ਬਿਰਖਾਂ ਦਾ ਗੀਤ ਸੁਣ ਕੇ...
ਡਾ. ਇਕਬਾਲ ਸਿੰਘ ਸਕਰੌਦੀ
ਰੁੱਖ ਅਤੇ ਮਨੁੱਖ ਦੀ ਸਾਂਝ ਉਦੋਂ ਤੋਂ ਚੱਲੀ ਆ ਰਹੀ ਹੈ, ਜਦੋਂ ਅਜੇ ਸੱਭਿਅਤਾ ਵੀ ਵਿਕਸਤ ਨਹੀਂ ਹੋਈ ਸੀ। ਮੁੱਢਲੇ ਮਨੁੱਖਾਂ ਦੀਆਂ ਬਹੁਤ ਸਾਰੀਆਂ ਲੋੜਾਂ ਰੁੱਖਾਂ ਤੋਂ ਹੀ ਪੂਰੀਆਂ ਹੁੰਦੀਆਂ ਰਹੀਆਂ ਹਨ। ਪੰਜਾਬੀ ਲੋਕ ਸਾਹਿਤ ਵਿੱਚ ਰੁੱਖਾਂ ਦਾ ਜ਼ਿਕਰ ਬੜੇ ਪਿਆਰ ਅਤੇ ਖ਼ੂਬਸੂਰਤ ਢੰਗ ਨਾਲ ਕੀਤਾ ਹੋਇਆ ਮਿਲਦਾ ਹੈ:
ਰੁੱਖ ਬੋਲ ਨਾ ਸਕਦੇ ਭਾਵੇਂ,
ਬੰਦਿਆਂ ਦਾ ਦੁੱਖ ਜਾਣਦੇ।
***
ਬਿਰਖਾਂ ਦਾ ਗੀਤ ਸੁਣ ਕੇ
ਮੇਰੀ ਰੂਹ ਵਿੱਚ ਚਾਨਣ ਹੋਇਆ।
ਬਾਬਾ ਸ਼ੇਖ਼ ਫ਼ਰੀਦ ਨੇ ਦਰਵੇਸ਼ਾਂ ਨੂੰ ਬਿਰਖਾਂ ਵਰਗੇ ਜੇਰੇ ਦੇ ਧਾਰਨੀ ਹੋਣ ਦਾ ਸੰਦੇਸ਼ ਦਿੱਤਾ ਹੈ:
ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹਿ ਭਰਾਂਦਿ।।
ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ।।
ਦਰਵੇਸ਼ਾਂ, ਸੰਤਾਂ, ਸੂਫ਼ੀਆਂ ਨੂੰ ਆਪਣਾ ਜੇਰਾ ਰੁੱਖਾਂ ਵਰਗਾ ਰੱਖਣ ਦੀ ਲੋੜ ਹੈ। ਜਿਸ ਪ੍ਰਕਾਰ ਰੁੱਖ ਆਪ ਤਾਂ ਸੂਰਜ ਦੀ ਤਪਸ਼ ਨੂੰ ਸਹਿੰਦੇ ਹਨ, ਪ੍ਰੰਤੂ ਮਨੁੱਖ ਨੂੰ ਠੰਢੀ ਛਾਂ, ਫ਼ਲ, ਲੱਕੜੀ, ਪੰਛੀਆਂ ਲਈ ਟਿਕਾਣਾ ਅਤੇ ਹੜ੍ਹਾਂ ਦੇ ਤੇਜ਼ ਵੇਗ ਨੂੰ ਠੱਲ੍ਹਣ ਲਈ ਅਡੋਲ ਅਤੇ ਸ਼ਾਂਤ ਚਿੱਤ ਖੜ੍ਹੇ ਰਹਿੰਦੇ ਹਨ। ਸੁਰਜੀਤ ਪਾਤਰ ਦਾ ਇੱਕ ਸ਼ਿਅਰ ਹੈ:
ਮੈਂ ਕਿਹਾ ਰੁੱਖ ਨੂੰ ਕੋਈ ਨਜ਼ਮ ਸੁਣਾ
ਡਾਲ਼ੀ ਡਾਲ਼ੀ ’ਚੋਂ ਪੁੰਗਰੇ ਹਰਫ਼ ਹਰੇ।
ਇਸ ਪ੍ਰਕਾਰ ਰੁੱਖਾਂ ਅਤੇ ਮਨੁੱਖਾਂ ਦੀ ਸਾਂਝ ਆਦਿ ਕਾਲ ਤੋਂ ਅਜੋਕੇ ਸਮੇਂ ਤੱਕ ਚੱਲਦੀ ਰਹੀ ਹੈ ਤੇ ਚੱਲਦੀ ਰਹੇਗੀ, ਪ੍ਰੰਤੂ ਇਹ ਸਾਂਝ ਤਦ ਹੀ ਚੱਲਦੀ ਰਹੇਗੀ, ਜੇਕਰ ਰੁੱਖ ਹੋਣਗੇ। ਇਹ ਇੱਕ ਤੱਥ ਹੈ ਕਿ ਜੇਕਰ ਰੁੱਖ ਨਾ ਰਹੇ ਤਾਂ ਮਨੁੱਖ ਵੀ ਨਹੀਂ ਰਹੇਗਾ।
ਅਸੀਂ ਜਾਣਦੇ ਹਾਂ ਕਿ ਜਿਉਂ ਹੀ ਜੇਠ ਮਹੀਨੇ ਦਾ ਆਰੰਭ ਹੁੰਦਾ ਹੈ ਤਾਂ ਸਾਰੇ ਪਾਸੇ ‘ਹਾਇ ਗਰਮੀ’, ‘ਹਾਇ ਗਰਮੀ’ ਹੋ ਜਾਂਦੀ ਹੈ। ਜਦੋਂ ਸੋਸ਼ਲ ਮੀਡੀਆ, ਟੈਲੀਵਿਜ਼ਨ, ਅਖ਼ਬਾਰਾਂ ਆਦਿ ਰਾਹੀਂ ਵਧ ਰਹੇ ਤਾਪਮਾਨ ਬਾਰੇ ਸੂਚਨਾ ਦਿੱਤੀ ਜਾਂਦੀ ਹੈ, ਤਦ ਲੋਕਾਂ ਵਿੱਚ ਚੁੰਝ ਚਰਚਾ ਆਰੰਭ ਹੋ ਜਾਂਦੀ ਹੈ। ਤਦ ਹਰ ਕੋਈ ਇਸ ਵਧਦੀ ਗਰਮੀ ਦਾ ਦੋਸ਼ ਦੂਜਿਆਂ ਸਿਰ ਮੜ੍ਹ ਕੇ ਆਪਣੇ ਆਪ ਨੂੰ ਸੁਰਖ਼ਰੂ ਹੋਇਆ ਮਹਿਸੂਸ ਕਰਦਾ ਹੈ।
ਕਿਧਰੇ ਕੋਈ ਪੰਛੀ, ਜਨੌਰ ਤੜਫ਼ ਕੇ ਧਰਤੀ ਉੱਤੇ ਆ ਡਿੱਗਦਾ ਹੈ। ਕਿਧਰੇ ਮੱਝਾਂ, ਗਾਵਾਂ, ਕੁੱਤੇ ਅਤੇ ਹੋਰ ਜਾਨਵਰ ਹੌਂਕਦੇ ਨਜ਼ਰ ਪੈਂਦੇ ਹਨ। ਸਰਦੇ ਪੁੱਜਦੇ ਘਰ ਆਪਣੀ ਆਰਥਿਕ ਹੈਸੀਅਤ ਅਨੁਸਾਰ ਘਰਾਂ ਵਿੱਚ ਪੱਖਿਆਂ, ਕੂਲਰਾਂ, ਏਸੀ ਆਦਿ ਦਾ ਪ੍ਰਬੰਧ ਕਰਦੇ ਫਿਰਦੇ ਹਨ, ਪ੍ਰੰਤੂ ਜੇਕਰ ਰੁੱਖ ਹੀ ਖ਼ਤਮ ਹੋ ਗਏ, ਤਦ ਬਿਜਲੀ ਦੇ ਇਹ ਉਪਕਰਨ ਕਾਰਗਰ ਸਿੱਧ ਹੋਣਗੇ?
ਸੱਚ ਤਾਂ ਇਹ ਹੈ ਕਿ ਅਸੀਂ ਸਾਰੇ ਗਰਮੀਂ ਤੋਂ ਤੰਗ ਹੋਏ ਪਏ ਹਾਂ। ਜੇਕਰ ਕੁਝ ਸਮੇਂ ਲਈ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਜਾਂਦੀ ਹੈ ਤਾਂ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕੋਸਿਆ ਜਾਂਦਾ ਹੈ। ਗਾਲ੍ਹਾਂ ਕੱਢੀਆਂ ਜਾਂਦੀਆਂ ਹਨ। ਅਜਿਹੀ ਸਥਿਤੀ ਦਾ ਲਾਹਾ ਲੈਣ ਲਈ ਵਿਰੋਧੀ ਪਾਰਟੀਆਂ ਸੱਤਾਧਾਰੀ ਪਾਰਟੀ ਦੇ ਪ੍ਰਬੰਧ ਵਿੱਚ ਨੁਕਸ ਕੱਢ ਕੇ ਖ਼ੁਦ ਸਿੰਘਾਸਨ ਸੁੱਖ ਪ੍ਰਾਪਤ ਕਰਨ ਦੇ ਜੁਗਾੜ ਬਣਾਉਂਦੀਆਂ ਰਹਿੰਦੀਆਂ ਹਨ।
ਇਹ ਮਨੁੱਖੀ ਫਿਤਰਤ ਹੈ ਕਿ ਉਹ ਦੂਜੇ ਵਿੱਚ ਤਾਂ ਝੱਟ ਨੁਕਸ ਕੱਢ ਦਿੰਦਾ ਹੈ, ਪ੍ਰੰਤੂ ਉਹ ਆਪਣੇ ਆਪ ਵੱਲ ਕਦੀ ਵੀ ਝਾਤੀ ਨਹੀਂ ਮਾਰਦਾ ਕਿ ਖ਼ੁਦ ਉਸ ਨੇ ਕੀ ਕੀਤਾ ਹੈ? ਇਹ ਤਾਂ ਇੱਕ ਤੱਥ ਹੈ ਕਿ ਰੁੱਖਾਂ ਦੀ ਅੰਧਾਧੁੰਦ ਕੀਤੀ ਗਈ ਕਟਾਈ ਕਾਰਨ ਹੀ ਵਾਤਾਵਰਨ ਦਾ ਸੰਤੁਲਨ ਵਿਗੜ ਗਿਆ ਹੈ। ਅਸੀਂ ਕੇਵਲ ਸਰਕਾਰਾਂ ਤੋਂ, ਸਮਾਜ ਸੇਵੀ ਸੰਗਠਨਾਂ ਤੋਂ, ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਤੋਂ ਹੀ ਆਸ ਲਾਈ ਹੋਈ ਹੈ ਕਿ ਕੇਵਲ ਇਨ੍ਹਾਂ ਵਰਗਾਂ ਦੀ ਹੀ ਡਿਊਟੀ ਨਵੇਂ ਪੌਦੇ ਲਾ ਕੇ, ਉਨ੍ਹਾਂ ਨੂੰ ਪਾਲ਼ ਪੋਸ ਕੇ, ਉਨ੍ਹਾਂ ਨੂੰ ਵੱਡੇ ਰੁੱਖਾਂ ਤੱਕ ਲੈ ਕੇ ਜਾਣ ਦੀ ਬਣਦੀ ਹੈ।
ਇਹ ਰੁਝਾਨ ਮਾੜਾ ਹੈ। ਜੇਕਰ ਵਾਤਾਵਰਨ ਨੂੰ ਮੁੜ ਸੰਤੁਲਨ ਵਿੱਚ ਲੈ ਕੇ ਆਉਣਾ ਹੈ, ਵਧਦੀ ਅਤਿ ਦੀ ਗਰਮੀ ਅਤੇ ਅਤਿ ਦੀ ਸਰਦੀ ਨੂੰ ਠੱਲ੍ਹ ਪਾਉਣੀ ਹੈ ਤਾਂ ਸਾਨੂੰ ਹਰੇਕ ਵਿਅਕਤੀ ਨੂੰ, ਘਰ ਦੇ ਹਰੇਕ ਜੀਅ ਨੂੰ ਸੁਹਿਰਦਤਾ ਸਹਿਤ ਸੁਯੋਗ ਉਪਰਾਲੇ ਕਰਕੇ ਨਵੇਂ ਪੌਦੇ ਲਾ ਕੇ ਉਨ੍ਹਾਂ ਨੂੰ ਪ੍ਰਵਾਨ ਚੜ੍ਹਾਉਣਾ ਜ਼ਰੂਰੀ ਹੈ। ਹੁਣ ਖੇਤੀਬਾੜੀ ਨਾਲ ਜੁੜੇ ਲੋਕਾਂ ਵਿੱਚ ਇੱਕ ਬਹੁਤ ਮਾੜਾ ਰੁਝਾਨ ਇਹ ਆਇਆ ਹੈ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਸੜਕਾਂ, ਨਹਿਰਾਂ, ਸੂਇਆਂ, ਕੱਸੀਆਂ ਦੇ ਨਾਲ-ਨਾਲ ਛੱਡੀ ਗਈ ਸਰਕਾਰੀ ਜ਼ਮੀਨ ਨੂੰ ਹੌਲੀ-ਹੌਲੀ ਆਪਣੇ ਖੇਤ ਵਿੱਚ ਮਿਲਾਇਆ ਜਾ ਰਿਹਾ ਹੈ। ਨਤੀਜੇ ਵਜੋਂ ਖਾਲੀ ਪਈ ਸਰਕਾਰੀ ਜ਼ਮੀਨ ਵਿੱਚ ਪਹਿਲਾਂ ਤੋਂ ਲਾਏ ਗਏ ਰੁੱਖ ਕੱਟ ਦਿੱਤੇ ਗਏ ਹਨ। ਜਦੋਂ ਹੁਣ ਖਾਲੀ ਜ਼ਮੀਨ ਰਹਿਣ ਹੀ ਨਹੀਂ ਦਿੱਤੀ ਗਈ ਤਾਂ ਰੁੱਖ ਬੂਟੇ ਕਿੱਥੇ ਉੱਗਣੇ ਹਨ?
ਪਿਛਲੇ ਲਗਪਗ ਵੀਹ ਇੱਕੀ ਸਾਲਾਂ ਤੋਂ ਸੜਕਾਂ ਨੂੰ ਚੌੜਾ ਕਰਨ ਦੇ ਮਕਸਦ ਨਾਲ ਕਰੋੜਾਂ ਦੀ ਗਿਣਤੀ ਵਿੱਚ ਬਹੁਤ ਵੱਡੇ-ਵੱਡੇ ਅਤੇ ਢਾਈ ਸੌ ਸਾਲ ਤੋਂ ਵੀ ਵੱਧ ਪੁਰਾਣੇ ਰੁੱਖਾਂ ਨੂੰ ਬੜੀ ਬੇਰਹਿਮੀ ਨਾਲ ਕੱਟ ਦਿੱਤਾ ਗਿਆ ਹੈ। ਲੋੜ ਤਾਂ ਇਸ ਗੱਲ ਦੀ ਸੀ ਕਿ ਕਰੋੜਾਂ ਦੀ ਗਿਣਤੀ ਵਿੱਚ ਨਵੇਂ ਪੌਦੇ ਲਾਏ ਜਾਂਦੇ ਪਰ ਇਸ ਪਾਸੇ ਸਾਡੀਆਂ ਸਰਕਾਰਾਂ ਅਤੇ ਸਵੈ ਸੇਵੀ ਸੰਗਠਨਾਂ ਨੇ ਕੋਈ ਉੱਦਮ ਨਹੀਂ ਕੀਤਾ। ਹੁਣ ਪਿੰਡਾਂ ਅਤੇ ਸ਼ਹਿਰਾਂ ਵਿੱਚ ਨਵੀਂ ਉਸਾਰੀ ਇਸ ਢੰਗ ਨਾਲ ਕੀਤੀ ਜਾ ਰਹੀ ਹੈ ਕਿ ਘਰ ਵਿੱਚ ਫੁੱਲ ਬੂਟੇ ਅਤੇ ਹੋਰ ਪੌਦੇ ਲਾਉਣ ਲਈ ਕੱਚੀ ਥਾਂ ਰੱਖੀ ਹੀ ਨਹੀਂ ਜਾਂਦੀ। ਨਵੇਂ ਪੌਦੇ ਕਿੱਥੇ ਲਾਉਣੇ ਹੋਏ?
ਹੁਣ ਤੱਕ ਵਾਤਾਵਰਨ ਨੂੰ ਪਲੀਤ ਕਰਨ ਹਿੱਤ ਅਸੀਂ ਬਹੁਤ ਕੁਝ ਗੁਆ ਲਿਆ ਹੈ ਪਰ ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਕਹਿੰਦੇ ਹਨ ਕਿ ਜੇਕਰ ਸਵੇਰ ਦਾ ਭੁੱਲਾ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਆਖਦੇ।
ਹੁਣ ਹਰੇਕ ਕਿਸਾਨ ਨੂੰ ਚੇਤੰਨ ਹੋਣ ਦੀ ਲੋੜ ਹੈ ਕਿ ਉਹ ਆਪਣੀ ਫ਼ਸਲ ਉਗਾਉਣ ਦੇ ਨਾਲ-ਨਾਲ ਪਾਣੀ ਵਾਲੀ ਮੋਟਰ ਦੇ ਨੇੜੇ, ਹੋਰ ਜਿੱਥੇ ਵੀ ਥੋੜ੍ਹੀ ਜਿਹੀ ਖਾਲੀ ਥਾਂ ਪਈ ਹੈ, ਉੱਥੇ ਛਾਂਦਾਰ ਬੂਟੇ ਲਾਵੇ ਤਾਂ ਜੋ ਉਹ ਵੱਡੇ ਰੁੱਖ ਬਣ ਕੇ ਭਰਪੂਰ ਮਾਤਰਾ ਵਿੱਚ ਆਕਸੀਜਨ ਪ੍ਰਦਾਨ ਕਰਨ। ਸਰਕਾਰ ਨੂੰ ਚਾਹੀਦਾ ਹੈ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਕੇ ਉਨ੍ਹਾਂ ਤੋਂ ਨਵੇਂ ਪੌਦੇ ਲਗਵਾ ਕੇ ਉਨ੍ਹਾਂ ਨੂੰ ਪ੍ਰਵਾਨ ਚੜ੍ਹਾਉਣ ਦੀ ਜ਼ਿੰਮੇਵਾਰੀ ਸੌਂਪੇ। ਪਿੰਡਾਂ ਦੀਆਂ ਪੰਚਾਇਤਾਂ ਅਤੇ ਸ਼ਹਿਰਾਂ ਵਿਚਲੀਆਂ ਨਗਰ ਕੌਂਸਲਾਂ ਨਵੇਂ ਪੌਦੇ ਲਾ ਕੇ ਉਨ੍ਹਾਂ ਨੂੰ ਪਾਲਣ।
ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਸੈਸ਼ਨ ਦੇ ਆਰੰਭ ਵਿੱਚ ਹੀ ਇੱਕ-ਇੱਕ ਬੂਟੇ ਦੀ ਸਾਂਭ ਸੰਭਾਲ ਕਰਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਜਾਵੇ। ਸਾਲ ਦੇ ਅੰਤ ਵਿੱਚ ਹਰੇਕ ਵਿਦਿਆਰਥੀ ਦੀ ਪੌਦਿਆਂ ਪ੍ਰਤੀ ਨਿਭਾਈ ਗਈ ਜ਼ਿੰਮੇਵਾਰੀ ਅਨੁਸਾਰ ਉਸ ਦੀ ਅਸੈੱਸਮੈਂਟ ਨਿਰਧਾਰਤ ਕੀਤੀ ਜਾਵੇ।
ਨਵੇਂ ਬਣਨ ਵਾਲੇ ਹਰੇਕ ਮਕਾਨ ਦਾ ਨਕਸ਼ਾ ਤਦ ਹੀ ਪਾਸ ਕੀਤਾ ਜਾਵੇ ਜੇਕਰ ਸਬੰਧਿਤ ਆਪਣੇ ਘਰ ਵਿੱਚ ਪੌਦੇ ਲਾਉਣ ਲਈ ਕੁਝ ਥਾਂ ਖਾਲੀ ਛੱਡ ਰਿਹਾ ਹੋਵੇ। ਜਿਹੜੇ ਲੋਕ ਆਪਣੇ ਘਰ ਬਣਾ ਚੁੱਕੇ ਹਨ ਪਰ ਉਨ੍ਹਾਂ ਨੇ ਆਪਣੇ ਘਰ ਵਿੱਚ ਕੋਈ ਖਾਲੀ ਥਾਂ ਨਹੀਂ ਰੱਖੀ ਹੋਈ। ਉਹ ਵੀ ਆਪਣੇ ਘਰਾਂ ਵਿੱਚ ਪਲਾਸਟਿਕ ਦੇ ਵੱਢੇ ਢੋਲ ਲੈ ਕੇ, ਉਨ੍ਹਾਂ ਵਿੱਚ ਉਪਜਾਊ ਮਿੱਟੀ ਭਰ ਕੇ, ਰੂੜ੍ਹੀ ਦੀ ਖ਼ਾਦ ਪਾ ਕੇ ਉਨ੍ਹਾਂ ਵਿੱਚ ਫ਼ਲਦਾਰ ਪੌਦੇ ਲਾਉਣ। ਇੱਕ ਦਿਨ ਛੱਡ ਕੇ ਸ਼ਾਮ ਵੇਲੇ ਪਾਣੀ ਲਾਉਣ ਨਾਲ ਦੋ ਸਾਲਾਂ ਵਿੱਚ ਉਹ ਛੋਟਾ ਪੌਦਾ ਭਰਪੂਰ ਰੁੱਖ ਬਣ ਜਾਂਦਾ ਹੈ। ਘਰ ਵਿੱਚ ਫ਼ਲ ਅਤੇ ਛਾਂ ਤਾਂ ਹੋ ਹੀ ਜਾਂਦੀ ਹੈ, ਨਾਲ ਹੀ ਪੰਛੀ, ਤਿਤਲੀਆਂ, ਗਲਹਿਰੀਆਂ ਵੀ ਰੌਣਕ ਲਾਉਣ ਲਈ ਆ ਜਾਂਦੀਆਂ ਹਨ। ਘਰ ਦਾ ਵਿਹੜਾ ਹਰਿਆਵਲ ਅਤੇ ਫ਼ਲਾਂ ਨਾਲ ਭਰਿਆ ਵੇਖ ਕੇ ਮਨ ਨੂੰ ਜੋ ਖ਼ੁਸ਼ੀ ਹਾਸਲ ਹੁੰਦੀ ਹੈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਲਈ ਆਓ! ਆਪਾਂ ਸਾਰੇ ਮਿਲ ਕੇ ਆਪਣੀ ਇਸ ਪਿਆਰੀ ਧਰਤੀ ਨੂੰ ਸੋਹਣੀ ਅਤੇ ਮਨਮੋਹਣੀ ਧਰਤੀ ਬਣਾਈਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਾਡੇ ’ਤੇ ਮਾਣ ਕਰਨ।
ਸੰਪਰਕ: 84276-85020