ਸਵਰਗਮਈ ਦੇਸ਼ ਦੇ ਸਵਰਗਵਾਸੀ ਲੋਕ
ਪਰਮਜੀਤ ਸਿੰਘ ਨਿੱਕੇ ਘੁੰਮਣ
ਵਿਅੰਗ
ਸਾਡਾ ਮੁਲਕ ਸੱਚਮੁੱਚ ਹੀ ਵਿਕੋਲਿਤਰੇ ਲੋਕਾਂ ਤੇ ਪ੍ਰੰਪਰਾਵਾਂ ਵਾਲਾ ਦੇਸ਼ ਹੈ। ਇੱਥੇ ਰਹਿਣ ਵਾਲਾ ਹਰੇਕ ਬਾਸ਼ਿੰਦਾ ਮਰਨ ਪਿੱਛੋਂ ਸਵਰਗ ਪ੍ਰਾਪਤ ਕਰਨ ਦਾ ਸੁਪਨਾ ਵੇਖਦਾ ਹੈ ਤੇ ਆਪਣੇ ਪੂਰੇ ਦੁਨਿਆਵੀ ਜੀਵਨ ਦੌਰਾਨ ਕੀਤੇ ਪਾਪਾਂ ਜਾਂ ਕੁਕਰਮਾਂ ਕਰਕੇ ਮਰਨ ਪਿੱਛੋਂ ਭਾਵੇਂ ਉਸ ਨੂੰ ਨਰਕਾਂ ਵਿੱਚ ਵੀ ਢੋਈ ਨਾ ਮਿਲਦੀ ਹੋਵੇ, ਪਰ ਉਸ ਦੇ ਸਕੇ-ਸਬੰਧੀ ਤੇ ਦੋਸਤ-ਮਿੱਤਰ ਉਸ ਨੂੰ ਸਵਰਗਵਾਸੀ ਆਖਿਆਂ ਬਗ਼ੈਰ ਰੋਟੀ ਦੀ ਬੁਰਕੀ ਸੰਘੋਂ ਹੇਠਾਂ ਨਹੀਂ ਕਰਦੇ। ਮਰਨ ਵਾਲਾ ਸ਼ਖ਼ਸ ਭਾਵੇਂ ਅਤਿ ਦਰਜੇ ਦਾ ਸ਼ਰਾਬੀ, ਜੁਆਰੀ ਜਾਂ ਆਪਣੀ ਪਤਨੀ ਨੂੰ ਨਿੱਤ ਦਿਨ ਤੌਣੀ ਲਾਉਣ ਵਾਲਾ ਹੋਵੇ ਜਾਂ ਫਿਰ ਉੱਚ ਕੋਟੀ ਦਾ ਭ੍ਰਿਸ਼ਟ ਅਫ਼ਸਰ, ਬੇਈਮਾਨ ਸਿਆਸਤਦਾਨ ਜਾਂ ਸਿਰੇ ਦਾ ਬਲੈਕੀਆ ਹੋਵੇ, ਲੋਕ ਉਸ ਦੀ ਮੌਤ ’ਤੇ ਕਸੀਦੇ ਪੜ੍ਹਨੋਂ ਬਾਜ਼ ਨਹੀਂ ਆਉਂਦੇ। ਸ਼ਰਧਾਂਜਲੀ ਸਮਾਗਮ ਸਮੇਂ ਉਸ ਨੂੰ ‘ਸਵਰਗਵਾਸੀ’ ਐਲਾਨ ਕੇ ਹੀ ਦਮ ਲੈਂਦੇ ਹਨ।
ਸਵਰਗ ਦੀ ਪਰਿਕਲਪਨਾ ਸਾਡੇ ਯੁਗਾਂ ਪਹਿਲਾਂ ਹੋ ਚੁੱਕੇ ਵਿਦਵਾਨਾਂ ਨੇ ਕੁਝ ਇਸ ਤਰ੍ਹਾਂ ਕੀਤੀ ਹੈ ਕਿ ਕਿਸੇ ਭਲੇਮਾਨਸ ਦਾ ਉੱਥੇ ਜਾਣਾ ਸੰਭਵ ਹੀ ਨਹੀਂ ਜਾਪਦਾ। ਸਾਡੇ ਸਵਰਗਵਾਸੀ ਵਿਦਵਾਨਾਂ ਅਨੁਸਾਰ ਸਵਰਗ ਵਿੱਚ ਸੋਮਰਸ ਦੇ ਪਿਆਲੇ ਤੇ ਹੂਰ-ਪਰੀਆਂ ਦਾ ਨਾਚ ਵੇਖਣ ਤੇ ਸੰਗ ਮਾਣਨ ਨੂੰ ਮਿਲਦਾ ਹੈ। ਉੱਥੇ ਹਰ ਕਿਸਮ ਦੀ ਐਸ਼ੋ-ਇਸ਼ਰਤ ਦਾ ਸਾਮਾਨ ਮੌਜੂਦ ਹੋਣ ਦੀ ਗਵਾਹੀ ਭਰੀ ਜਾਂਦੀ ਹੈ। ਹੁਣ ਜਿਸ ਸ਼ਖ਼ਸ ਨੇ ਸਾਰੀ ਉਮਰ ਸੋਮਰਸ ਨੂੰ ਛੂਹਿਆ ਵੀ ਨਾ ਹੋਵੇ, ਪਰਾਈ ਔਰਤ ਵੱਲ ਅੱਖ ਚੁੱਕ ਕੇ ਵੀ ਨਾ ਵੇਖਿਆ ਹੋਵੇ, ਪਰਾਇਆ ਧਨ ਕਦੇ ਖੋਹਿਆ ਵੀ ਨਾ ਹੋਵੇ ਉਹ ਭਲਾ ਸਵਰਗ ਜਾ ਕੇ ਕੀ ਕਰੇਗਾ? ਸੋਮਰਸ ਤੇ ਹੂਰਾਂ ਦਾ ਉਸ ਨੂੰ ਕੀ ਭਾਅ? ਮੇਰਾ ਖ਼ਿਆਲ ਹੈ ਕਿ ਸਵਰਗ ਵਿਖੇ ਉਪਲਬਧ ਸੁੱਖ-ਸਹੂਲਤਾਂ ਦੇ ਮੱਦੇਨਜ਼ਰ ਕਿਸੇ ਵੀ ਭਲੇਮਾਣਸ ਨੂੰ ਸਵਰਗ ਜਾਣ ਦਾ ਕੋਈ ਹੱਕ ਨਹੀਂ ਹੈ ਤੇ ਉਸ ਦਾ ਵਾਕਈ ਉੱਥੇ ਜਾ ਕੇ ਜੀਅ ਵੀ ਨਹੀਂ ਲੱਗੇਗਾ।
ਆਪਣੇ ਦੇਸ਼ ਦੇ ਸਿਆਸਤਦਾਨਾਂ ਅਤੇ ਵੱਡੇ ਉਦਯੋਗਪਤੀਆਂ ਦੇ ਘਰ-ਬਾਰ ਤੇ ਐਸ਼ੋ ਇਸ਼ਰਤ ਦੇ ਸਾਧਨਾਂ ਵੱਲ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਉਹ ਤਾਂ ਜਿਊਂਦੇ ਜੀਅ ਹੀ ਸਵਰਗ ਹੰਢਾਅ ਰਹੇ ਹਨ ਤੇ ਉਨ੍ਹਾਂ ਨੂੰ ਮਰ ਕੇ ਸਵਰਗ ਜਾਣ ਦੀ ਕੋਈ ਲੋੜ ਹੀ ਨਹੀਂ ਹੈ। ਸਾਡੇ ਦੇਸ਼ ਵਿਚਲੇ ਬਹੁਤੇ ਸਿਆਸਤਦਾਨ ਅਤੇ ਕਾਰਪੋਰੇਟ ਕੰਪਨੀਆਂ ਦੇ ਮਾਲਕ ਤਾਂ ਸਣੇ ਦੇਹ ਸਵਰਗਵਾਸ ਹੰਢਾਅ ਰਹੇ ਹਨ ਤੇ ਨਰਕ ਦਾ ਖਾਤਾ ਉਨ੍ਹਾਂ ਲੋਕਾਂ ਦਾ ਖੁੱਲ੍ਹਾ ਹੈ ਜੋ ਇਨ੍ਹਾਂ ਦੀਆਂ ਲੂੰਬੜਚਾਲਾਂ ਵਿੱਚ ਆ ਕੇ ਇਨ੍ਹਾਂ ਤੋਂ ਵਾਰ-ਵਾਰ ਆਪਣੀ ਉੱਨ ਲੁਹਾਉਂਦੇ ਹਨ। ਸਿਆਸਤਦਾਨਾਂ ਵੱਲੋਂ ਵੋਟਾਂ ਦੇ ਸਮੇਂ ਲੋਕਾਂ ਨਾਲ ਉਨ੍ਹਾਂ ਦੇ ਪਿੰਡ ਜਾਂ ਸ਼ਹਿਰ ਨੂੰ ਸਵਰਗ ਦਾ ਨਮੂਨਾ ਬਣਾ ਦੇਣ ਦਾ ਵਾਅਦਾ ਬੜਾ ਹੀ ਹੁੱਬ ਕੇ ਕਰ ਦਿੱਤਾ ਜਾਂਦਾ ਹੈ ਪਰ ਸਬੰਧਿਤ ਨੇਤਾ ਦੇ ਪੰਜ ਸਾਲ ਦੇ ਕਾਰਜਕਾਲ ਵਿੱਚ ਸਵਰਗ ਤਾਂ ਛੱਡੋ ਸਾਧਾਰਨ ਮਾਤ ਲੋਕ ਵਰਗੀਆਂ ਸਹੂਲਤਾਂ ਵੀ ਨਸੀਬ ਨਹੀਂ ਹੁੰਦੀਆਂ। ਲੋਕ ਸੜਕਾਂ ਵਿੱਚ ਪਏ ਟੋਇਆਂ ਤੇ ਉਨ੍ਹਾਂ ਵਿੱਚ ਬਿਰਾਜਮਾਨ ਚਿੱਕੜ ਸਾਹਿਬ ਨਾਲ ਹੀ ਗੂੜ੍ਹੀ ਸਾਂਝ ਪਾ ਲੈਂਦੇ ਹਨ ਤੇ ਸਾਲ ਦਰ ਸਾਲ ਉਨ੍ਹਾਂ ਟੋਇਆਂ ਵਿੱਚੋਂ ਲੰਘਦਿਆਂ ਉਹ ਆਪਣਾ ਮਨ ਤਾਂ ਪੱਕਾ ਕਰ ਲੈਂਦੇ ਹਨ ਪਰ ਪੱਕੀ ਸੜਕ ਉਨ੍ਹਾਂ ਦੇ ਨਸੀਬਾਂ ’ਚ ਨਹੀਂ ਹੁੰਦੀ।
ਉਂਜ ਅਸਲ ਵਿੱਚ ਸਵਰਗ ਜਾ ਪੁੱਜੇ ਕਿਸੇ ਸ਼ਖ਼ਸ ਜਾਂ ਵਲੀ-ਅਵਤਾਰ ਨੇ ਸਵਰਗ ਦੀ ਸਾਖਿਆਤ ਤਸਵੀਰ ਪੇਸ਼ ਨਹੀਂ ਕੀਤੀ ਹੈ ਪਰ ਕਿਹਾ ਜਾਂਦਾ ਹੈ ਕਿ ਜੇ ਦੁਨੀਆਂ ਵਿੱਚ ਕਿਧਰੇ ਸਵਰਗ ਹੈ ਤਾਂ ਉਹ ਕਸ਼ਮੀਰ ਵਿੱਚ ਹੈ। ਸਾਨੂੰ ਭਾਰਤ ਵਾਸੀਆਂ ਨੂੰ ਕਿਉਂਕਿ ਸਵਰਗ ਦੀ ਲੰਬਾਈ ਚੌੜਾਈ, ਰੂਪ ਰੇਖਾ ਸਹੀ ਰੂੁਪ ਵਿੱਚ ਪਤਾ ਨਹੀਂ, ਇਸ ਲਈ ਅਸੀਂ ਜੰਨਤ ਆਖੇ ਜਾਂਦੇ ਕਸ਼ਮੀਰ ਨੂੰ ਆਪਣੇ ਕਰਕਮਲਾਂ ਸਦਕਾ ਨਰਕ ਬਣਾ ਕੇ ਹੀ ਦਮ ਲਿਆ ਹੈ ਤੇ ਅੱਜ ਕਸ਼ਮੀਰ ਅਤਿਵਾਦ, ਵੱਖਵਾਦ ਤੇ ਹੋਰਨਾਂ ਸਿਆਸੀ ਤਿਕੜਮਬਾਜ਼ੀਆਂ ਕਾਰਨ ਪਛਾਣ ’ਚ ਹੀ ਨਹੀਂ ਆਉਂਦਾ। ਜਿਸ ਕਸ਼ਮੀਰ ਵਿੱਚ ਬਹਾਰ ਦੇ ਮੌਸਮ ਵਿੱਚ ਫੁੱਲ ਵਰ੍ਹਦੇ ਸਨ, ਉੱਥੇ ਹੁਣ ਘਾਗ ਸਿਆਸਤਦਾਨਾਂ ਦੀਆਂ ਲੂੰਬੜਚਾਲਾਂ ਦੇ ਝੰਬੇ ਹੋਏ ਨੌਜਵਾਨਾਂ ਤੇ ਸਰਹੱਦ ਪਾਰ ਤੋਂ ਆਏ ਦਹਿਸ਼ਤੀਆਂ ਵੱਲੋਂ ਪੱਥਰ ਤੇ ਹੱਥਗੋਲੇ ਵਰਸਾਏ ਜਾਂਦੇ ਹਨ। ਇੱਥੇ ਜਹਾਦ ਦੇ ਨਾਂ ’ਤੇ ਨਫ਼ਰਤ ਦਾ ਜ਼ਹਿਰ ਫੈਲਾਇਆ ਜਾਂਦਾ ਹੈ ਤੇ ਮਾਸੂਮਾਂ ਦੇ ਖ਼ੂਨ ਦੀ ਹੋਲੀ ਖੇਡਦਿਆਂ ਕਈ ਬੇਗੁਨਾਹਾਂ ਦੇ ਜਨਾਜ਼ੇ ਉਠਾ ਦਿੱਤੇ ਜਾਂਦੇ ਹਨ ਤੇ ਉਨ੍ਹਾਂ ਨੂੰ ‘ਜੰਨਤ’ ਅਤਾ ਕਰ ਦਿੱਤੀ ਜਾਂਦੀ ਹੈ।
ਅਸੀਂ ਤਾਂ ਜੀ ਬਸ ਸਵਰਗ ਦੇ ਚਾਹਵਾਨ ਹਾਂ। ਪ੍ਰਭੂ ਨਾਮ ਸਿਮਰਨ ਤੇ ਸੱਚੇ-ਸੁੱਚੇ ਜੀਵਨ ਸਦਕਾ ਸਵਰਗ ਪ੍ਰਾਪਤ ਕਰਨਾ ਸਾਨੂੰ ਟੇਢੀ ਖੀਰ ਜਾਪਦਾ ਹੈ ਇਸ ਲਈ ਅਸੀਂ ਆਪਣੇ ਝੂਠ, ਬੇਈਮਾਨੀ, ਦਗ਼ਾਬਾਜ਼ੀ, ਵਿਭਚਾਰ ਤੇ ਕੁਕਰਮ ਲੁਕਾਉਣ ਲਈ ਪੂਜਾ-ਪਾਠ, ਯੱਗ-ਹਵਨ, ਦਾਨ-ਪੁੰਨ ਜਾਂ ਤੀਰਥ ਅਸ਼ਨਾਨ ਆਦਿ ਕਰ ਕੇ ਸਵਰਗ ਹਾਸਿਲ ਕਰਨ ਲਈ ਤਤਪਰ ਰਹਿੰਦੇ ਹਾਂ ਤੇ ਅਜਿਹੇ ਬਾਬਿਆਂ ਜਾਂ ਅਖੌਤੀ ਸੰਤਾਂ-ਮਹਾਂਪੁਰਖਾਂ ਦੇ ਚਰਨਾਂ ’ਚ ਜਾ ਢਹਿੰਦੇ ਹਾਂ ਜੋ ਸਾਨੂੰ ਜਿਊਂਦੇ ਜੀਅ ਸਵਰਗ ਦੇ ਨਜ਼ਾਰੇ ਵਿਖਾਉਣ ਦਾ ਝਾਂਸਾ ਦੇ ਕੇ ਸਾਡਾ ਰੁਪਿਆ ਪੈਸਾ, ਜ਼ਮੀਨ ਜਾਇਦਾਦ ਤੇ ਇੱਥੋਂ ਤੱਕ ਕਿ ਸਾਡੀਆਂ ਕੁਆਰੀਆਂ ਧੀਆਂ-ਭੈਣਾਂ ਨੂੰ ਵੀ ਆਪਣੇ ਕਬਜ਼ੇ ’ਚ ਲੈ ਲੈਂਦੇ ਹਨ ਤੇ ਫਿਰ ਉਨ੍ਹਾਂ ਨਾਲ ਕੁਕਰਮ ਕਰਕੇ ਉਨ੍ਹਾਂ ਨੂੰ ਆਪਣੇ ਆਸ਼ਰਮਾਂ ’ਚ ਹੀ ਮਾਰ ਮੁਕਾ ਕੇ ਮਿੱਟੀ ਹੇਠ ਦੱਬ ਦਿੰਦੇ ਹਨ। ਸਾਨੂੰ ਬਚਪਨ ਤੋਂ ਹੀ ਸਿਖਾਇਆ ਤੇ ਪੜ੍ਹਾਇਆ ਜਾਂਦਾ ਹੈ ਕਿ ਸਵਰਗ ਦੀ ਪ੍ਰਾਪਤੀ ਹੀ ਸਾਡੇ ਜੀਵਨ ਦਾ ਮੂਲ ਮਕਸਦ ਹੈ ਤੇ ਸਾਰਾ ਜੀਵਨ ਅਸੀਂ ਜੋ ਮਰਜ਼ੀ ਕਰੀਏ ਪਰ ਬੁਢਾਪੇ ਵਿੱਚ ਆ ਕੇ ਭਗਤੀ ਕਰਨੀ ਸਾਡੇ ਲਈ ਲਾਜ਼ਮੀ ਸਮਝੀ ਜਾਂਦੀ ਹੈ। ਸਾਡੇ ਮੁਲਕ ਵਿੱਚ ਹਰ ਧਰਮ ਹਰ ਮਜ਼ਹਬ ਵਿੱਚ ਸਵਰਗ ਦੇ ਠੇਕੇਦਾਰ ਮੌਜੂਦ ਹਨ ਜੋ ਆਪੋ ਆਪਣੇ ਕਰਮ ਕਾਡਾਂ ਰਾਹੀਂ ਸਵਰਗ ਪ੍ਰਾਪਤੀ ਦੇ ਮਾਰਗ ਦੱਸਦੇ ਹਨ ਤੇ ਕਈ ਧਰਮ ਅਸਥਾਨ ਤਾਂ ਸਵਰਗ ਦੀ ਸੀਟ ਦੀ ਬੁਕਿੰਗ ਦਾ ਸਰਟੀਫਿਕੇਟ ਵੀ ਜਾਰੀ ਕਰਦੇ ਹਨ। ਸੋ ਮੁੱਕਦੀ ਗੱਲ ਹੈ ਕਿ ਸਾਰੇ ਭਾਰਤਵਾਸੀ ਇਹ ਮੰਨ ਕੇ ਬੈਠੇ ਹਨ ਕਿ ਸਵਰਗ ਉਨ੍ਹਾਂ ਦੀ ਜਾਗੀਰ ਹੈ ਤੇ ਉਨ੍ਹਾਂ ਦਾ ਸਵਰਗ ’ਤੇ ਪਹਿਲਾ ਹੱਕ ਹੈ। ਇਸ ਲਈ ਹਰੇਕ ਭਾਰਤੀ ਬਾਸ਼ਿੰਦੇ ਦੀ ਮੌਤ ਤੋਂ ਬਾਅਦ ਉਸ ਦੇ ਸਕੇ ਸਬੰਧੀ ਤੇ ਦੋਸਤ ਮਿੱਤਰ ਉਸ ਨੂੰ ਸਵਰਗਵਾਸੀ ਹੋਣ ਦਾ ਸਰਟੀਫਿਕੇਟ ਜਾਰੀ ਕਰਨਾ ਨਹੀਂ ਭੁੱਲਦੇ। ਇਹ ਕੋਈ ਅਤਿਕਥਨੀ ਨਹੀਂ ਕਿ ਸਵਰਗ ਦੀ ਆਬਾਦੀ ਵਿੱਚ ਭਾਰਤੀਆਂ ਦਾ ਸ਼ਤ-ਪਤੀਸ਼ਤ ਰਾਖਵਾਂਕਰਨ ਵੀ ਉਪਲਬਧ ਹੋਵੇਗਾ।
ਸੰਪਰਕ: 97816-46008