ਪੰਜਾਬ ’ਚ ਗਰਮੀ ਤੇ ਹੁੰਮਸ ਵਧੀ, ਪਾਰਾ 38.9 ਡਿਗਰੀ ’ਤੇ ਪਹੁੰਚਿਆ
11:31 AM Jul 03, 2023 IST
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗਡ਼੍ਹ, 2 ਜੁਲਾਈ
ਪੰਜਾਬ ਵਿੱਚ ਬੇਸ਼ਕ ਮੌਨਸੂਨ ਦੀ ਦਸਤਕ ਨਿਰਧਾਰਤ ਸਮੇਂ ਤੋਂ ਇਕ ਹਫ਼ਤਾ ਪਹਿਲਾਂ ਹੋ ਗਈ ਹੈ, ਪਰ ਹੁਣ ਇਸ ਦਾ ਅਸਰ ਘਟਦਾ ਦਿਖਾਈ ਦੇਣ ਲੱਗਾ ਹੈ। ਪਿਛਲੇ ਦਿਨਾਂ ਦੌਰਾਨ ਪਏ ਮੀਂਹ ਦੇ ਬਾਵਜੂਦ ਸੂਬੇ ਵਿੱਚ ਗਰਮੀ ਤੇ ਹੁੰਮਸ ਸਿਖਰਾਂ ’ਤੇ ਪਹੁੰਚੀ ਹੋਈ ਹੈ। ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ ਅੱਜ ਫ਼ਿਰੋਜ਼ਪੁਰ ਸ਼ਹਿਰ ਵਿੱਚ (38.9 ਡਿਗਰੀ ਸੈਲਸੀਅਸ) ਦਰਜ ਕੀਤਾ ਗਿਆ। ਦੂਜੇ ਪਾਸੇ ਮੌਸਮ ਵਿਭਾਗ ਨੇ 4 ਜੁਲਾਈ ਨੂੰ ਰਾਤ ਸਮੇਂ ਕੁਝ ਥਾਵਾਂ ’ਤੇ ਹਲਕਾ ਅਤੇ 5 ਤੇ 6 ਜੁਲਾਈ ਨੂੰ ਸੂਬੇ ’ਚ ਦਰਮਿਆਨਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਗੌਰਤਲਬ ਹੈ ਕਿ ਪੰਜਾਬ ਦੇ ਚੰਡੀਗਡ਼੍ਹ, ਬਰਨਾਲਾ, ਫ਼ਤਹਿਗਡ਼੍ਹ ਸਾਹਿਬ, ਹੁਸ਼ਿਆਰਪੁਰ, ਮੁਹਾਲੀ ਤੇ ਹੋਰ ਕੁਝ ਇਲਾਕਿਆਂ ’ਚ ਹਲਕਾ ਮੀਂਹ ਪਿਆ ਸੀ, ਜਿਸ ਮਗਰੋਂ ਅੱਜ ਦਿਨ ਸਮੇਂ ਨਿਕਲੀ ਕਰਾਰੀ ਧੁੱਪ ਨੇ ਹੁੰਮਸ ਹੋਰ ਵਧਾ ਦਿੱਤੀ ਹੈ, ਜਿਸ ਦੇ ਸਿੱਟੇ ਵਜੋਂ ਅੱਜ ਛੁੱਟੀ ਵਾਲੇ ਦਿਨ ਵੀ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਦੇ ਰਹੇ।
Advertisement
Advertisement