For the best experience, open
https://m.punjabitribuneonline.com
on your mobile browser.
Advertisement

ਦਿਲ ਵਾਲੇ ਹਾਂ...

08:23 AM Oct 01, 2023 IST
ਦਿਲ ਵਾਲੇ ਹਾਂ
Advertisement

ਗੁਰਦਿਆਲ ਦਲਾਲ

ਕਾਫ਼ੀ ਠੰਢ (7 ਡਿਗਰੀ ਸੈਂਟੀ ਗਰੇਡ) ਅਤੇ ਮੀਂਹ ਪੈਣ ਦੇ ਆਸਾਰ ਹੋਣ ਦੇ ਬਾਵਜੂਦ ਸਵੇਰੇ ਹੀ ਮੈਂ ਛਤਰੀ ਚੁੱਕ ਕੇ 2-3 ਕਿਲੋਮੀਟਰ ਦੂਰ ਮਾਊਂਟ ਰਿਡਲੇ ਪਹਾੜੀ ਵੱਲ ਸੈਰ ਕਰਨ ਲਈ ਨਿਕਲ ਗਿਆ। ਇਸ ਪਹਾੜੀ ਦਾ ਆਪਣਾ ਇਤਿਹਾਸ ਹੈ। ਕਰਿਗੀਬਰਨ ਦੇ ਇਸੇ ਸਥਾਨ ਤੋਂ ਦਸ ਲੱਖ (ਇਕ ਮਿਲੀਅਨ) ਸਾਲ ਪਹਿਲਾਂ ਧਰਤੀ ਵਿਚ ਉਥਲ-ਪੁਥਲ (ਭੂਚਾਲ) ਹੋਣ ਕਰਕੇ ਸਾਰੇ ਇਲਾਕੇ ’ਚ ਲਾਵਾ ਫੈਲ ਗਿਆ ਸੀ। ਸਮਾਂ ਬੀਤਣ ਨਾਲ ਉਹ ਲਾਵਾ ਲਾਲ ਰੰਗ ਦੀ ਮਿੱਟੀ ਵਿਚ ਤਬਦੀਲ ਹੋ ਗਿਆ। ਸੰਘਣੇ ਜੰਗਲ ਹੋਂਦ ਵਿਚ ਆਏ। ਮਨੁੱਖ ਨੇ ਆਪਣੇ ਹਿਤਾਂ ਲਈ ਜੰਗਲਾਂ ਦਾ ਉਜਾੜਾ ਕਰ ਕੇ ਆਪਣੇ ਟਿਕਾਣੇ ਬਣਾਉਣੇ ਸ਼ੁਰੂ ਕਰ ਦਿੱਤੇ। ਅੱਜ ਉਸੇ ਥਾਂ ਮੁੜ ਮਨੁੱਖੀ ਵਸੋਂ ਦੀਆਂ ਲਹਿਰਾਂ-ਬਹਿਰਾਂ ਹਨ ਜਿਸ ਵਿਚ ਮੇਰੀ ਬੇਟੀ ਤੇ ਦਾਮਾਦ ਦਾ ਸ਼ਾਨਦਾਰ ਘਰ ਵੀ ਮੌਜੂਦ ਹੈ। ਖੁੱਲ੍ਹੀ-ਡੁੱਲ੍ਹੀ ਸੜਕ ਦੁਆਲੇ ਜਿੱਥੇ ਪਿਛਲੇ ਸਾਲ ਮੇਰੀ ਫੇਰੀ ਸਮੇਂ ਮਕਾਨ ਬਣਾਉਣ ਲਈ ਲੱਕੜੀ ਦੇ ਢਾਂਚੇ ਖੜ੍ਹੇ ਕੀਤੇ ਜਾ ਰਹੇ ਸਨ, ਉੱਥੇ ਹੁਣ ਬਹੁਤ ਸਾਰੇ ਆਲੀਸ਼ਾਨ ਮਕਾਨ ਉਸਰ ਗਏ ਸਨ ਤੇ ਉਨ੍ਹਾਂ ’ਚੋਂ ਆ ਰਹੀਆਂ ਰੰਗ ਬਿਰੰਗੀਆਂ ਰੌਸ਼ਨੀਆਂ ਉੱਥੇ ਸੁਖ ਭਰੀ ਜ਼ਿੰਦਗੀ ਧੜਕਣ ਦੀ ਨਿਸ਼ਾਨਦੇਹੀ ਕਰ ਰਹੀਆਂ ਸਨ।
ਅਜੇ ਮੈਂ ਕੁਝ ਦੂਰੀ ਹੀ ਤੈਅ ਕੀਤੀ ਸੀ ਕਿ ਪਹਾੜੀ ਤੋਂ ਉਤਰਦੀ ਸਿਆਹ ਰੰਗ ਦੀ ਇੱਕ ਕੁੜੀ ਬਿਲਕੁਲ ਮੇਰੇ ਸਾਹਮਣੇ ਆਉਂਦੀ ਨਜ਼ਰ ਪਈ। ਉਸ ਨੇ ਬਿਨਾ ਵਾਲ਼ਾਂ ਵਾਲੇ ਜਹਾਜ਼ੀ ਨਸਲ ਦੇ ਸਫ਼ੈਦ ਕੁੱਤੇ ਦੀ ਸੰਗਲ਼ੀ ਆਪਣੇ ਹੱਥ ਵਿਚ ਥੰਮੀ ਹੋਈ ਸੀ। ਉਸ ਦਾ ਲਾਲ ਰੰਗ ਦਾ ਲੀਲ੍ਹਣ ਦਾ ਖੁੱਲ੍ਹਾ-ਡੁੱਲ੍ਹਾ ਗਰਾਰਾ ਤੇ ਪੀਲੇ ਰੰਗ ਦੀ ਕਮੀਜ਼ ਉਸ ’ਤੇ ਫੱਬ ਰਹੇ ਸਨ। ਉਸ ਨੇ ਆਪਣੇ ਸੱਜੇ ਮੋਢੇ ਨਾਲ ਡਸੀਆਂ ਵਾਲਾ ਨੀਲਾ ਝੋਲ਼ਾ ਲਟਕਾਇਆ ਹੋਇਆ ਸੀ। ਉਸ ਨੇ ਸਿਰ ਉੱਤੇ ਖਜੂਰ ਦੇ ਪੱਤਿਆਂ ਦੀ ਬਣੀ ਛੱਜ ਵਰਗੀ ਹੈਟ ਲਈ ਹੋਈ ਸੀ। ਉਹ ਮੇਰੇ ਕੋਲੋਂ ਲੰਘਣ ਲੱਗੀ ਸਿਰ ਹੇਠਾਂ ਨੂੰ ਮਾਰਦਿਆਂ ਮੁਸਕਰਾਉਂਦੀ ਬੋਲੀ, ‘‘ਮਾਰਨੀਂਗ...ਸਾ..ਸਰੀ..ਕਲ।’’ ਮੈਂ ਉਸ ਵਾਂਗ ਹੀ ਵਿਸ਼ ਕੀਤਾ ਤੇ ਕਿਹਾ, ‘‘ਸੁਣ, ਮੈਂ ਤੈਨੂੰ ਕੁਝ ਹੋਰ ਵੀ ਕਹਿਣਾ ਚਾਹੁੰਦਾ ਹਾਂ। ਮਾਈਂਡ ਨਾ ਕਰੀਂ।’’ ‘‘ਯਾ ਯਾ ਨੋ ਮਾਈਂਡ... ਨੈਵਰ ਮਾਈਂਡ।’’ ਉਸ ਦੇ ਦੰਦ ਲਿਸ਼ਕੇ ਤੇ ਕੰਨਾਂ ਨਾਲ ਲਟਕਦੇ ਘੋਗੇ ਜਿਹੇ ਹਿੱਲੇ। ਉਹ ਰੁਕ ਕੇ ਸਿੱਧੀ ਮੇਰੇ ਵੱਲ ਝਾਕਣ ਲੱਗੀ। ਪਲ ਦੀ ਪਲ ਮੇਰੇ ਪਿੰਡ ਦੀ ਗੋਹਾ ਕੂੜਾ ਕਰਨ ਵਾਲੀ ਸਰਧੀ ਮੇਰੇ ਖਿਆਲਾਂ ’ਚੋਂ ਲੰਘ ਗਈ ਜਿਸ ਦਾ ਰੰਗ ਬਹੁਤ ਪੱਕਾ ਸੀ। ਉਹ ਪਿੰਡ ਦੇ ਮੁੰਡੇ ਮਰੀਕ ਲਈ ਆਪਣੇ ਪੇਕਿਆਂ ਤੋਂ ਕੋਈ ਰਿਸ਼ਤਾ ਕਰਨਾ ਚਾਹੁੰਦੀ ਸੀ। ਮਰੀਕ ਨੇ ਉਸ ਨੂੰ ਪੁੱਛਿਆ ਸੀ, ‘‘ਕੁੜੀ ਕਿਹੋ ਜਿਹੀ ਹੈ?’’ ‘‘ਬਥੇਰੀ ਸੋਹਣੀ ਏ ਮੇਰੇ ਵਰਗੀ।’’ ਇਹ ਸੁਣ ਕੇ ਮਰੀਕ ਉਸ ਕੋਲੋਂ ਭੱਜ ਗਿਆ ਸੀ। ਸਭ ਦੀ ਇਹੋ ਧਾਰਨਾ ਸੀ ਕਿ ਅਜਿਹੇ ਰੰਗ ਦੀ ਕੁੜੀ ਸੋਹਣੀ ਹੋ ਹੀ ਨਹੀਂ ਸਕਦੀ। ਭਾਰਤ ਵਿਚ ਜਦੋਂ ਅਫ਼ਗਾਨਿਸਤਾਨ ਵਿਚਦੀ ਲੰਘ ਕੇ ਗੋਰੇ ਰੰਗ ਵਾਲੇ ਆਰੀਅਨ ਲੋਕ ਦਾਖਲ ਹੋਏ ਤਾਂ ਭਾਰਤ ਵਿਚ ਦ੍ਰਾਵਿੜਾਂ ਦਾ ਬੋਲਬਾਲਾ ਸੀ ਜੋ ਰੰਗ ਦੇ ਕਾਲੇ ਸਨ। ਉਨ੍ਹਾਂ ਨੂੰ ਦੱਖਣ ਵੱਲ ਖਦੇੜ ਦਿੱਤਾ ਗਿਆ। ਜੋ ਈਨ ਮੰਨ ਗਏ ਆਰੀਅਨਾਂ ਨੇ ਉਨ੍ਹਾਂ ਨੂੰ ਆਪਣਾ ਗ਼ੁਲਾਮ ਬਣਾ ਲਿਆ। ਪਿਰਤ ਪੈ ਗਈ ਕਿ ਗੋਰੇ, ਰੱਬ ਨੇ ਕਾਲਿਆਂ ਉੱਤੇ ਰਾਜ ਕਰਨ ਲਈ ਭੇਜੇ ਹਨ। ਰੰਗ ਗੋਰਾ ਹੀ ਸੁੰਦਰ ਹੈ ਕਾਲ਼ਾ ਨਹੀਂ। ਇਸੇ ਤਰ੍ਹਾਂ ਅੰਗਰੇਜ਼ਾਂ ਨੇ ਵੀ ਆਸਟਰੇਲੀਆ ਆ ਕੇ ਅਜਿਹਾ ਹੀ ਪ੍ਰਚਾਰ ਕਰ ਕੇ ਮੂਲਵਾਸੀਆਂ ਨਾਲ ਧਰੋਹ ਕਮਾਇਆ ਸੀ।
ਹੁਣ ਮੇਰੇ ਸਾਹਮਣੇ ਸਭ ਅੜਾਖੋੜਾਂ ਤੇ ਵਲਗਣਾਂ ਨੂੰ ਪਾਰ ਕਰ ਕੇ ਲੰਘ ਆਈ ਪੱਕੇ ਰੰਗ ਦੀ ਉਹ ਕੁੜੀ ਖੜ੍ਹੀ ਸੀ।
‘‘ਤੂੰ ਕਰਿਗੀਬਰਨ ਦੀ ਸਭ ਤੋਂ ਸੁੰਦਰ ਕੁੜੀ ਏਂ। ਹਜ਼ਾਰਾਂ ਸਾਲ ਤੱਕ ਜਿਉਂਦੀ ਰਹਿ।’’ ਮੈਂ ਕਿਹਾ ਤਾਂ ਉਹ ‘ਥੈਂਕ ਯੂ ਥੈਂਕ ਯੂ’ ਕਰਨ ਲੱਗ ਪਈ। ‘‘ਜਵਿੇਂ ਮੈਂ ਤੇਰੇ ਹੁਸਨ ਦੀ ਤਾਰੀਫ਼ ਕੀਤੀ ਏ, ਜੇ ਮੇਰੇ ਮੁਲਕ ਵਿਚ ਕੋਈ ਕਿਸੇ ਕੁੜੀ ਦੀ ਕਰ ਦੇਵੇ ਤਾਂ ਉਹ ਸੈਂਡਲ ਖੋਲ੍ਹ ਕੇ ਤਾਰੀਫ਼ ਕਰਨ ਵਾਲੇ ਦਾ ਮੂੰਹ ਭੰਨ ਦਿੰਦੀ ਏ। ਇਹੀ ਨਹੀਂ ਆਲੇ-ਦੁਆਲੇ ਦੇ ਲੋਕ ਵੀ ਉਸ ਨੂੰ ਚੰਗਾ ਕੁਟਾਪਾ ਚਾੜ੍ਹਦੇ ਨੇ।’’
‘‘ਵਾਈ ਸੋ? ਸਟਰੇਂਜ!’’ ਉਹ ਬੋਲੀ।
‘‘ਪਿਆਰ ਦੇ ਪ੍ਰਗਟਾਵੇ ਨੂੰ ਲੋਕ ਠੀਕ ਨਹੀਂ ਸਮਝਦੇ। ਜਿਹੜੇ ਲੋਕ ਕੁਟਾਪਾ ਕਰਨ ਲਈ ਨਾਲ ਲੱਗ ਜਾਂਦੇ ਹਨ, ਉਨ੍ਹਾਂ ਨੂੰ ਕਦੇ ਪਿਆਰ ਨਸੀਬ ਹੀ ਨਹੀਂ ਹੋਇਆ ਹੁੰਦਾ। ਸਾਡੇ ਤਾਂ ਕਦੇ ਕੋਈ ਮਰਦ ਵੀ ਜ਼ਿੰਦਗੀ ਭਰ ਆਪਣੀ ਪਤਨੀ ਨੂੰ ਇਹ ਗੱਲ ਨਹੀਂ ਕਹਿੰਦਾ ਕਿ ਉਹ ਉਸ ਨੂੰ ਪਿਆਰ ਕਰਦਾ ਏ ਜਾਂ ਉਹ ਬਹੁਤ ਸੋਹਣੀ ਏਂ।’’ ‘‘ਕਿਹੜਾ ਕੰਟਰੀ ਏ ਐਸਾ?’’ ਉਹ ਬੋਲੀ। ‘‘ਇੰਡੀਆ। ਤੂੰ ਕਿਹੜੇ ਮੁਲਕ ਤੋਂ ਏ?’’ ‘‘ਮੀ ਐਬਉਰਿਜਨਲ (ਮੂਲਵਾਸੀ)।’’ ‘‘ਫੇਰ ਤਾਂ ਤੂੰ ਇਸ ਮੁਲਕ ਦੀ ਅਸਲੀ ਮਲਿਕਾ ਏਂ ਜੋ ਗੋਰਿਆਂ ਨੇ ਹਥਿਆ ਲਿਆ। ਬਾਕੀ ਸਾਰਾ ਲਾਣਾ ਤਾਂ ਦੂਸਰੇ ਮੁਲਕਾਂ ਤੋਂ ਹੀ ਆਇਆ ਹੋਇਆ ਏ।’’ ਮੈਂ ਕਿਹਾ। ਉਸ ਨੇ ਆਪਣੇ ਲਾਲ ਅੱਖਾਂ ਵਾਲੇ ਕੁੱਤੇ ਵੱਲ ਇਸ਼ਾਰਾ ਕੀਤਾ ਤੇ ਹੱਸਦੀ ਬੋਲੀ, ‘‘ਇਸ ਅੰਗਰੇਜ਼ ਦੇ ਗਲ਼ੇ ਵਿਚ ਮੈਂ ਤਾਂ ਹੀ ਸੰਗਲ਼ੀ ਪਾਈ ਫਿਰਦੀ ਹਾਂ।’’ ‘‘ਵੈਰੀ ਗੁੱਡ...ਵੈਰੀ ਗੁੱਡ... ਮੈਂ ਤੇਰੇ ਨਾਲ ਸੈਲਫੀ ਲੈਣਾ ਚਾਹੁੰਦਾ ਹਾਂ। ਵੁੱਡ ਯੂ ਲਾਈਕ ਇਟ?’’ ‘ਯਾ ਯਾ’ ਕਰਦੀ ਉਹ ਮੇਰੇ ਨਾਲ ਢੁੱਕ ਕੇ ਖੜ੍ਹ ਗਈ। ਮੈਂ ਜੇਬ੍ਹ ਵਿਚ ਹੱਥ ਮਾਰਿਆ। ਮੇਰਾ ਫੋਨ ਤਾਂ ਘਰ ਹੀ ਰਹਿ ਗਿਆ ਸੀ। ਉਸ ਨੇ ਆਪਣੀ ਜੇਬ੍ਹ ’ਚੋਂ ਮੋਬਾਈਲ ਕੱਢਿਆ ਤੇ ਸੈਲਫ਼ੀ ਲੈ ਕੇ ਚਲਦੀ ਬਣੀ। ਮੈਂ ਮੂਰਖ ਦਾ ਮੂਰਖ ਰਿਹਾ। ਉਸ ਨੂੰ ਆਪਣਾ ਨੰਬਰ ਲਿਖਾਉਣਾ ਭੁੱਲ ਗਿਆ, ਘੱਟੋਘੱਟ ਉਹ ਮੈਨੂੰ ਸੈਲਫੀ ਤਾਂ ਭੇਜ ਹੀ ਦਿੰਦੀ।
ਸੰਪਰਕ: 98141-85363

Advertisement

Advertisement
Advertisement
Author Image

joginder kumar

View all posts

Advertisement