For the best experience, open
https://m.punjabitribuneonline.com
on your mobile browser.
Advertisement

ਦਿੱਲੀ ਵਿੱਚ ਗਰਮੀ ਨੇ ਤੋੜੇ ਰਿਕਾਰਡ

07:43 AM May 30, 2024 IST
ਦਿੱਲੀ ਵਿੱਚ ਗਰਮੀ ਨੇ ਤੋੜੇ ਰਿਕਾਰਡ
ਨਵੀਂ ਦਿੱਲੀ ਵਿੱਚ ਗਰਮੀ ਤੋਂ ਰਾਹਤ ਪਾਉਣ ਲਈ ਝੀਲ ਵਿੱਚ ਨਹਾਉਂਦੇ ਹੋਏ ਬੱਚੇ। -ਫੋਟੋ: ਏਐਨਆਈ
Advertisement

ਪੱਤਰ ਪ੍ਰੇਰਕ
ਨਵੀਂ ਦਿਲੀ, 29 ਮਈ
ਕੌਮੀ ਰਾਜਧਾਨੀ ਦਿੱਲੀ ਵਿੱਚ ਗਰਮੀ ਨੇ ਰਿਕਾਰਡ ਤੋੜ ਦਿੱਤੇ ਹਨ। ਭਾਰਤੀ ਮੌਸਮ ਵਿਭਾਗ ਅਨੁਸਾਰ ਦਿੱਲੀ ਵਿੱਚ 52.03 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ ਜੋ ਕਿ ਰਾਜਧਾਨੀ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ। ਖੇਤਰੀ ਮੌਸਮ ਵਿਭਾਗ ਅਨੁਸਾਰ ਅਨੁਸਾਰ ਮੁੰਗੇਸ਼ਪੁਰ (ਦਿੱਲੀ) ਵਿੱਚ ਤਾਪਮਾਨ 52.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ। ਮੌਸਮ ਵਿਭਾਗ ਨੇ ਘਰਾਂ ਤੋਂ ਬਾਹਰ ਜਾਣ ਵਾਲੇ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਜਾਣਕਾਰੀ ਅਨੁਸਾਰ ਦੱਖਣੀ ਦਿੱਲੀ ਦੇ ਆਯਾ ਨਗਰ ਅਤੇ ਦਿੱਲੀ ਯੂਨੀਵਰਸਿਟੀ ਨੇੜੇ ਮੌਸਮ ਕੇਂਦਰਾਂ ’ਚ ਦਰਜ ਕੀਤੇ ਗਏ ਵੱਧ ਤੋਂ ਵੱਧ ਤਾਪਮਾਨ ਨੇ ਵੀ ਆਪਣਾ ਪਿਛਲਾ ਰਿਕਾਰਡ ਤੋੜ ਦਿੱਤਾ ਹੈ।
ਆਯਾ ਨਗਰ ’ਚ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 47.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਸਟੇਸ਼ਨ ’ਤੇ ਦਰਜ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਸੀ। ਮਈ 1988 ਵਿੱਚ ਇੱਥੇ 47.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ। ਸ਼ਹਿਰ ਦੇ ਬੇਸ ਸਟੇਸ਼ਨ ਸਫਦਰਜੰਗ ਵਿਖੇ ਵੱਧ ਤੋਂ ਵੱਧ ਤਾਪਮਾਨ 45.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜੋ ਇਸ ਸੀਜ਼ਨ ਦਾ ਸਭ ਤੋਂ ਵੱਧ ਤਾਪਮਾਨ ਹੈ, ਜਿਸ ਨੇ ਮਈ 2020 ਦਾ ਰਿਕਾਰਡ ਤੋੜਿਆ ਹੈ।
ਦੂਜੇ ਪਾਸੇ ਗਰਮੀ ਕਾਰਨ ਦਿੱਲੀ ’ਚ ਬਿਜਲੀ ਦੀ ਖਪਤ ਵੀ ਅਸਮਾਨ ’ਤੇ ਹੈ। ਬਿਜਲੀ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਰਾਸ਼ਟਰੀ ਰਾਜਧਾਨੀ ’ਚ ਗਰਮੀ ਦੇ ਮੌਸਮ ’ਚ ਬਿਜਲੀ ਦੀ ਮੰਗ 8,302 ਮੈਗਾਵਾਟ ਤੱਕ ਪੁੱਜ ਗਈ ਹੈ।
ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਬਿਜਲੀ ਦੀ ਮੰਗ 8,300 ਮੈਗਾਵਾਟ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਪਾਵਰ ਡਿਸਟ੍ਰੀਬਿਊਸ਼ਨ ਕੰਪਨੀਆਂ ਨੇ ਇਸ ਗਰਮੀ ਵਿੱਚ ਬਿਜਲੀ ਦੀ ਮੰਗ 8,200 ਮੈਗਾਵਾਟ ਤੱਕ ਪਹੁੰਚਣ ਦਾ ਅਨੁਮਾਨ ਲਗਾਇਆ ਸੀ।
ਸਟੇਟ ਲੋਡ ਡਿਸਪੈਚ ਸੈਂਟਰ ਦਿੱਲੀ ਅਨੁਸਾਰ ਸ਼ਹਿਰ ਦੀ ਸਭ ਤੋਂ ਵੱਧ ਬਿਜਲੀ ਦੀ ਮੰਗ ਦੁਪਹਿਰ ਬਾਅਦ 3.36 ਵਜੇ ’ਤੇ 8,302 ਮੈਗਾਵਾਟ ਰਹੀ। ਪਿਛਲੀ ਸਿਖਰ ਬਿਜਲੀ ਦੀ ਮੰਗ ਇਸ ਮਹੀਨੇ ਦੇ ਸ਼ੁਰੂ ਵਿੱਚ ਰਿਕਾਰਡ ਕੀਤੀ ਗਈ ਸੀ, ਜਦੋਂ ਇਹ 22 ਮਈ ਨੂੰ 8,000 ਮੈਗਾਵਾਟ ਨੂੰ ਛੂਹ ਗਈ ਸੀ। ਉਧਰ ਹਨੇਰੀ ਨਾਲ ਪਏ ਹਲਕੇ ਮੀਂਹ ਨੇ ਰਾਸ਼ਟਰੀ ਰਾਜਧਾਨੀ ਵਿੱਚ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਦਿੱਤੀ ਹੈ, ਜਿਸ ਨਾਲ ਬਾਅਦ ਦੁਪਹਿਰ ਤਾਪਮਾਨ ਵਿੱਚ ਥੋੜ੍ਹੀ ਗਿਰਾਵਟ ਜ਼ਰੂਰ ਆਈ ਹੈ। ਅਧਿਕਾਰੀਆਂ ਮੁਤਾਬਿਕ ਇਸ ਮੌਸਮੀ ਤਬਦੀਲੀ ਕਾਰਨ 30 ਮਈ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ। ਇਸ ਤਰ੍ਹਾਂ ਫਰੀਦਾਬਾਦ ਗੁਰੂਗ੍ਰਾਮ ਅਤੇ ਬਹਾਦਰਗੜ੍ਹ ਦੇ ਕੁਝ ਹਿੱਸਿਆਂ ਵਿੱਚ ਰਾਜਸਥਾਨ ਤੋਂ ਆਈ ਧੂੜ ਭਰੀ ਹਨੇਰੀ ਮਗਰੋਂ ਗਰਮੀ ਤੋਂ ਕੁਝ ਰਾਹਤ ਮਿਲੀ।

Advertisement

ਉਪ ਰਾਜਪਾਲ ਨੇ ਗਰਮੀ ਬਾਰੇ ਕਾਰਜ ਯੋਜਨਾ ਲਾਗੂ ਨਾ ਕਰਨ ’ਤੇ ਸਰਕਾਰ ਘੇਰੀ

ਨਵੀਂ ਦਿਲੀ (ਪੱਤਰ ਪ੍ਰੇਰਕ): ਦਿੱਲੀ ਵਿੱਚ ਤਾਪਮਾਨ ਵਧਣ ਮਗਰੋਂ ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਰਾਜਧਾਨੀ ਵਿੱਚ ਗਰਮੀ ਕਾਰਜ ਯੋਜਨਾ ਨੂੰ ਲਾਗੂ ਨਾ ਕਰਨ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿੰਦਾ ਕਰਦੇ ਹੋਏ ਕਿਹਾ ਕਿ “ਸੰਵੇਦਨਸ਼ੀਲਤਾ ਅਤੇ ਗੰਭੀਰਤਾ ਦੀ ਘਾਟ ਹੈ। ਗਰਮੀ ਦੀ ਲਹਿਰ ਗੰਭੀਰ ਚਿੰਤਾ ਦਾ ਵਿਸ਼ਾ ਹੈ।’’ ਐਲਜੀ ਦੇ ਪ੍ਰਮੁੱਖ ਸਕੱਤਰ ਆਸ਼ੀਸ਼ ਕੁੰਦਰਾ ਨੇ ਦਿੱਲੀ ਦੇ ਮੁੱਖ ਸਕੱਤਰ ਨਰੇਸ਼ ਕੁਮਾਰ ਨੂੰ ਲਿਖੇ ਪੱਤਰ ਵਿੱਚ ਕਿਹਾ, ‘ਉਪ ਰਾਜਪਾਲ ਨੇ ਦੇਖਿਆ ਹੈ ਕਿ ਗਰਮੀ ਦੇ ਰਿਕਾਰਡ ਵਾਧੇ ਦੇ ਬਾਵਜੂਦ ਰਾਜ ਸਰਕਾਰ ਵੱਲੋਂ ਅਜਿਹੀਆਂ ਕੋਈ ਹਦਾਇਤਾਂ ਜਾਰੀ ਨਹੀਂ ਕੀਤੀਆਂ ਗਈਆਂ। ਆਮ ਤੌਰ ’ਤੇ, ਉਮੀਦ ਸੀ ਕਿ ਮੁੱਖ ਮੰਤਰੀ ਜਾਂ ਸਬੰਧਤ ਮੰਤਰੀ ਸ਼ਹਿਰ ਵਿੱਚ ਗਰਮੀ ਯੋਜਨਾ ਦੀ ਕਾਰਵਾਈ ਲਈ ਮੀਟਿੰਗ ਬੁਲਾਣਗੇ।’’ ਇਸ ਦੌਰਾਨ ਲੈਫਟੀਨੈਂਟ ਗਵਰਨਰ ਨੇ ਕਾਮਿਆਂ ਨੂੰ ਗਰਮੀ ਤੋਂ ਬਚਾਉਣ ਲਈ ਕਈ ਉਪਾਵਾਂ ਦੀ ਘੋਸ਼ਣਾ ਕੀਤੀ, ਜਿਸ ਵਿੱਚ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਸਾਰੀਆਂ ਉਸਾਰੀ ਵਾਲੀਆਂ ਥਾਵਾਂ ’ਤੇ ਮਜ਼ਦੂਰਾਂ ਲਈ ਛੁੱਟੀ ਵੀ ਸ਼ਾਮਲ ਹੈ, ਜਿਸ ਦੇ ਪੈਸੇ ਨਹੀਂ ਕੱਟੇ ਜਾਣਗੇ। ਕੁਮਾਰ ਨੂੰ ਲਿਖੇ ਪੱਤਰ ਵਿੱਚ ਉਪ ਰਾਜਪਾਲ ਸਕੱਤਰੇਤ ਨੇ ਨਿਰਦੇਸ਼ ਦਿੱਤੇ ਹਨ ਕਿ ਉਸਾਰੀ ਵਾਲੀਆਂ ਥਾਵਾਂ ’ਤੇ ਮਜ਼ਦੂਰਾਂ ਲਈ ਪਾਣੀ ਅਤੇ ਛਾਂ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਇਸ ਤੋਂ ਪਹਿਲਾਂ ਇਹ ਨਿਰਦੇਸ਼ ਸਿਰਫ਼ ਦਿੱਲੀ ਵਿਕਾਸ ਅਥਾਰਟੀ (ਡੀਡੀਏ) ਨੂੰ ਦਿੱਤੇ ਗਏ ਸਨ। ਹੁਣ ਐਲਜੀ ਨੇ ਨਿਰਦੇਸ਼ ਦਿੱਤਾ ਹੈ ਕਿ ਇਹ ਨਿਰਦੇਸ਼ ਸਾਰੇ ਨਿਰਮਾਣ ਸਥਾਨਾਂ ’ਤੇ ਉਦੋਂ ਤੱਕ ਲਾਗੂ ਕੀਤੇ ਜਾਣ ਜਦੋਂ ਤੱਕ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਹੇਠਾਂ ਨਹੀਂ ਆ ਜਾਂਦਾ। ਸਕਸੈਨਾ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਧੁੱਪ ਵਿਚ ਉਡੀਕ ਕਰ ਰਹੇ ਯਾਤਰੀਆਂ ਅਤੇ ਹੋਰ ਪੈਦਲ ਯਾਤਰੀਆਂ ਨੂੰ ਰਾਹਤ ਦੇਣ ਲਈ ਬੱਸ ਕਤਾਰਾਂ ਵਾਲੇ ਸ਼ੈਲਟਰਾਂ ’ਤੇ ਪੀਣ ਵਾਲੇ ਪਾਣੀ ਦੇ ਨਾਲ ਮਿੱਟੀ ਦੇ ਬਰਤਨ ਦਾ ਪ੍ਰਬੰਧ ਕੀਤਾ ਜਾਵੇ। ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਟ੍ਰੀਟ ਕੀਤੇ ਪਾਣੀ ਵਾਲੇ ਟੈਂਕਰਾਂ ਨੂੰ ਸੜਕਾਂ ’ਤੇ ਛਿੜਕਣ ਲਈ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਵਾਤਾਵਰਣ ਦਾ ਤਾਪਮਾਨ ਠੰਢਾ ਹੁੰਦਾ ਹੈ।

Advertisement
Author Image

joginder kumar

View all posts

Advertisement
Advertisement
×