ਗਰਮੀ ਦਾ ਕਹਿਰ: 46.7 ਡਿਗਰੀ ਤਾਪਮਾਨ ਨਾਲ ਸਭ ਤੋਂ ਵਧ ਤਪਿਆ ਫ਼ਰੀਦਕੋਟ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 2 ਜੂਨ
ਰਾਜਸਥਾਨ ਨਾਲ ਖਹਿੰਦੇ ਪੰਜਾਬ ਦੇ ਮਾਲਵਾ ਖਿੱਤੇ ’ਚ ਗਰਮੀ ਆਪਣਾ ਜਲਵਾ ਦਿਖਾ ਰਹੀ ਹੈ। ਅੱਜ ਇਸ ਖਿੱਤੇ ਦੇ ਸ਼ਹਿਰ ਫ਼ਰੀਦਕੋਟ ’ਚ ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ 46.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਾਂਕਿ 1 ਜੂਨ ਸ਼ਾਮ ਨੂੰ ਇਥੇ ਝੁੱਲੀ ਹਨੇਰੀ ਅਤੇ ਪੰਜਾਬ ਵਿੱਚ ਟੁੱਟਵੇਂ ਥਾਵਾਂ ’ਤੇ ਪਏ ਛਰਾਟਿਆਂ ਤੋਂ ਬਾਅਦ ਪਾਰੇ ’ਚ ਥੋੜ੍ਹੀ ਗਿਰਾਵਟ ਆਈ ਸੀ ਪਰ ਅੱਜ ਪੂਰਾ ਦਿਨ ਪਿਛਲੇ ਦਿਨਾਂ ਦੀ ਤੁਲਨਾ ’ਚ ਮੁੜ੍ਹਕੇ ਵਾਲੀ ਗਰਮੀ ਦਾ ਰਿਹਾ।
ਮਾਲਵੇ ਦੇ ਹੀ ਸ਼ਹਿਰਾਂ ਬਰਨਾਲਾ ’ਚ ਅੱਜ ਦਾ ਤਾਪਮਾਨ 45.6, ਬਠਿੰਡਾ ’ਚ 44.6 ਅਤੇ ਫ਼ਿਰੋਜ਼ਪੁਰ ’ਚ 44.2 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ। ਮੌਸਮ ਮਾਹਿਰਾਂ ਦੀ ਮੰਨੀਏ ਤਾਂ 4-5 ਜੂਨ ਨੂੰ ਪੱਛਮੀ ਗੜਬੜੀ ਵਾਲਾ ਇੱਕ ਸਿਸਟਮ ਪੰਜਾਬ ਵਿੱਚ ਪ੍ਰਵੇਸ਼ ਕਰ ਸਕਦਾ ਹੈ, ਜੋ ਹਲਕੀਆਂ ਫ਼ੁਹਾਰਾਂ ਆਪਣੇ ਨਾਲ ਲਿਆਵੇਗਾ।
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਬੇਤਹਾਸ਼ਾ ਗਰਮੀ ਪੈਣ ਕਾਰਨ ਹਸਪਤਾਲਾਂ ਵਿੱਚ ਡਾਇਰੀਏ ਦੇ ਮਰੀਜ਼ਾਂ ਦੀ ਗਿਣਤੀ ’ਚ ਕਾਫੀ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਗਰਮੀ ਕਾਰਨ ਪਾਚਨ ਪ੍ਰਣਾਲੀ ਖਰਾਬ ਹੋ ਜਾਂਦੀ ਹੈ, ਜਿਸ ਨਾਲ ਮਰੀਜ਼ ਟੱਟੀਆਂ, ਉਲਟੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਡਾਕਟਰਾਂ ਦੀ ਸਲਾਹ ਹੈ ਕਿ ਇਨ੍ਹਾਂ ਦਿਨਾਂ ਵਿੱਚ ਭੁੱਖੇ ਰਹਿਣਾ ਅਤੇ ਪੇਟ ਭਰ ਕੇ ਖਾਣਾ, ਦੋਵੇਂ ਹੀ ਗ਼ਲਤ ਹਨ। ਉਨ੍ਹਾਂ ਕਿਹਾ ਕਿਹਾ ਕਿ ਗਰਮੀ ’ਚ ਭੋਜਨ ਵੱਧ ਵਾਰ ਪਰ ਥੋੜ੍ਹੀ-ਥੋੜ੍ਹੀ ਮਾਤਰਾ ਵਿਚ ਲਿਆ ਜਾਵੇ। ਤਲੀਆਂ ਅਤੇ ਭਾਰੀ ਚੀਜ਼ਾਂ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਗਰਮੀ ਕਾਰਨ ਮੱਚਣ ਲੱਗੀਆਂ ਉੱਗਦੀਆਂ ਫ਼ਸਲਾਂ
ਮਾਨਸਾ (ਪੱਤਰ ਪ੍ਰੇਰਕ): ਮਾਲਵਾ ਪੱਟੀ ਵਿਚ ਗਰਮੀ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਛੋਟੀਆਂ ਉਗਰਦੀਆਂ ਫਸਲਾਂ ਮੱਚਣ ਲੱਗੀਆਂ ਹਨ, ਜਿਸ ਨੂੰ ਬਚਾਉਣ ਲਈ ਕਿਸਾਨਾਂ ਨੇ ਪਾਣੀ ਦੇਣਾ ਆਰੰਭ ਕਰ ਦਿੱਤਾ ਹੈ। ਅੱਜ ਮਾਨਸਾ ਵਿੱਚ 45 ਡਿਗਰੀ ਸੈਂਟੀਗਰੇਡ ਪਾਰਾ ਰਹਿਣ ਸਮੇਤ ਪੂਰਾ ਮਾਲਵਾ ਖੇਤਰ ਗਰਮੀ ਨਾਲ ਤੱਪਿਆ ਰਿਹਾ। ਖੇਤੀਬਾੜੀ ਮਹਿਕਮੇ ਵਲੋਂ ਵੀ ਕਿਸਾਨਾਂ ਨੂੰ ਆਪਣੀ ਫ਼ਸਲ ਬਚਾਉਣ ਲਈ ਲਗਾਤਾਰ ਪਾਣੀ ਦੇਣ ਦਾ ਸੱਦਾ ਦਿੱਤਾ ਗਿਆ ਹੈ। ਖੇਤੀ ਮਹਿਕਮੇ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਤਾਪਮਾਨ ਜ਼ਿਆਦਾ ਹੋਣ ਕਾਰਨ ਨਿੱਕੀਆਂ ਫਸਲਾਂ ਤੋਂ ਗਰਮੀ ਸਹਾਰੀ ਨਹੀ ਜਾ ਰਹੀ ਹੈ, ਜਿਸ ਕਾਰਨ ਉਹ ਦਮ ਤੋੜਨ ਲੱਗੀਆਂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਲਗਾਤਾਰ ਸਬਜ਼ੀਆਂ, ਪਸ਼ੂਆਂ ਦਾ ਹਰਾ ਚਾਰਾ ਅਤੇ ਨਰਮੇ ਦੀ ਛੋਟੀ ਫਸਲ ਨੂੰ ਪਾਣੀ ਲਾਉਣ ਲਈ ਕਿਸਾਨਾਂ ਨੂੰ ਪ੍ਰੇਰਿਆ ਜਾ ਰਿਹਾ ਹੈ। ਖੇਤੀ ਮਾਹਿਰਾਂ ਨੇ ਖਦਸ਼ਾ ਪ੍ਰਗਟ ਕੀਤਾ ਕਿ ਜੇਕਰ ਤਾਪਮਾਨ ਵਧਦਾ ਰਿਹਾ ਤਾਂ ਮਾਲਵਾ ਪੱਟੀ ਦੇ ਰੇਤਲੇ ਖੇਤਰ ’ਚੋਂ ਹਜ਼ਾਰਾਂ ਏਕੜ ਨਰਮੇ ਦੀ ਨਿੱਕੀ ਫ਼ਸਲ ਨੇ ਖੇਤਾਂ ਨੂੰ ਖਾਲੀ ਕਰ ਦੇਣਾ ਹੈ।