For the best experience, open
https://m.punjabitribuneonline.com
on your mobile browser.
Advertisement

ਬਿਰਖਾਂ ਦਾ ਗੀਤ ਸੁਣ ਕੇ...

06:54 AM Jul 06, 2024 IST
ਬਿਰਖਾਂ ਦਾ ਗੀਤ ਸੁਣ ਕੇ
Advertisement

ਡਾ. ਇਕਬਾਲ ਸਿੰਘ ਸਕਰੌਦੀ

Advertisement

ਮਨੁੱਖਾ ਜੀਵਨ ਦੇ ਇਤਿਹਾਸ ਵਿੱਚ ਇੱਕ ਅਜਿਹਾ ਸਮਾਂ ਸੀ, ਜਦੋਂ ਮਨੁੱਖ ਜੰਗਲਾਂ, ਬੇਲਿਆਂ, ਪਹਾੜਾਂ ਦੀਆਂ ਕੁੰਦਰਾਂ ਗੁਫ਼ਾਵਾਂ ਅਤੇ ਰੁੱਖਾਂ ਦੇ ਆਸਰੇ ਆਪਣਾ ਜੀਵਨ ਬਸਰ ਕਰਦਾ ਸੀ। ਉਸ ਸਮੇਂ ਜੰਗਲਾਂ ਬੇਲਿਆਂ ਵਿੱਚ ਪਸ਼ੂਆਂ, ਜਾਨਵਰਾਂ ਸੰਗ ਰਹਿਣ ਕਾਰਨ ਉਸ ਦਾ ਆਪਣਾ ਜੀਵਨ ਵੀ ਪਸ਼ੂਆਂ ਸਮਾਨ ਹੀ ਸੀ। ਉਹ ਆਪਣਾ ਪੇਟ ਫ਼ਲ, ਫੁੱਲ, ਹੋਰ ਜੰਗਲੀ ਜੜੀ ਬੂਟੀਆਂ ਖਾ ਕੇ ਭਰਦਾ ਸੀ। ਭਾਵੇਂ ਕਾਫ਼ੀ ਲੰਮੇ ਸਮੇਂ ਬਾਅਦ ਉਹ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਪਹਿਲਾਂ ਕੱਚਾ ਮਾਸ ਅਤੇ ਫਿਰ ਹੌਲੀ ਹੌਲੀ ਮਾਸ ਭੁੰਨ ਕੇ ਖਾਂਦਾ ਰਿਹਾ ਹੈ ਪ੍ਰੰਤੂ ਫਿਰ ਵੀ ਉਸ ਦੀ ਬਹੁਤੀ ਗੁਜ਼ਰ ਬਸਰ ਫ਼ਲਾਂ ਅਤੇ ਫੁੱਲਾਂ ’ਤੇ ਹੀ ਨਿਰਭਰ ਸੀ।
ਰੁੱਖ, ਮਨੁੱਖ ਦੀਆਂ ਖਾਣ ਪੀਣ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਇਲਾਵਾ ਉਸ ਨੂੰ ਅਤਿ ਦੀ ਸਰਦੀ, ਗਰਮੀ, ਮੀਂਹ, ਔੜਾਂ ਤੋਂ ਵੀ ਬਚਾਉਂਦੇ ਰਹੇ ਹਨ। ਇਸ ਪ੍ਰਕਾਰ ਰੁੱਖਾਂ ਦੀ ਮਨੁੱਖਾਂ ਨਾਲ ਸਾਂਝ ਬਹੁਤ ਪੁਰਾਣੇ ਸਮੇਂ ਤੋਂ ਚੱਲੀ ਆਉਂਦੀ ਹੈ। ਸ਼ਾਇਦ ਇਸੇ ਕਰਕੇ ਪੰਜਾਬ ਦੇ ਲੋਕ ਸਾਹਿਤ ਵਿੱਚ ਰੁੱਖ ਅਤੇ ਮਨੁੱਖ ਦੀ ਸਾਂਝ ਨੂੰ ਬਹੁਤ ਹੀ ਮੋਹ ਮੁਹੱਬਤ, ਪਿਆਰ ਅਤੇ ਖ਼ੂਬਸੂਰਤੀ ਸਹਿਤ ਚਿੱਤਰਿਆ ਗਿਆ ਹੈ;
* ਰੁੱਖ ਬੋਲ ਨਾ ਸਕਦੇ ਭਾਵੇਂ
ਬੰਦਿਆਂ ਦਾ ਦੁੱਖ ਜਾਣਦੇ।
* ਬਿਰਖਾਂ ਦਾ ਗੀਤ ਸੁਣ ਕੇ
ਮੇਰੀ ਰੂਹ ਵਿੱਚ ਚਾਨਣ ਹੋਇਆ।
ਪੰਜਾਬੀ ਭਾਸ਼ਾ ਦੇ ਪਹਿਲੇ ਮਹਾਨ ਕਵੀ ਬਾਬਾ ਸ਼ੇਖ਼ ਫ਼ਰੀਦ ਜੀ ਨੇ ਦਰਵੇਸ਼ਾਂ ਨੂੰ ਰੁੱਖਾਂ ਵਰਗੇ ਜੇਰੇ ਦੇ ਧਾਰਨੀ ਹੋਣ ਦਾ ਸੰਦੇਸ਼ ਦਿੱਤਾ ਹੈ;
ਫਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ।।
ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ।।
ਪੰਜਾਬੀ ਦੇ ਮਹਾਨ ਸ਼ਾਇਰ ਡਾ. ਸੁਰਜੀਤ ਪਾਤਰ ਦੀਆਂ ਬਹੁਤੀਆਂ ਗ਼ਜ਼ਲਾਂ ਅਤੇ ਕਵਿਤਾਵਾਂ ਵਿੱਚ ਰੁੱਖਾਂ, ਫ਼ੁੱਲਾਂ, ਬੂਟਿਆਂ, ਪੱਤਿਆਂ, ਟਾਹਣੀਆਂ, ਕੋਂਪਲਾਂ, ਤਣਿਆਂ, ਜੰਗਲਾਂ ਦੀ ਗੱਲ ਕੀਤੀ ਗਈ ਹੈ;
ਮੈਂ ਕਿਹਾ ਰੁੱਖ ਨੂੰ ਕੋਈ ਨਜ਼ਮ ਸੁਣਾ
ਡਾਲੀ ਡਾਲੀ ’ਚੋਂ ਪੁੰਗਰੇ ਹਰਫ਼ ਹਰੇ।
ਪਾਤਰ ਦੀ ਇਹ ਗ਼ਜ਼ਲ ਰੁੱਖਾਂ ਨਾਲ ਬੜੀ ਡੂੰਘੀ ਅਤੇ ਸ਼ਿੱਦਤ ਭਰੀ ਸਾਂਝ ਨੂੰ ਬਿਆਨ ਕਰਦੀ ਹੈ;
ਕੋਈ ਡਾਲੀਆਂ ’ਚੋਂ ਲੰਘਿਆ ਹਵਾ ਬਣ ਕੇ
ਅਸੀਂ ਰਹਿ ਗਏ ਬਿਰਖ਼ ਵਾਲੀ ਹਾਅ ਬਣ ਕੇ।

Advertisement

ਪੈੜਾਂ ਤੇਰੀਆਂ ’ਤੇ ਦੂਰ ਦੂਰ ਤੀਕ ਮੇਰੇ ਪੱਤੇ
ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣ ਕੇ।

ਪਿਆ ਅੰਬੀਆਂ ਨੂੰ ਬੂਰ ਸੀ ਕਿ ਕੋਇਲ ਕੂਕ ਪਈ
ਕਿਸੇ ਜਿੰਦ ਬੀਆਬਾਨ ਦੀ ਗਵਾਹ ਬਣ ਕੇ।

ਕਦੇ ਬੰਦਿਆਂ ਦੇ ਵਾਂਗ ਗੱਲ ਕਰਿਆ ਵੀ ਕਰ
ਐਵੇਂ ਲੰਘ ਜਾਨੈਂ ‌ਪਾਣੀ ਕਦੇ ਵਾ ਬਣ ਕੇ।

ਜਦੋਂ ਮਿਲਿਆ ਸੀ ਹਾਣ ਦਾ ਸੀ ਸਾਂਵਰਾ ਜਿਹਾ
ਜਦੋਂ ਜੁਦਾ ਹੋਇਆ ਤੁਰ ਗਿਆ ਖ਼ੁਦਾ ਬਣ ਕੇ।
ਰੁੱਖ ਮੁੱਢ ਤੋਂ ਹੀ ਸਾਡੇ ਪੇਂਡੂ ਜਨ ਜੀਵਨ ਦਾ ਧੁਰਾ ਬਣੇ ਰਹੇ ਹਨ। ਚਾਰ-ਪੰਜ ਦਹਾਕੇ ਪਹਿਲਾਂ ਜਦੋਂ ਵੀ ਕਿਤੇ ਪਿੰਡ ਵਿੱਚ ਕੋਈ ਨਵਾਂ ਰਿਸ਼ਤੇਦਾਰ ਆਉਂਦਾ ਤਾਂ ਉਹ ਘਰ ਦਾ ਪਤਾ ਨਿੰਮ ਬੋਹੜ ਅਤੇ ਪਿੱਪਲ ਦੀ ਤ੍ਰਿਵੇਣੀ ਥੱਲੇ ਬੈਠੇ ਵੱਡੇ ਬਜ਼ੁਰਗਾਂ ਤੋਂ ਹੀ ਪੁੱਛਦਾ ਹੁੰਦਾ ਸੀ। ਬਜ਼ੁਰਗ ਵੀ ਉਸ ਨੂੰ ਸਬੰਧਿਤ ਘਰ ਵਿੱਚ ਲੱਗੇ ਰੁੱਖ ਦੀ ਨਿਸ਼ਾਨੀ ਦੱਸ ਕੇ ਘਰ ਦਾ ਪਤਾ ਸਮਝਾ ਦਿੰਦੇ ਸਨ। ਜਦੋਂ ਵੀ ਪਿੰਡ ਵਿੱਚ ਕੋਈ ਫੇਰੀ ਵਾਲਾ ਆਉਂਦਾ ਸੀ ਤਾਂ ਉਹ ਵੀ ਬੋਹੜ ਪਿੱਪਲ ਦੀ ਗੂੜ੍ਹੀ ਛਾਂ ਹੇਠ ਬੈਠ ਕੇ ਆਰਾਮ ਕਰਦਾ ਸੀ, ਕਿਉਂ ਜੋ ਉਨ੍ਹਾਂ ਰੁੱਖਾਂ ਦੀ ਠੰਢੀ ਛਾਂ ਕਿਸੇ ਵੀ ਕੂਲਰ ਤੇ ਏਸੀ ਦੀ ਹਵਾ ਨੂੰ ਮਾਤ ਪਾਉਂਦੀ ਸੀ।
ਘਰਾਂ ਵਿੱਚ ਲੱਗੇ ਨਿੰਮ ਦੇ ਰੁੱਖ ਕਿਸੇ ਦਵਾਈ ਤੋਂ ਘੱਟ ਨਹੀਂ ਸਨ। ਸਿਆਣੇ ਕਹਿੰਦੇ ਸਨ, ‘ਜਿਸ ਘਰ ਨਿੰਮ ਦਾ ਰੁੱਖ ਹੋਵੇ, ਉਹ ਘਰ ਰੋਗਾਂ ਤੋਂ ਰਹਿਤ ਹੁੰਦਾ ਹੈ।’ ਪਿੰਡ ਵਿੱਚ ਜੇਕਰ ਕਿਸੇ ਨੂੰ ਕੋਈ ਚਮੜੀ ਦਾ ਕੋਈ ਰੋਗ ਹੋ ਜਾਂਦਾ ਤਾਂ ਉਦੋਂ ਸਭ ਤੋਂ ਪਹਿਲਾਂ ਇਹ ਦੇਖਿਆ ਜਾਂਦਾ ਕਿ ਨਿੰਮ ਦਾ ਰੁੱਖ ਕਿਸ ਦੇ ਵਿਹੜੇ ਲੱਗਾ ਹੈ। ਉਸ ਘਰ ਵਿੱਚੋਂ ਲੋਕ ਸਵੇਰ ਵੇਲੇ ਨਿੰਮ ਦੀ ਦਾਤਣ ਵੀ ਤੋੜ ਲਿਆਉਂਦੇ ਸਨ। ਧਰੇਕ ਦੀ ਗੂੜ੍ਹੀ ਸੰਘਣੀ ਛਾਂ ਹੋਣ ਕਾਰਨ ਇਹ ਬਹੁਤੇ ਪੇਂਡੂ ਘਰਾਂ ਦਾ ਸ਼ਿੰਗਾਰ ਬਣਦੀ ਰਹੀ ਹੈ। ਦੁਪਹਿਰ ਵੇਲੇ ਲੋਕ ਅਕਸਰ ਇਨ੍ਹਾਂ ਦੀ ਛਾਂ ਹੇਠ ਬੈਠ ਕੇ ਇੱਕ ਤਾਂ ਤਿੱਖੀ ਧੁੱਪ ਤੋਂ ਬਚਾਅ ਕਰਦੇ ਸਨ, ਦੂਜਾ ਉਹ ਆਪਣੇ ਦੁੱਖ-ਸੁੱਖ ਵੀ ਸਾਂਝੇ ਕਰ ਲੈਂਦੇ ਸਨ। ਜਿਨ੍ਹਾਂ ਘਰਾਂ ਵਿੱਚ ਬੱਕਰੀਆਂ ਰੱਖੀਆਂ ਹੁੰਦੀਆਂ ਸਨ, ਉਨ੍ਹਾਂ ਘਰਾਂ ਵਿੱਚ ਧਰੇਕ ਦਾ ਰੁੱਖ ਵੀ ਜ਼ਰੂਰ ਹੁੰਦਾ ਸੀ। ਇਸੇ ਕਰਕੇ ਧੀਆਂ ਅਤੇ ਧਰੇਕਾਂ ਨੂੰ ਘਰ ਦੇ ਵਿਹੜੇ ਦਾ ਸ਼ਿੰਗਾਰ ਕਿਹਾ ਗਿਆ ਹੈ;
ਧੀਆਂ ਅਤੇ ਧਰੇਕਾਂ ਹੁੰਦੀਆਂ ਰੌਣਕ ਵਿਹੜੇ ਦੀ।
ਜੇਕਰ ਕਿਸੇ ਘਰ ਵਿੱਚ ਰੋਟੀ ਖਾਣ ਲਈ ਕੋਈ ਦਾਲ ਸਬਜ਼ੀ ਨਾ ਬਣਾਈ ਗਈ ਹੁੰਦੀ, ਉਹ ਕਿਸੇ ਦੂਜੇ ਘਰੋਂ ਅੰਬੀਆਂ, ਕਿਸੇ ਹੋਰ ਘਰੋਂ ਪੁਦੀਨਾ ਤੋੜ ਕੇ ਚਟਣੀ ਕੁੱਟ ਲੈਂਦੇ ਸਨ। ਇਸ ਪ੍ਰਕਾਰ ਸਾਡੇ ਪੇਂਡੂ ਜਨ ਜੀਵਨ ਵਿੱਚ ਰੁੱਖਾਂ ਨਾਲ ਭਾਈਚਾਰਕ ਸਾਂਝ ਬੜੀ ਪੀਡੀ ਹੁੰਦੀ ਰਹਿੰਦੀ ਸੀ। ਪਰ ਅੱਜ ਦੇ ਸਮੇਂ ਇਹ ਰੁੱਖ ਕੇਵਲ ਸਾਡੇ ਘਰਾਂ ਵਿੱਚੋਂ ਹੀ ਲੋਪ ਨਹੀਂ ਹੋਏ, ਸਗੋਂ ਪਿੰਡਾਂ ਦੀਆਂ ਸਾਂਝੀਆਂ ਥਾਂਵਾਂ ਤੋਂ, ਸ਼ਾਮਲਾਟਾਂ ਵਿੱਚੋਂ, ਖੇਤਾਂ ਵਿੱਚ ਪਾਣੀ ਦੀਆਂ ਮੋਟਰਾਂ ਤੋਂ, ਖਾਲ਼ਾਂ, ਵੱਟਾਂ ਉੱਤੋਂ, ਸਕੂਲਾਂ ਕਾਲਜਾਂ ਵਿੱਚੋਂ, ਸੜਕਾਂ ਕੰਢਿਓਂ, ਕੱਸੀਆਂ, ਸੂਇਆਂ, ਨਹਿਰਾਂ ਦੇ ਕੰਢਿਆਂ ਉੱਤੋਂ ਵੀ ਲੋਪ ਹੁੰਦੇ ਜਾ ਰਹੇ ਹਨ। ਇੱਥੇ ਡਾ. ਸੁਰਜੀਤ ਪਾਤਰ ਦੀ ਇੱਕ ਨਜ਼ਮ ਦੀਆਂ ਹੇਠ ਲਿਖੀਆਂ ਸਤਰਾਂ ਬੜੀਆਂ ਸਾਰਥਕ ਜਾਪਦੀਆਂ ਹਨ;
ਪੰਛੀ ਤਾਂ ਉੱਡ ਗਏ ਨੇ, ਰੁੱਖ ਵੀ ਸਲਾਹਾਂ ਕਰਦੇ
ਚਲੋ ਏਥੋਂ ਚੱਲੀਏ।
ਸੱਚ ਤਾਂ ਇਹ ਹੈ ਕਿ ਅੱਜ ਦਾ ਮਨੁੱਖ ਹੀ ਪ੍ਰਕਿਰਤੀ ਦਾ ਸਭ ਤੋਂ ਖ਼ਤਰਨਾਕ ਦੁਸ਼ਮਣ ਬਣ ਬੈਠਾ ਹੈ। ਸਮੁੱਚੇ ਸਮਾਜ ਵਿੱਚ ਪ੍ਰਦੂਸ਼ਣ ਫੈਲਾਉਣ ਲਈ ਉਹੀ ਸਭ ਤੋਂ ਵੱਧ ਜ਼ਿੰਮੇਵਾਰ ਹੈ। ਮਨੁੱਖ ਨੇ ਆਪਣੀ ਲਾਲਚੀ ਸਵਾਰਥੀ ਪ੍ਰਵਿਰਤੀ ਕਾਰਨ ਅੰਨ੍ਹੇਵਾਹ ਰੁੱਖਾਂ ਦੀ ਕਟਾਈ ਕੀਤੀ ਹੈ, ਹੁਣ ਵੀ ਕੀਤੀ ਜਾ ਰਹੀ ਹੈ। ਸੜਕਾਂ ਚੌੜੀਆਂ ਕਰਨ ਦੇ ਨਾਂ ’ਤੇ ਲੱਖਾਂ ਕਰੋੜਾਂ ਰੁੱਖਾਂ ਉੱਤੇ ਆਰਾ ਫੇਰਿਆ ਜਾ ਰਿਹਾ ਹੈ। ਇਸੇ ਪ੍ਰਕਾਰ ਆਪਣੇ ਸਵਾਰਥਾਂ ਦੀ ਸਿੱਧੀ ਹਿੱਤ ਮਨੁੱਖ ਨੇ ਬੜੀ ਬੇਰਹਿਮੀ ਨਾਲ ਧਰਤੀ ਅੰਦਰਲੇ ਪਾਣੀ ਨੂੰ ਬਾਹਰ ਖਿੱਚ ਲਿਆ ਹੈ ਅਤੇ ਬੜੀ ਬੇਦਰਦੀ ਨਾਲ ਉਸ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਇਸੇ ਕਰਕੇ ਹੁਣ ਪਾਣੀ ਦਾ ਪੱਧਰ ਇੰਨਾ ਹੇਠਾਂ ਚਲਾ ਗਿਆ ਹੈ ਕਿ ਸਥਿਤੀ ਭਿਆਨਕਤਾ ਤੋਂ ਅੱਗੇ ਲੰਘ ਕੇ ਖ਼ਤਰਨਾਕ ਰੂਪ ਅਖ਼ਤਿਆਰ ਕਰਦੀ ਜਾ ਰਹੀ ਹੈ।
ਮਨੁੱਖ ਨੇ ਆਪਣੀ ਸਵਾਰਥੀ ਰੁਚੀ ਕਾਰਨ ਫ਼ਸਲਾਂ ਦਾ ਵਧੇਰੇ ਝਾੜ ਲੈਣ ਲਈ ਵੱਖ-ਵੱਖ ਪ੍ਰਕਾਰ ਦੀਆਂ ਬੇਤਹਾਸ਼ਾ ਜ਼ਹਿਰਾਂ ਛਿੜਕ ਕੇ ਧਰਤੀ ਨੂੰ ਪੂਰੀ ਤਰ੍ਹਾਂ ਪਲੀਤ ਕਰ ਦਿੱਤਾ ਹੈ। ਆਪਣੀ ਇਸੇ ਲਾਲਚੀ ਪ੍ਰਵਿਰਤੀ ਕਾਰਨ ਉਹ ਹਾੜ੍ਹੀ ਸਾਉਣੀ ਦੀ ਫ਼ਸਲ ਵੱਢਣ ਉਪਰੰਤ ਨਾੜ ਨੂੰ ਅੱਗ ਲਾ ਕੇ ਸਾੜਨ ਲੱਗ ਪਿਆ ਹੈ। ਇਸ ਪ੍ਰਕਾਰ ਅੱਗ ਲਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਤਾਂ ਘਟਦੀ ਹੀ ਹੈ, ਇਸ ਦੇ ਨਾਲ ਹੀ ਮਨੁੱਖ ਦੇ ਬਹੁਤ ਸਾਰੇ ਮਿੱਤਰ ਜੀਵ, ਕੀੜੇ ਮਕੌੜੇ ਵੀ ਅੱਗ ਵਿੱਚ ਸੜ ਮਰਦੇ ਹਨ। ਅੱਗ ਲਗਾਏ ਖੇਤਾਂ ਦੇ ਨੇੜੇ ਖੜ੍ਹੇ ਰੁੱਖ ਵੀ ਅੱਗ ਦੇ ਸੇਕ ਨਾਲ ਝੁਲਸ ਜਾਂਦੇ ਹਨ ਅਤੇ ਬਹੁਤ ਜਲਦੀ ਸੜ ਸੁੱਕ ਜਾਂਦੇ ਹਨ। ਹਜ਼ਾਰਾਂ ਲੱਖਾਂ ਪੰਛੀ ਆਲ੍ਹਣਿਆਂ ਸਮੇਤ ਇਸ ਬਲਦੀ ਅੱਗ ਵਿੱਚ ਸੜ ਕੇ ਸੁਆਹ ਹੋ ਜਾਂਦੇ ਹਨ।
ਹੁਣ ਸਵਾਲ ਤਾਂ ਇਹ ਹੈ ਕਿ ਅੱਜ ਦਾ ਮਨੁੱਖ ਇੰਨਾ ਜ਼ਾਲਮ, ਬੇਕਿਰਕ, ਨਿਰਦਈ, ਸੰਵੇਦਨਹੀਣ ਕਿਉਂ ਹੋ ਗਿਆ ਹੈ? ਉਹ ਆਪ ਹੀ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਰਬਾਦੀ ਦੇ ਮੂੰਹ ਕਿਉਂ ਧੱਕ ਰਿਹਾ ਹੈ? ਜੇਕਰ ਰੁੱਖ ਹੀ ਨਹੀਂ ਰਹਿਣਗੇ ਤਾਂ ਇਸ ਧਰਤੀ ਉੱਤੇ ਕੇਵਲ ਮਨੁੱਖੀ ਜਨ ਜੀਵਨ ਨੂੰ ਹੀ ਨਹੀਂ, ਸਗੋਂ ਹਰੇਕ ਪ੍ਰਾਣੀ ਦੇ ਜਿਊਂਦੇ ਰਹਿਣ ਦੀ ਸੰਭਾਵਨਾ ਹੀ ਖ਼ਤਮ ਹੋ ਜਾਣੀ ਹੈ।
ਇਸ ਲਈ ਆਓ ਆਪਾਂ ਸਾਰੇ ਰਲ ਬੈਠ ਇਸ ਧਰਤੀ ਨੂੰ ਸੋਹਣੀ ਅਤੇ ਹਰਿਆਵਲ ਭਰਪੂਰ ਬਣਾਉਣ ਲਈ ਪ੍ਰਣ ਕਰੀਏ। ਆਪਣੀ ਲਾਲਚੀ ਪ੍ਰਵਿਰਤੀ ਦਾ ਤਿਆਗ ਕਰੀਏ। ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਲਈ ਫ਼ਿਕਰਮੰਦ ਹੋਈਏ। ਘਰ-ਘਰ, ਗਲ਼ੀ-ਗਲ਼ੀ, ਪਿੰਡ-ਪਿੰਡ, ਖੇਤ-ਖੇਤ ਨਵੇਂ ਪੌਦੇ ਲਾ ਕੇ ਭਰ ਦੇਈਏ। ਉਨ੍ਹਾਂ ਨੂੰ ਉਸੇ ਤਰ੍ਹਾਂ ਪਾਲੀਏ, ਜਿਵੇਂ ਅਸੀਂ ਆਪਣੇ ਘਰਾਂ ਅੰਦਰ ਛੋਟੇ ਬੱਚਿਆਂ ਨੂੰ ਪਾਲਦੇ ਹਾਂ। ਆਵਾਰਾ ਪਸ਼ੂਆਂ ਤੋਂ ਉਨ੍ਹਾਂ ਨੂੰ ਬਚਾਈਏ ਅਤੇ ਇਸ ਧਰਤੀ ਨੂੰ ਰਹਿਣ ਜੋਗੀ ਕਰ ਲਈਏ।
ਸੰਪਰਕ: 84276-85020

Advertisement
Author Image

joginder kumar

View all posts

Advertisement