For the best experience, open
https://m.punjabitribuneonline.com
on your mobile browser.
Advertisement

ਤਪਸ਼ ਤੇ ਬਿਜਲੀ ਦੇ ਕੱਟਾਂ ਨੇ ਦਿੱਲੀ ਵਾਸੀ ਤਪਾਏ

07:20 AM May 22, 2024 IST
ਤਪਸ਼ ਤੇ ਬਿਜਲੀ ਦੇ ਕੱਟਾਂ ਨੇ ਦਿੱਲੀ ਵਾਸੀ ਤਪਾਏ
ਗਰਮੀ ਕਾਰਨ ਦਿੱਲੀ ਦੇ ਇੰਡੀਆ ਗੇਟ ਲਾਅਨ ਵਿੱਚ ਦਰੱਖਤ ਹੇਠ ਆਰਾਮ ਕਰਦਾ ਹੋਿੲਆ ਫੜ੍ਹੀ ਵਾਲਾ। -ਫੋਟੋ: ਏਐੱਨਆਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿਲੀ, 21 ਮਈ
ਦਿੱਲੀ-ਐੱਨਸੀਆਰ ਵਿੱਚ ਗਰਮੀ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਪਿਛਲੇ ਪੰਜ ਦਿਨਾਂ ਤੋਂ ਤਾਪਮਾਨ 45 ਤੋਂ 46 ਡਿਗਰੀ ’ਤੇ ਬਣਿਆ ਹੋਇਆ ਹੈ। ਘੱਟੋ-ਘੱਟ ਤਾਪਮਾਨ 31 ਡਿਗਰੀ ਦਰਜ ਕੀਤਾ ਗਿਆ। ਇੰਨੀ ਤੇਜ਼ ਗਰਮੀ ਕਾਰਨ ਸਾਹ ਅਤੇ ਦਮੇ ਦੇ ਮਰੀਜ਼ਾਂ ਦੀ ਹਾਲਤ ਖ਼ਰਾਬ ਹੈ। ਇਸ ਕਹਿਰ ਨਾਲ ਆਮ ਲੋਕ ਵੀ ਪ੍ਰੇਸ਼ਾਨ ਹੋਣ ਲੱਗੇ ਹਨ। ਗਰਮੀ ਇੰਨੀ ਜ਼ਿਆਦਾ ਹੈ ਕਿ ਏਸੀ, ਕੂਲਰਾਂ ਅਤੇ ਪੱਖਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਕੌਮੀ ਰਾਜਧਾਨੀ ’ਚ ਤਾਪਮਾਨ ਲਗਾਤਾਰ ਵਧਣ ਕਾਰਨ ਡਾਕਟਰਾਂ ਨੇ ਮੰਗਲਵਾਰ ਨੂੰ ਗਰਮੀ ਦੇ ਲੰਬੇ ਸਮੇਂ ਤੱਕ ਸੰਪਰਕ ’ਚ ਰਹਿਣ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਭਾਰਤੀ ਮੌਸਮ ਵਿਭਾਗ ਨੇ ਨਵੀਂ ਦਿੱਲੀ ਵਿੱਚ ਅਗਲੇ ਸੱਤ ਦਿਨਾਂ ਲਈ ਗਰਮ ਹਵਾਵਾਂ ਚੱਲਣ ਦੀ ਚਿਤਾਵਨੀ ਦਿੱਤੀ ਹੈ। ਅੱਜ ਹਰਿਆਣਾ ਦੇ ਪਲਵਲ ਜ਼ਿਲ੍ਹੇ ਵਿੱਚ ਵੀ ਤਾਪਮਾਨ 46 ਡਿਗਰੀ ਰਿਹਾ, ਜਦੋਂਕਿ ਘੱਟੋ-ਘੱਟ ਤਾਪਮਾਨ 30 ਡਿਗਰੀ ਦਰਜ ਕੀਤਾ ਗਿਆ। ਤੇਜ਼ ਹਵਾਵਾਂ ਨੇ ਜਿੱਥੇ ਸਾਰਾ ਦਿਨ ਗਲੀਆਂ, ਬਾਜ਼ਾਰਾਂ ਅਤੇ ਬਾਜ਼ਾਰਾਂ ’ਚ ਬਾਹਰ ਕੰਮ ਕਰਦੇ ਮਜ਼ਦੂਰਾਂ ਦੀ ਹਾਲਤ ਖਰਾਬ ਕਰ ਦਿੱਤੀ, ਉਥੇ ਹੀ ਬਿਜਲੀ ਦੇ ਕੱਟਾਂ ਨੇ ਗਰਮੀ ਤੋਂ ਬਚਣ ਲਈ ਘਰਾਂ ’ਚ ਬੈਠੇ ਲੋਕਾਂ ਦਾ ਵੀ ਬੁਰਾ ਹਾਲ ਕਰ ਦਿੱਤਾ| ਅੱਜ ਸਵੇਰੇ ਸੂਰਜ ਦੇ ਪ੍ਰਗਟ ਹੋਣ ਨਾਲ ਗਰਮੀ ਦੀ ਸ਼ੁਰੂਆਤ ਹੋਈ। ਜਿਵੇਂ-ਜਿਵੇਂ ਸੂਰਜ ਚੜ੍ਹਦਾ ਰਿਹਾ, ਗਰਮੀ ਨੇ ਵੀ ਆਪਣਾ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ। ਸਵੇਰੇ 10 ਵਜੇ ਤੱਕ ਤਾਪਮਾਨ 40 ਡਿਗਰੀ ਤੋਂ ਉਪਰ ਪਹੁੰਚ ਗਿਆ ਅਤੇ ਦੁਪਹਿਰ 12 ਵਜੇ ਤੋਂ ਬਾਅਦ ਤਾਪਮਾਨ 47 ਡਿਗਰੀ ਨੂੰ ਪਾਰ ਕਰ ਗਿਆ। ਗਰਮ ਹਵਾ 16 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੀ। ਲੋਕ ਬਾਜ਼ਾਰਾਂ ਵਿੱਚੋਂ ਨਵੇਂ ਕੂਲਰਾਂ ਦੀ ਖ਼ਰੀਦਦਾਰੀ ਕਰਦੇ ਦੇਖੇ ਗਏ।

Advertisement

ਪਾਰਾ ਚੜ੍ਹਨ ਦੇ ਨਾਲ ਹੀ ਬਿਜਲੀ ਦੀ ਮੰਗ ਰਿਕਾਰਡ ਪੱਧਰ ’ਤੇ ਪੁੱਜੀ

ਨਵੀਂ ਦਿੱਲੀ: ਕੌਮੀ ਰਾਜਧਾਨੀ ਵਿੱਚ ਪਾਰਾ ਚੜ੍ਹਨ ਅਤੇ ਕਈ ਇਲਾਕਿਆਂ ਵਿੱਚ ਲੂ ਚੱਲਣ ਕਾਰਨ ਅੱਜ ਬਿਜਲੀ ਦੀ ਮੰਗ ਵੱਧ ਤੋਂ ਵੱਧ ਹੁਣ ਤੱਕ ਦੇ ਰਿਕਾਰਡ ਪੱਧਰ 7,717 ਮੈਗਾਵਾਟ ’ਤੇ ਪਹੁੰਚ ਗਈ ਹੈ। ਇਹ ਜਾਣਕਾਰੀ ਬਿਜਲੀ ਵੰਡ ਕੰਪਨੀਆਂ ਦੇ ਅਧਿਕਾਰੀਆਂ ਨੇ ਦਿੱਤੀ ਹੈ। ਦਿੱਲੀ ਸਟੇਟ ਲੋਡ ਡਿਸਪੈਚ ਸੈਂਟਰ (ਐੱਸਐੱਲਡੀਸੀ) ਦੀ ਵੈੱਬਸਾਈਟ ’ਤੇ ਉਪਲਬਧ ਅੰਕੜਿਆਂ ਮੁਤਾਬਕ ਬਿਜਲੀ ਦੀ ਵੱਧ ਤੋਂ ਵੱਧ ਮੰਗ ਪਿਛਲੇ ਸਾਰੇ ਅੰਕੜਿਆਂ ਨੂੰ ਪਾਰ ਕਰ ਗਈ ਹੈ। ਅੱਜ ਦੁਪਹਿਰ 3.33 ਵਜੇ ਬਿਜਲੀ ਦੀ ਵੱਧ ਤੋਂ ਵੱਧ ਮੰਗ 7,717 ਮੈਗਾਵਾਟ ’ਤੇ ਪਹੁੰਚ ਗਈ। ਇਸ ਤੋਂ ਪਹਿਲਾਂ ਦਿੱਲੀ ਵਿੱਚ ਬਿਜਲੀ ਦੀ ਵੱਧ ਤੋਂ ਵੱਧ ਮੰਗ 29 ਜੂਨ 2022 ਨੂੰ ਰਿਕਾਰਡ 7,695 ਮੈਗਾਵਾਟ ਤੱਕ ਪਹੁੰਚ ਗਈ ਸੀ। ਇਸ ਦੌਰਾਨ ਉੱਤਰੀ ਦਿੱਲੀ ਵਿੱਚ ਬਿਜਲੀ ਸਪਲਾਈ ਕਰਨ ਵਾਲੀ ਟਾਟਾ ਪਾਵਰ ਦਿੱਲੀ ਡਿਸਟ੍ਰੀਬਿਊਸ਼ਨ ਲਿਮਟਡ (ਟਾਟਾ ਪਾਵਰ ਡੀਡੀਐੱਲ) ਦੇ ਬੁਲਾਰੇ ਨੇ ਬਿਆਨ ਵਿੱਚ ਕਿਹਾ ਕਿ ਉਸਦੇ ਖੇਤਰ ਵਿੱਚ ਬਿਜਲੀ ਦੀ ਵੱਧ ਤੋਂ ਵੱਧ ਮੰਗ 2,225 ਮੈਗਾਵਾਟ ਰਹੀ ਅਤੇ ਇਸ ਮੰਗ ਨੂੰ ਸਫਲਤਾਪੂਰਵਕ ਪੂਰਾ ਕੀਤਾ ਗਿਆ। ਦਿੱਲੀ ਵਿੱਚ ਲਗਾਤਾਰ ਤਪਸ ਵਧਣ ਕਾਰਨ ਭਿਆਨਕ ਗਰਮੀ ਪੈ ਰਹੀ ਹੈ। ਭਾਰਤੀ ਮੌਸਮ ਵਿਭਾਗ ਨੇ ਦਿੱਲੀ ਦੇ ਕਈ ਹਿੱਸਿਆਂ ਵਿੱਚ ਗਰਮ ਹਵਾਵਾਂ ਚੱਲਣ ਅਤੇ ਕੁਝ ਇਲਾਕਿਆਂ ਵਿੱਚ ਤੇਜ਼ ਗਰਮੀ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਵਿਭਾਗ ਨੇ ਅਗਲੇ ਚਾਰ ਦਿਨਾਂ ਲਈ ਰੈੱਡ ਅਲਰਟ ਵੀ ਜਾਰੀ ਕੀਤਾ ਹੈ। ਸੱਤ ਦਿਨਾਂ ਦੀ ਪੇਸ਼ੀਨਗੋਈ ਮੁਤਾਬਕ ਵੱਧ ਤੋਂ ਵੱਧ ਤਾਪਮਾਨ 44 ਤੋਂ 47 ਡਿਗਰੀ ਸੈਲਸੀਅਸ ਦਰਮਿਆਨ ਰਹੇਗਾ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਘੱਟੋ-ਘੱਟ ਤਾਪਮਾਨ 30.7 ਡਿਗਰੀ ਸੈਲਸੀਅਸ ਰਿਹਾ। ਇਹ ਆਮ ਨਾਲੋਂ ਚਾਰ ਡਿਗਰੀ ਵੱਧ ਹੈ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ। -ਪੀਟੀਆਈ

Advertisement
Author Image

joginder kumar

View all posts

Advertisement
Advertisement
×