆ ਹੋਵੇ। ਇੱਥੋਂ ਧਰਤੀ ਉੱਪਰਲੇ ਸਵਰਗ ਦੀ ਗੇੜੀ ਸ਼ੁਰੂ ਹੋਣ ਜਾ ਰਹੀ ਹੋਵੇ। ਹੌਲੀ-ਹੌਲੀ ਕਾਰ ਮੈਨੂੰ ਮੰਜ਼ਿਲ ਤੱਕ ਲੈ ਆਈ। ਖੱਡ ਵਿੱਚ ਸੀਰ ਦਾ ਵਗਦਾ ਪਾਣੀ ਤੇ ਬਾਂਸ ਦੇ ਰੁੱਖਾਂ ਦੀ ਬਣੀ ਹੋਈ ਕੁਦਰਤੀ ਛੱਤ ਮਨ ਨੂੰ ਆਨੰਦ ਤੇ ਸਕੂਨ ਨਾਲ ਭਰ ਰਹੀ ਸੀ।
ਘੁਮੱਕੜ ਮਿਲਣੀ ਵਾਲੇ ਸਥਾਨ ਤੋਂ ਪਹਿਲਾਂ ਮੈਂ ਕਾਰ ਉਪਰਲੇ ਪਿੰਡ ਨੂੰ ਖਿੱਚ ਦਿੱਤੀ ਤੇ ਉੱਥੋਂ ਦਾ ਚੱਕਰ ਲਾ ਕੇ ਵਾਪਸ ਘੁਮੱਕੜ ਮਿਲਣੀ ਵਾਲੇ ਸਥਾਨ ’ਤੇ ਪਹੁੰਚਿਆ। ਟੈਂਟਾਂ ਦਾ ਛੋਟਾ ਜਿਹਾ ਜਾਣਾ ਪਛਾਣਿਆ ਕੈਂਪਿੰਗ ਪਿੰਡ ਉਸਰਿਆ ਹੋਇਆ ਸੀ। ਮੇਰੇ ਬਹੁਤ ਚੰਗੇ ਮਿੱਤਰ ਤੇ ਪ੍ਰਸਿੱਧ ਸਾਈਕਲਿਸਟ ਦੇਸ਼ ਰਾਜ ਸਾਗਰ ਧਾਹ ਕੇ ਮਿਲੇ ਤੇ ਜੀ ਆਇਆਂ ਆਖਿਆ। ਮੈਨੂੰ ਸਾਹਮਣੇ ਹੀ ਕਿਤਾਬਾਂ ਦੀ ਸਟਾਲ ਦਿਖਾਈ ਦੇ ਰਹੀ ਸੀ। ਮੈ ਸਟਾਲ ’ਤੇ ਜਾ ਕੇ ਹਾਜ਼ਰੀ ਲਵਾਈ।
ਸਾਹਮਣੇ ਸਟੇਜ ਦੀ ਕਾਰਵਾਈ ਚੱਲ ਰਹੀ ਸੀ। ਮੇਰੇ ਤੋਂ ਨਾਮ ਪੁੱਛ ਕੇ ਮਿਲਣੀ ਦਾ ਕਾਰਡ ਜੇਬ ’ਤੇ ਲਾਉਣ ਲਈ ਦੇ ਦਿੱਤਾ। ਡਾਕਟਰ ਅਮਨਦੀਪ ਬਹੁਤ ਹੀ ਭਾਵਪੂਰਤ ਢੰਗ ਨਾਲ ਕਵਿਤਾਵਾਂ ਤੇ ਗੱਲਬਾਤ ਰਾਹੀਂ ਜਾਣਕਾਰੀ ਦੇ ਰਹੇ ਸਨ। ਉਸ ਤੋਂ ਬਾਅਦ ਪ੍ਰੋਫੈਸਰ ਜਗਦੀਸ਼ ਕੌਰ ਦੀਆਂ ਬਹੁਤ ਸਿਆਣੀਆਂ ਗੱਲਾਂ ਸੁਣੀਆਂ। ਉਨ੍ਹਾਂ ਨੇ ਬੜੇ ਸਰਲ ਤੇ ਸਾਰਥਿਕ ਸ਼ਬਦਾਂ ਨਾਲ ਉਨ੍ਹਾਂ ਵੱਲੋਂ ਸੱਭਿਆਚਾਰ ਦੀ ਸਾਂਭ ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਦੀ ਜਾਣਕਾਰੀ ਦਿੱਤੀ। ਮੇਰੇ ਛੋਟੇ ਭਰਾਵਾਂ ਵਰਗੇ ਦੋਸਤ ਅਨੰਦ ਸਿੰਘ ਬਾਲਿਆਂਵਾਲੀ, ਹਰਜਿੰਦਰ ਅਨੂਪਗੜ੍ਹ ਤੇ ਯਾਦਵਿੰਦਰ ਵਿਰਕ ਮੇਰੇ ’ਤੇ ਨਜ਼ਰ ਮਾਰਦੇ ਸਾਰ ਖ਼ੁਸ਼ ਹੋ ਗਏ ਤੇ ਮਾਈਕ ਵੱਲ ਇਸ਼ਾਰਾ ਕਰਨ ਲੱਗੇ। ਉਸ ਤੋਂ ਬਾਅਦ ਮੇਰਾ ਨਾਮ ਮਾਈਕ ’ਤੇ ਬੋਲਿਆ ਤਾਂ ਮੈਂ ਵੀ ਸੰਖੇਪ ਸ਼ਬਦਾਂ ਵਿੱਚ ਸਾਹਮਣੇ ਬੈਠੇ ਜ਼ਹੀਨ ਤੇ ਸਿਆਣੇ ਸਰੋਤਿਆਂ ਦੇ ਸਨਮੁਖ ਹੋਇਆ।
ਫਿਰ ਅਸੀਂ ਸੈਰ ਲਈ ਚੱਲ ਪਏ। ਸਾਡੇ ਬਾਈਕਰ ਸਾਥੀ ਤੇ ਲੇਖਕ ਹਰਚਰਨ ਚੋਹਲਾ ਤੇ ਕਈ ਹੋਰ ਸਾਥੀਆਂ ਨਾਲ ਗੱਲਾਂ ਕਰਦੇ ਅਸੀਂ ਕਾਫ਼ੀ ਦੂਰ ਤੱਕ ਚੋਅ ਵਿੱਚ ਸੈਰ ਕੀਤੀ। ਥੋੜ੍ਹੇ ਸਮੇਂ ਬਾਅਦ ਡੈਮ ’ਤੇ ਸਾਡੇ ਪੰਜਾਬੀ ਅਡਵੈਂਚਰ ਕਲੱਬ ਦੇ ਸਾਥੀ ਗੁਰਪ੍ਰੇਮ ਲਹਿਰੀ, ਨਰੇਸ਼ ਪਠਾਣੀਆ ਅਤੇ ਪਰਮਵੀਰ ਸਿੱਧੂ ਵਾਪਸ ਆਉਂਦੇ ਦਿਖਾਈ ਦਿੱਤੇ। ਉਨ੍ਹਾਂ ਨੇ ਸਾਨੂੰ ਸ਼ਾਮ ਦੇ ਸੈਸ਼ਨ ਬਾਰੇ ਦੱਸਿਆ ਤਾਂ ਅਸੀਂ ਵਾਪਸ ਮੇਲੇ ਵਾਲੇ ਸਥਾਨ ’ਤੇ ਪਹੁੰਚ ਗਏ।
ਥੋੜ੍ਹੇ ਸਮੇਂ ਬਾਅਦ ਮੁੱਖ ਮਹਿਮਾਨ ਸੰਜੀਵ ਤਿਵਾੜੀ ਪਹੁੰਚ ਗਏ। ਉਨ੍ਹਾਂ ਨੇ ਜ਼ਿਲ੍ਹਾ ਜੰਗਲਾਤ ਅਫਸਰ ਵਜੋਂ ਕਾਫ਼ੀ ਸਮਾਂ ਬਠਿੰਡੇ ਕੰਮ ਕੀਤਾ ਹੈ। ਉਨ੍ਹਾਂ ਦਾ ਕੰਮ ਬਹੁਤ ਸ਼ਾਨਦਾਰ ਤੇ ਅਦਭੁੱਤ ਹੈ। ਕੰਢੀ ਏਰੀਏ ਅਤੇ ਧਾਰ ਬਲਾਕ ਲਈ ਉਨ੍ਹਾਂ ਵੱਲੋਂ ਬਣਾਈਆਂ ਯੋਜਨਾਵਾਂ ਨੇ ਸੈਰ ਸਪਾਟੇ ਦੇ ਖੇਤਰ ਵਿੱਚ ਕ੍ਰਾਂਤੀ ਦੀ ਨੀਂਹ ਰੱਖ ਦਿੱਤੀ ਹੈ। ਰਾਸ਼ਟਰਪਤੀ ਐਵਾਰਡ ਜੇਤੂ ਰੂਪਕ ਨੰਦਨ ਦੀਆਂ ਭਾਵਪੂਰਤ ਕਵਿਤਾਵਾਂ ਨੇ ਹਰ ਕਿਸੇ ਦੇ ਮਨ ਵਿੱਚ ਕੁਦਰਤ ਨਾਲ ਜੁੜਨ ਦਾ ਵਲਵਲਾ ਪੈਦਾ ਕੀਤਾ। ਸਾਡੀ ਇਹ ਛੋਟੀ ਭੈਣ ਸਰੀਰਕ ਸਮੱਸਿਆਵਾਂ ਦੇ ਬਾਵਜੂਦ ਬਹੁਤ ਹਿੰਮਤ ਤੇ ਕਮਾਲ ਦਾ ਜਜ਼ਬਾ ਰੱਖਦਿਆਂ ਸਮਾਜ ਲਈ ਇੱਕ ਮਿਸਾਲ ਪੇਸ਼ ਕਰ ਰਹੀ ਹੈ।
ਰਾਤ ਦੇ ਖਾਣੇ ਤੋਂ ਬਾਅਦ ਕੈਂਪ ਫਾਇਰ ਉੱਪਰ ਚੰਗਾ ਰੰਗ ਬੱਝਿਆ। ਦੋ ਜਥਿਆਂ ਨੇ ਦੋ ਵੱਖ-ਵੱਖ ਥਾਵਾਂ ’ਤੇ ਚੰਗਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।
ਅਗਲੇ ਦਿਨ ਦੀ ਸ਼ੁਰੂਆਤ ਸਵੇਰ ਦੀ ਸੈਰ ਨਾਲ ਹੋਈ। ਜੰਗਲ ਵਿੱਚ ਸੈਰ ਕਰਨ ਦਾ ਇਹ ਬੜਾ ਸੋਹਣਾ ਤੇ ਮਨ ਨੂੰ ਮੋਹ ਲੈਣ ਵਾਲਾ ਤਜਰਬਾ ਸੀ। ਡਾਕਟਰ ਅਮਨਦੀਪ ਲਗਾਤਾਰ ਪੰਛੀਆਂ ਅਤੇ ਦਰੱਖਤਾਂ ਦੀ ਜਾਣਕਾਰੀ ਦਿੰਦੇ ਜਾ ਰਹੇ ਸਨ। ਅਸੀਂ ਹੌਲੀ ਹੌਲੀ ਕਦਮ ਵਧਾਉਂਦੇ ਗੁਫ਼ਾਵਾਂ ਦੇਖਦਿਆਂ, ਪਾਣੀ ਵਿੱਚ ਪੈਰ ਗਿੱਲੇ ਕਰਦੇ, ਰੇਤੇ ’ਤੇ ਤੁਰਦੇ ਦੇਵਰੀਆ ਪਿੰਡ ਜਾ ਪੁੱਜੇ। ਸਾਨੂੰ 1947 ਤੋਂ ਪਹਿਲਾਂ ਸਿੰਚਾਈ ਲਈ ਬਣਾਈਆਂ ਛੋਟੀਆਂ ਛੋਟੀਆਂ ਗੁਫ਼ਾਵਾਂ ਹੈਰਾਨ ਕਰ ਰਹੀਆਂ ਸਨ। ਬਹੁਤ ਹੀ ਛੋਟੀਆਂ ਇਹ ਗੁਫ਼ਾਵਾਂ ਖੇਤਾਂ ਤੱਕ ਪਾਣੀ ਲਿਆਉਣ ਲਈ ਪਤਾ ਨਹੀਂ ਕਿਹੜੀ ਤਕਨੀਕ ਨਾਲ ਬਣੀਆਂ ਹੋਣਗੀਆਂ। ਉੱਥੇ ਇੱਕ ਖੂਹ ਵਿੱਚੋਂ ਪਾਣੀ ਪੀਤਾ ਤਾਂ ਮਾਂ ਯਾਦ ਆ ਗਈ। ਮੇਰੇ ਸੁਰਤ ਸੰਭਲਣ ਸਮੇਂ ਮਾਂ ਪਿੰਡ ਦੀਆਂ ਔਰਤਾਂ ਨਾਲ ਖੂਹ ਤੋਂ ਪਾਣੀ ਦੇ ਘੜੇ ਭਰ ਕੇ ਲਿਆਉਂਦੀ ਹੁੰਦੀ ਸੀ ਤੇ ਅਸੀਂ ਛੋਟੇ ਹੁੰਦੇ ਉਸ ਨਾਲ ਜਾਂਦੇ ਹੁੰਦੇ ਸੀ। ਦੇਵਰੀਆ ਪਿੰਡ ਦੇ ਲੋਕਾਂ ਦਾ ਰਹਿਣ ਸਹਿਣ ਬਹੁਤ ਸਾਦ-ਮੁਰਾਦਾ ਹੈ। ਪਿੰਡਾਂ ਦੇ ਲੋਕ ਹੁਣ ਬਾਹਰੋਂ ਆਏ ਸੈਲਾਨੀਆਂ ਦੀ ਗੱਲਬਾਤ ਦਾ ਹੁੰਗਾਰਾ ਭਰਨ ਲੱਗੇ ਹਨ, ਨਹੀਂ ਤਾਂ ਇਸ ਤੋਂ ਪਹਿਲਾਂ ਉਹ ਬਾਹਰਲਿਆਂ ਨੂੰ ਬਹੁਤਾ ਪਸੰਦ ਨਹੀਂ ਕਰਦੇ ਸਨ। ਇਸ ਵਿੱਚ ਕਸੂਰ ਸਾਡੇ ਆਪਣਿਆਂ ਦਾ ਹੈ ਜਿਹੜੇ ਵੱਡੀਆਂ ਵੱਡੀਆਂ ਗੱਡੀਆਂ ’ਤੇ ਉੱਚੀ ਆਵਾਜ਼ ਵਿੱਚ ਗੀਤ ਵਜਾਉਂਦੇ, ਖੱਡ ਵਿੱਚ ਦਾਰੂ ਪੀਂਦੇ ਤੇ ਰੌਲਾ-ਰੱਪਾ ਪਾ ਕੇ ਲੰਘਦਿਆਂ ਸਥਾਨਕ ਲੋਕਾਂ ਦੀ ਨਫ਼ਫਰਤ ਦਾ ਪਾਤਰ ਬਣਦੇ ਹਨ।
ਦੇਵਰੀਆ ਪਿੰਡ ਦੇ ਖੁੱਲ੍ਹੇ ਮੈਦਾਨ ਵਿੱਚ ਕਰਵਾਇਆ ਗਿਆ ਮੈਡੀਟੇਸ਼ਨ ਸੈਸ਼ਨ ਇਸ ਮਿਲਣੀ ਦਾ ਸਿਖਰ ਹੋ ਨਿਬੜਿਆ। ਮੈਡੀਟੇਸ਼ਨ ਕਰਨ ਨਾਲ ਬਹੁਤ ਸਾਰੇ ਸਾਥੀਆਂ ਦਾ ਅਨੁਭਵ ਸ਼ਾਨਦਾਰ ਰਿਹਾ। ਵਾਪਸੀ ’ਤੇ ਆ ਕੇ ਨਾਸ਼ਤਾ ਕਰਕੇ ਤਿਆਰ ਹੋਏ ਤੇ ਸਵੇਰ ਦਾ ਸੈਸ਼ਨ ਸ਼ੁਰੂ ਹੋਇਆ ਤਾਂ ਦੁਬਾਰਾ ਮੈਨੂੰ ਤੇ ਗੁਰਪ੍ਰੇਮ ਲਹਿਰੀ ਨੂੰ ਆਪਣੀ ਗੱਲ ਰੱਖਣ ਲਈ ਬੁਲਾਇਆ ਗਿਆ। ਕਈ ਹੋਰ ਘੁਮੱਕੜ ਸਾਥੀਆਂ ਨੇ ਵੀ ਆਪੋ ਆਪਣੇ ਵਿਚਾਰ ਤੇ ਸੁਝਾਅ ਸਾਰਿਆਂ ਸਾਹਮਣੇ ਰੱਖੇ। ਦੁਪਹਿਰ ਦਾ ਖਾਣਾ ਖਾਣ ਮਗਰੋਂ ਸਾਰੇ ਸਾਥੀਆਂ ਨੂੰ ਅਗਲੀ ਵਾਰ ਮਿਲਣ ਦਾ ਵਾਅਦਾ ਕਰਦਿਆਂ ਅਲਵਿਦਾ ਆਖਿਆ। ਇਹ ਮਿਲਣੀ ਆਪਣੀ ਭੂਗੋਲਿਕ ਸਥਿਤੀ ਕਰਕੇ ਵਿਲੱਖਣ ਸੀ। ਇਸ ਦੇ ਨਾਲ ਹੀ ਪ੍ਰਬੰਧਕਾਂ ਨੇ ਵੀ ਪ੍ਰਬੰਧ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਡਾਕਟਰ ਅਮਨਦੀਪ ਸਿੰਘ ਵਰਗੇ ਕਰਮਯੋਗੀ ਨਾਲ ਗੱਲਬਾਤ ਕੀਤੀ। ਉਹ ਆਪਣੀ ਸੰਸਥਾ ‘ਕੁਦਰਤ ਕਾ ਕਾਰਵਾਂ’ ਨਾਲ ਜੁੜ ਕੇ ਇਸ ਇਲਾਕੇ ਵਿੱਚ ਪਿਛਲੇ ਅੱਠ ਸਾਲ ਤੋਂ ਕੰਮ ਕਰ ਰਹੇ ਹਨ।
ਇਸ ਮਿਲਣੀ ਦਾ ਸਾਰ ਤੱਤ ਇਹ ਹੈ ਕਿ ਕੂਕਾਨੇਟ ਜ਼ਿਲ੍ਹਾ ਹੁਸ਼ਿਆਰਪੁਰ ਦਾ ਇੱਕ ਬਹੁਤ ਹੀ ਕੁਦਰਤੀ ਅਲੌਕਿਕ ਦ੍ਰਿਸ਼ ਪੇਸ਼ ਕਰਨ ਵਾਲਾ ਇਲਾਕਾ ਹੈ। ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਇਹ ਇਲਾਕਾ ਕੰਢੀ ਖੇਤਰ ਵਿੱਚ ਆਉਂਦਾ ਬਿਹਤਰੀਨ ਤੇ ਅਲੱਗ ਕਿਸਮ ਦੇ ਸਵਰਗ ਤੋਂ ਘੱਟ ਨਹੀਂ ਹੈ। ਢੋਲਬਾਹਾ ਤੋਂ ਆਪਾਂ ਉੱਪਰ ਵਾਲੇ ਪਾਸੇ ਪਹਾੜਾਂ ਨੂੰ ਚੜ੍ਹਦੇ ਹਾਂ ਤਾਂ ਢੋਲਬਾਹਾ ਤੋਂ ਦਸ ਕਿਲੋਮੀਟਰ ਅੱਗੇ ਕੂਕਾਨੇਟ ਦਾ ਬੈਰੀਅਰ ਆਉਂਦਾ ਹੈ ਜਿੱਥੋਂ ਮੇਨ ਕੂਕਾਨੇਟ ਦੀ ਖੱਡ ਸ਼ੁਰੂ ਹੁੰਦੀ ਹੈ। ਮੇਰੇ ਖ਼ਿਆਲ ਅਨੁਸਾਰ ਪੰਜਾਬ ਦੀ ਆਪਣੀ ਤਰ੍ਹਾਂ ਦੀ ਨਿਵੇਕਲੀ ਖੱਡ ਹੈ ਜਿਸ ਵਿੱਚ ਬਾਰ੍ਹਾਂ ਮਹੀਨੇ ਪਾਣੀ ਚੱਲਦਾ ਹੈ। ਖ਼ਾਸ ਗੱਲ ਇਹ ਹੈ ਕਿ ਪਾਣੀ ਉੱਪਰੋਂ ਪਹਾੜਾਂ ’ਚੋਂ ਨਹੀਂ ਆਉਂਦਾ, ਨਾ ਹੀ ਕੋਈ ਬਰਫ਼ ਦਾ ਪਾਣੀ ਪਿਘਲਦਾ ਹੈ। ਇਹ ਸੇਮਾਂ ਦਾ ਪਾਣੀ ਹੈ ਅਤੇ ਬਹੁਤ ਥਾਵਾਂ ਉੱਤੇ ਜਾ ਕੇ ਪਾਣੀ ਵਿੱਚੋਂ ਸਾਨੂੰ ਦਿਸ ਜਾਂਦਾ ਹੈ ਕਿ ਇੱਥੋਂ ਸੇਮ ਫੁੱਟਦੀ ਹੈ। ਇਹ ਰਸਤਾ ਬਹੁਤ ਜਗ੍ਹਾ ’ਤੇ ਸੁੱਕਾ ਵੀ ਹੈ। ਕੂਕਾਨੇਟ ਤੋਂ ਲੈ ਕੇ ਦੇਹਰੀਆ ਰੈਸਟ ਹਾਊਸ ਤੱਕ ਲਗਾਤਾਰ ਪਾਣੀ ਚਲਦਾ ਰਹਿੰਦਾ ਹੈ। ਖੱਡ ਦੇ ਇੰਨੇ ਰਸਤੇ ਵਿੱਚ ਰੇਤਾ ਘੱਟ ਤੇ ਪੱਥਰ ਜ਼ਿਆਦਾ ਹਨ। ਕੂਕਾਨੇਟ ਬੈਰੀਅਰ ਤੋਂ ਦੇਹਰੀਆ ਰੈਸਟ ਹਾਊਸ ਤੱਕ ਪੌਣੇ ਪੰਜ ਕਿਲੋਮੀਟਰ ਦਾ ਟੋਟਾ ਮਨਮੋਹਕ ਦ੍ਰਿਸ਼ ਪੇਸ਼ ਕਰਦਾ ਹੈ। ਮੈਨੂੰ ਪ੍ਰਤੀਤ ਹੋਇਆ ਜਿਵੇਂ ਪਾਣੀ ਲਗਾਤਾਰ ਚਲਦਾ, ਥੱਲੇ ਪੱਥਰਾਂ ਦਾ ਸੋਹਣਾ ਦ੍ਰਿਸ਼ ਹੈ, ਆਸੇ-ਪਾਸੇ ਖੜ੍ਹੇ ਬਾਂਸ ਇਸ ਤਰ੍ਹਾਂ ਪ੍ਰਤੀਤ ਹੁੰਦੇ ਹਨ ਜਿਵੇਂ ਕੁਦਰਤ ਮਾਂ ਨੇ ਆਪਣੇ ਬੱਚਿਆਂ ਨੂੰ ਆਗੋਸ਼ ਵਿੱਚ ਲੈਣ ਲਈ ਆਸੇ-ਪਾਸੇ ਬਾਂਸ ਖੜ੍ਹੇ ਕੀਤੇ ਹੋਣ। ਇੱਥੇ ਬਹੁਤ ਜਗ੍ਹਾ ’ਤੇ ਗਹਿਰੀ ਠੰਢੀ ਛਾਂ ਜੂਨ ਦੇ ਤਪਦੇ ਮਹੀਨੇ ਵਿੱਚ ਵੀ ਸਕੂਨ ਬਖ਼ਸ਼ਦੀ ਹੈ। ਇੱਥੇ ਮੈਂ ਨੰਗੇ ਪੈਰੀਂ ਇਸ ਪਾਣੀ ਵਿੱਚ ਚਹਿਲ ਕਦਮੀ ਕਰਕੇ ਮਹਿਸੂਸ ਕੀਤਾ ਕਿ ਹਲਕੇ ਹਲਕੇ ਪੱਥਰ ਮੇਰਾ ਕੁਦਰਤੀ ਐਕੂਪ੍ਰੈਸ਼ਰ ਕਰ ਰਹੇ ਹਨ। ਇਹ ਕਹਿ ਲਓ ਕਿ ਇੱਥੇ ਆਉਣ ਵਾਲਿਆਂ ਦਾ ਮਾਂ ਕੁਦਰਤ ਦੁਆਰਾ ਕੁਦਰਤੀ ਐਕੂਪ੍ਰੈਸ਼ਰ ਆਪਣੇ ਆਪ ਹੋ ਜਾਂਦਾ ਹੈ। ਇੱਥੇ ਏਅਰ ਕੁਆਲਿਟੀ ਵਿੱਚ ਪ੍ਰਦੂਸ਼ਣ 30 ਤੋਂ ਵੀ ਘੱਟ ਦਰਜ ਹੁੰਦਾ ਹੈ। ਦੇਹਰੀਆ ਰੈਸਟ ਹਾਊਸ ਦੇ ਨਾਲ ਹੀ ਇੱਕ ਗੁਫ਼ਾ ਬਣੀ ਹੋਈ ਹੈ ਜਿਸ ਵਿਚਦੀ ਲੰਘ ਕੇ ਸੰਘਣੇ ਜੰਗਲ ਵਿੱਚ ਪਹੁੰਚ ਜਾਈਦਾ ਹੈ। ਗੁਫ਼ਾ ਵਿਚਦੀ ਲੰਘਣਾ ਵੀ ਬਹੁਤ ਵਧੀਆ ਅਨੁਭਵ ਦਿੰਦਾ ਹੈ। ਦੇਹਰੀਆ ਪਿੰਡ ਤੋਂ ਥਾਣਾ ਡੈਮ ਤੱਕ ਖੱਡ ਚੌੜੀ ਹੁੰਦੀ ਚਲੀ ਜਾਂਦੀ ਹੈ ਤੇ ਉਸ ਦੇ ਆਸੇ ਪਾਸੇ ਖੁੱਲ੍ਹੇ ਘਾਹ ਦੇ ਮੈਦਾਨ ਇਸ ਤਰ੍ਹਾਂ ਭੁਲੇਖਾ ਪਾਉਂਦੇ ਜਿਵੇਂ ਅਸੀਂ ਹਿਮਾਚਲ ਦੇ ਡਲਹੌਜ਼ੀ ਤੇ ਖਜਿਆਰ ਵਰਗੇ ਇਲਾਕਿਆਂ ਵਿੱਚ ਘੁੰਮ ਰਹੇ ਹੋਈਏ ਕਿਉਂਕਿ ਉੱਚੀਆਂ ਉੱਚੀਆਂ ਸਾਈਡਾਂ ’ਤੇ ਪਹਾੜ, ਪਹਾੜਾਂ ਦੇ ਨਾਲ ਲੱਗਦੇ ਘਾਹ ਦੇ ਖੁੱਲ੍ਹੇ ਮੈਦਾਨ ਤੇ ਉਨ੍ਹਾਂ ਵਿਚਦੀ ਵਗਦੀ ਪਾਣੀ ਦੀ ਧਾਰ ਇਸ ਤਰ੍ਹਾਂ ਪ੍ਰਤੀਤ ਹੁੰਦੀ ਹੈ ਜਿਵੇਂ ਪਰਮਾਤਮਾ ਨੇ ਕੈਨਵਸ ਉੱਤੇ ਇੱਕ ਅਲੌਕਿਕ ਦ੍ਰਿਸ਼ ਸਿਰਜਿਆ ਹੋਵੇ। ਇੱਥੋਂ ਦੀ ਲੰਘਣ ਵਾਲਿਆਂ ਦੇ ਮਨ ਦੀਆਂ ਤਰੰਗਾਂ ਜਿਹੜੀਆਂ ਜ਼ਿੰਦਗੀ ’ਚ ਕਦੇ ਸ਼ਾਂਤ ਨਹੀਂ ਹੁੰਦੀਆਂ ਨੂੰ ਸਕੂਨ ਮਿਲਦਾ ਹੈ। ਇੱਥੋਂ ਲੰਘਣ ਵੇਲੇ ਕੁਦਰਤੀ ਰੂਪ ਵਿੱਚ ਮਨੁੱਖ ਧਿਆਨ ਵਿੱਚ ਚਲਾ ਜਾਂਦਾ ਹੈ ਤੇ ਉਸ ਦੇ ਮਨ ਦੀਆਂ ਸਾਰੀਆਂ ਪਰੇਸ਼ਾਨੀਆਂ ਇਕਦਮ ਥੰਮ ਜਾਂਦੀਆਂ ਹਨ।
ਇੱਥੋਂ ਦੇ ਪੰਛੀਆਂ ਪਾਈਡ ਬੁਸਚੈਟ ਨੂੰ ਗਾਲੜੀ ਕਿਹਾ ਜਾਂਦਾ ਹੈ। ਜੰਗਲ ਵੈਬਲਰ ਨੂੰ ਸੇਰੜੀ ਕਹਿ ਦਿੰਦੇ ਹਨ। ਇਸ ਦੇ ਨਾਲ ਨਾਲ ਰੂਫਸ ਟਰੀਪਾਈ ਨਾਂ ਦਾ ਇੱਕ ਪੰਛੀ ਪੀਲੇ ਰੰਗ ਦਾ ਹੁੰਦਾ ਹੈ ਤੇ ਇਸ ਵਿੱਚ ਕਾਲੀ ਧਾਰੀ ਅਤੇ ਪੂਛ ਲੰਬੀ ਹੁੰਦੀ ਹੈ। ਇੱਕ ਹੱਸਣ ਵਾਲਾ ਪੰਛੀ ਵੀ ਹੈ ਜਿਹੜਾ ਕਾਲੇ ਨੀਲੇ ਰੰਗ ਦਾ ਹੁੰਦਾ ਹੈ ਤੇ ਗੂੜ੍ਹੇ ਨੀਲੇ ਰੰਗ ਦੇ ਧੱਬੇ ਉਸ ਦੇ ਖੰਭਾਂ ਉੱਤੇ ਹੁੰਦੇ ਹਨ। ਉਹ ਜਦੋਂ ਬੋਲਦਾ ਤਾਂ ਇਉਂ ਲੱਗਦਾ ਜਿਵੇਂ ਹੱਸ ਰਿਹਾ ਹੋਵੇ। ਪਹਾੜੀ ਕਾਂ, ਮੈਨਾ ਤੇ ਸੋਹਣਾ ਪੰਛੀ ਏਸ਼ੀਅਨ ਪੈਰਾਡਾਈਜ਼ ਫਲਾਈ ਕੈਚਰ ਦੇਖਣ ਨੂੰ ਮਿਲਦੇ ਹਨ। ਫਲਾਈ ਕੈਚਰ ਦੀ ਚਿੱਟੇ ਰੰਗ ਦੀ ਬਹੁਤ ਹੀ ਸੋਹਣੀ ਡੇਢ ਕੁ ਫੁੱਟ ਲੰਬੀ ਪੂਛ ਹੁੰਦੀ ਹੈ। ਇਸ ਨੂੰ ਇਸ ਇਲਾਕੇ ਵਿੱਚ ਪਰੀ ਟਿਕਟਿਕੀ ਆਖਿਆ ਜਾਂਦਾ ਹੈ। ਇਹ ਇੱਥੇ ਗਰਮੀਆਂ ਕੱਟਣ ਅਤੇ ਆਪਣੇ ਬੱਚੇ ਪਾਲਣ ਲਈ ਆਉਂਦੀ ਹੈ। ਇੱਥੋਂ ਦਾ ਇੱਕ ਹੋਰ ਬਹੁਤ ਖ਼ਾਸ ਪੰਛੀ ਹੈ ਜਿਹੜਾ ਪੰਜਾਬ ਦੇ ਸਿਰਫ਼ ਇਸੇ ਇਲਾਕੇ ਵਿੱਚ ਮਿਲਦਾ ਹੈ। ਇਸ ਨੂੰ ਕੁਲਸਾ ਆਖਦੇ ਹਨ। ਕੁਲਸਾ ਮੁਰਗੇ ਤੋਂ ਵੱਡਾ ਅਤੇ ਮੋਰ ਤੋਂ ਛੋਟਾ ਇੱਕ ਬਹੁਤ ਹੀ ਸੋਹਣਾ ਪੰਛੀ ਹੈ ਜਿਸ ਦੀ ਦਿੱਖ ਮਨ ਨੂੰ ਮੋਹ ਲੈਂਦੀ ਹੈ। ਕੁਲਸਾ ਦੇ ਝੁੰਡ ਵੀ ਕਿਤੇ ਕਿਤੇ ਇੱਥੇ ਦੇਖਣ ਨੂੰ ਮਿਲਦੇ ਹਨ। ਪ੍ਰਸਿੱਧ ਸ਼ਿਕਾਰੀ ਜਿੰਮ ਕਾਰਬੈਟ ਆਪਣੀਆਂ ਲਿਖਤਾਂ ਵਿੱਚ ਕੁਲਸਾ ਦਾ ਜ਼ਿਕਰ ਕਰਦਾ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਜੰਗਲੀ ਮੁਰਗਿਆਂ ਦੀ ਆਵਾਜ਼ ਬਾਂਗਾਂ ਦੇ ਰੂਪ ਵਿੱਚ ਆਉਂਦੀ ਹੈ ਤੇ ਮੋਰਾਂ ਦੀ ਆਵਾਜ਼ ਕੰਨਾਂ ਵਿੱਚ ਮਿਸ਼ਰੀ ਘੋਲਦੀ ਹੈ। ਇੱਥੋਂ ਦੇ ਰੇਤਲੇ ਇਲਾਕਿਆਂ ਵਿੱਚ ਅਸੀਂ ਇਨ੍ਹਾਂ ਪੰਛੀਆਂ ਦੇ ਪੈਰਾਂ ਦੇ ਨਿਸ਼ਾਨ ਬਹੁਤ ਸੌਖੇ ਤਰੀਕੇ ਨਾਲ ਦੇਖ ਸਕਦੇ ਹਾਂ। ਜਾਨਵਰਾਂ ਦੀ ਗੱਲ ਕਰੀਏ ਤਾਂ ਤੇਂਦੂਏ ਦੀ ਕਾਫ਼ੀ ਵੱਡੀ ਗਿਣਤੀ ਹੈ। ਤੇਂਦੂਏ ਨੂੰ ਇਸ ਇਲਾਕੇ ਵਿੱਚ ਚਿੱਤਰਾ ਬਾਘ ਆਖਦੇ ਹਨ। ਕਈ ਕਿਸਮਾਂ ਦੇ ਹਿਰਨ ਇੱਥੇ ਮਿਲਦੇ ਹਨ। ਉਨ੍ਹਾਂ ਵਿੱਚੋਂ ਬਾਰਕਿੰਗ ਡੀਅਰ ਪ੍ਰਮੁੱਖ ਹੈ। ਇਸ ਨੂੰ ਭੌਂਕਣ ਵਾਲਾ ਹਿਰਨ ਵੀ ਆਖਿਆ ਜਾਂਦਾ ਹੈ। ਇੱਥੇ ਬਾਂਦਰਾਂ ਦੀਆਂ ਕਈ ਕਿਸਮਾਂ ਹਨ। ਪੰਜਾਬ ਦੇ ਕਈ ਇਲਾਕਿਆਂ ਵਿੱਚੋਂ ਗਾਇਬ ਹੋ ਚੁੱਕੀ ਸੇਹ ਵੱਡੀ ਗਿਣਤੀ ਵਿੱਚ ਮਿਲਦੀ ਹੈ। ਇਸ ਤੋਂ ਬਿਨਾਂ ਕਾਫ਼ੀ ਕਿਸਮਾਂ ਦੇ ਸੱਪ ਅਤੇ 20-25 ਫੁੱਟ ਲੰਬੇ ਅਜਗਰ ਜਾਣੀ ਸਰਾਲ, ਚਿੱਟੀਆਂ ਸਿੱਪੀਆਂ ਵਾਲੇ ਸਲਗਰ, ਸੱਤ ਅੱਠ ਫੁੱਟ ਲੰਬੀਆਂ ਗੋਹਾਂ ਇਸ ਜੰਗਲ ਵਿੱਚ ਆਮ ਮਿਲਦੀਆਂ ਹਨ।
ਇਸ ਇਲਾਕੇ ਦਾ ਮੌਸਮ ਬਾਕੀ ਪੰਜਾਬ ਨਾਲ ਬਿਲਕੁਲ ਮੇਲ ਨਹੀਂ ਖਾਂਦਾ। ਇੱਥੇ ਬਹੁਤਾ ਸਮਾਂ ਠੰਢ ਰਹਿੰਦੀ ਹੈ। ਸਿਰਫ਼ ਜੂਨ ਤੇ ਜੁਲਾਈ ਦਾ ਅੱਧਾ ਕੁ ਮਹੀਨਾ ਛੱਡ ਕੇ ਇਨ੍ਹਾਂ ਨੂੰ ਪੂਰਾ ਸਾਲ ਰਜਾਈਆਂ ਤੋਂ ਲੈ ਕੇ ਕੰਬਲ ਤੱਕ ਦੀ ਲੋੜ ਪੈਂਦੀ ਰਹਿੰਦੀ ਹੈ। ਸਾਨੂੰ ਵੀ ਰਾਤ ਨੂੰ ਅੱਧੀਆਂ ਬਾਹਾਂ ਦੇ ਕਮੀਜ਼ ਵਿੱਚ ਕੰਬਣੀ ਛਿੜਦੀ ਰਹੀ। ਇੱਥੇ ਕਿਸੇ ਘਰ ਵਿੱਚ ਏ.ਸੀ. ਦੀ ਲੋੜ ਨਹੀਂ। ਘੁਮੱਕੜ ਮਿਲਣੀ ਨੇ ਆਪਣੇ ਮੰਤਵ ਨੂੰ ਪੂਰਾ ਕੀਤਾ। ਇਸ ਦਾ ਸੰਦੇਸ਼ ਹੈ ਕਿ ਜੰਗਲ ਤੇ ਧਰਤੀ ਨਾਲ ਜੁੜੀਏ ਤੇ ਜੰਗਲ ਦੇ ਲੋਕਾਂ ਦਾ ਦੁੱਖ ਦਰਦ ਸਮਝੀਏ। ਉਨ੍ਹਾਂ ਦੀ ਮਦਦ ਤੋਂ ਬਗੈਰ ਜੰਗਲ ਨਹੀਂ ਬਚ ਸਕਦੇ ਕਿਉਂਕਿ ਜਦੋਂ ਵੀ ਕੋਈ ਸ਼ਿਕਾਰੀ ਜਾਂ ਲੱਕੜ ਦੀ ਕਟਾਈ ਵਾਲਾ ਆਉਂਦਾ ਹੈ ਤਾਂ ਉਹ ਸਥਾਨਕ ਲੋਕਾਂ ਰਾਹੀਂ ਹੀ ਆਪਣਾ ਕੰਮ ਕਰਦਾ ਹੈ। ਇੱਥੇ ਆ ਕੇ ਅਸੀਂ ਜੰਗਲਾਂ ਨਾਲ ਆਤਮਸਾਤ ਹੋਣ ਲੱਗੀਏ ਤਾਂ ਦੁਨੀਆ ਦੀ ਹਰ ਨਿਆਮਤ ਸਾਡੀ ਝੋਲੀ ਵਿੱਚ ਆ ਡਿੱਗੇਗੀ ਅਤੇ ਅਸੀਂ ਤੰਦਰੁਸਤ ਜੀਵਨ ਬਿਤਾਉਣ ਦੇ ਯੋਗ ਹੋ ਜਾਵਾਂਗੇ।
ਇਸ ਘੁਮੱਕੜ ਮਿਲਣੀ ਤੋਂ ਘਰ ਵਾਪਸੀ ਸਮੇਂ ਮੈਂ ਬਹੁਤ ਸਾਰੀਆਂ ਯਾਦਾਂ, ਦੋ ਦਰਜਨ ਦੇ ਕਰੀਬ ਪੌਦੇ, ਕਿਤਾਬਾਂ ਤੇ ਖਰੀਦੀਆਂ ਚਟਣੀਆਂ ਤੇ ਅਚਾਰ ਲੈ ਕੇ ਜਾ ਰਿਹਾ ਆਪਣੇ ਆਪ ਨੂੰ ਸਵਰਗ ਵਿੱਚ ਘੁੰਮਣ ਵਾਲੇ ਪ੍ਰਾਣੀ ਦੇ ਤੌਰ ’ਤੇ ਵਡਭਾਗਾ ਮਹਿਸੂਸ ਕਰ ਰਿਹਾ ਸੀ।
ਈ-ਮੇਲ: bhupindermann2009@gmail.com

Advertisement
Author Image

joginder kumar

View all posts

Advertisement
Advertisement
×