Cylinder Blast: ਘਰ ’ਚ ਗੈਸ ਸਿਲੰਡਰ ਫਟਣ ਕਾਰਨ ਭੂਆ-ਭਤੀਜੀ ਦੀ ਮੌਤ
ਰਾਮ ਕੁਮਾਰ ਮਿੱਤਲ/ਜੀਤ ਸਿੰਘ
ਗੂਹਲਾ ਚੀਕਾ, 4 ਨਵੰਬਰ
Cylinder Blast: ਗੂਹਲਾ ਚੀਕਾ ਸ਼ਹਿਰ ਦੇ ਇੱਕ ਘਰ ਵਿੱਚ ਸੋਮਵਾਰ ਤੜਕੇ ਗੈਸ ਸਲੰਡਰ ਫਟਣ ਕਾਰਨ ਦੋ ਲੜਕੀਆਂ ਦੀ ਮੌਤ ਗਈ ਅਤੇ ਘਰ ਦੇ ਤਿੰਨ ਜੀਅ ਹੋਏ ਬੁਰੀ ਤਰ੍ਹਾਂ ਫੱਟੜ ਹੋ ਗਏ ਹਨ। ਘਟਨਾ ਸੋਮਵਾਰ ਤੜਕੇ ਕਰੀਬ 3.30 ਵਜੇ ਵਾਪਰੀ, ਜਿਸ ਨਾਲ ਪੂਰੀ ਇਮਾਰਤ ਤਬਾਹ ਹੋ ਗਈ। ਇਸ ਭਿਆਨਕ ਹਾਦਸੇ ਵਿੱਚ 16 ਸਾਲ ਦੀ ਕੋਮਲ ਅਤੇ ਉਸ ਦੀ ਡੇਢ ਸਾਲਾ ਭਤੀਜੀ ਰੂਹੀ ਦੀ ਜਾਨ ਜਾਂਦੀ ਰਹੀ।
ਕਸਬੇ ਦੇ ਵਾਰਡ ਨੰਬਰ 3 ਵਿੱਚ ਇਸ ਘਰ ਵਿੱਚ ਦੋ ਭਰਾ ਬਲਵਾਨ ਸਿੰਘ ਅਤੇ ਬਲਜੀਤ ਸਿੰਘ ਆਪਣੇ ਪਰਿਵਾਰਾਂ ਸਮੇਤ ਰਹਿ ਰਹੇ ਹਨ। ਧਮਾਕਾ ਘਰ ਦੇ ਇਕ ਹਿੱਸੇ 'ਚ ਹੋਇਆ, ਜਿਸ ਕਾਰਨ ਇਕ ਪਾਸੇ ਦੀ ਕੰਧ ਪੂਰੀ ਤਰ੍ਹਾਂ ਢਹਿ ਗਈ ਅਤੇ ਘਰ ਦੀ ਛੱਤ (ਲੈਂਟਰ) ਹੇਠਾਂ ਲਟਕ ਗਿਆ। ਧਮਾਕੇ ਸਮੇਂ ਬਲਵਾਨ ਦੀ ਪਤਨੀ ਸੁਨੀਤਾ ਆਪਣੀ ਧੀ ਕੋਮਲ, ਨੂੰਹ ਸਪਨਾ ਅਤੇ ਦੋਹਤੀ ਰੂਹੀ ਨਾਲ ਇੱਕ ਕਮਰੇ ਵਿੱਚ ਸੌਂ ਰਹੀਆਂ ਸਨ।
ਇਸ ਹਾਦਸੇ 'ਚ ਕੋਮਲ ਅਤੇ ਰੂਹੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਸੁਨੀਤਾ (46), ਉਸ ਦੀ ਨੂੰਹ ਸਪਨਾ (29) ਅਤੇ ਬਲਵਾਨ (50) ਬੁਰੀ ਤਰ੍ਹਾਂ ਫੱਟੜ ਹੋ ਗਏ। ਪੋਸਟਮਾਰਟਮ ਤੋਂ ਬਾਅਦ ਦੋਵੇਂ ਬੱਚੀਆਂ ਦਾ ਕੀਤਾ ਗਿਆ ਸਸਕਾਰ ਕਰ ਦਿੱਤਾ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਚਾਰ ਕਿਲੋਮੀਟਰ ਤੱਕ ਦਿੱਤੀ ਸੁਣਾਈ ਦਿੱਤੀ। ਇਸ ਕਾਰਨ ਨੇੜਲੇ ਹੋਰ ਦਰਜਨ ਭਰ ਮਕਾਨਾਂ ਦਾ ਵੀ ਨੁਕਸਾਨ ਹੋਇਆ ਹੈ।
ਘਟਨਾ ਦੇ ਤੁਰੰਤ ਬਾਅਦ ਡੀਐੱਸਪੀ ਗੂਹਲਾ ਕੁਲਦੀਪ ਸਿੰਘ ਅਤੇ ਚੀਕਾ ਥਾਣਾ ਇੰਚਾਰਜ ਸੁਰੇਸ਼ ਕੁਮਾਰ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਡੀਐੱਸਪੀ ਕੁਲਦੀਪ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਲਈ ਫੋਰੈਂਸਿਕ ਟੀਮ ਬੁਲਾਈ ਗਈ ਹੈ। ਇਸ ਦਰਦਨਾਕ ਘਟਨਾ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।