ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਬਾਰੇ ਜਨਹਿੱਤ ਪਟੀਸ਼ਨ ’ਤੇ ਸੁਣਵਾਈ 19 ਨੂੰ
ਪਟਨਾ, 15 ਫਰਵਰੀ
ਬੰਬੇ ਹਾਈ ਕੋਰਟ 19 ਫਰਵਰੀ ਨੂੰ ਇੱਕ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਕਰੇਗਾ। ਇਸ ਦੌਰਾਨ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਅਤੇ ਉਸ ਦੀ ਸਾਬਕਾ ਮੈਨੇਜਰ ਦਿਸ਼ਾ ਸਲਿਆਨ ਦੀਆਂ ਮੌਤਾਂ ਦੀ ਹੋਰ ਵਿਸਥਾਰ ਨਾਲ ਜਾਂਚ ਕਰਵਾਏ ਜਾਣ ਸਬੰਧੀ ਆਦੇਸ਼ ਆਉਣ ਦੀ ਸੰਭਾਵਨਾ ਹੈ।
ਜਨਹਿੱਤ ਪਟੀਸ਼ਨ ਭੇਤਭਰੀ ਹਾਲਤ ਵਿੱਚ ਹੋਈਆਂ ਦੋ ਮੌਤਾਂ ਦੇ ਸਬੰਧ ਵਿੱਚ ਸ਼ਿਵ ਸੈਨਾ (ਯੂਬੀਟੀ) ਦੇ ਵਿਧਾਇਕ ਆਦਿੱਤਿਆ ਠਾਕਰੇ ਦੀ ਗ੍ਰਿਫ਼ਤਾਰੀ ਅਤੇ ਉਸ ਕੋਲੋਂ ਪੁੱਛ ਪੜਤਾਲ ਕੀਤੇ ਜਾਣ ਦੀ ਮੰਗ ਕਰਦੀ ਹੈ। ਅੱਜ ਏਐੱਨਆਈ ਨਾਲ ਗੱਲਬਾਤ ਦੌਰਾਨ ਮਰਹੂਮ ਸੁਸ਼ਾਂਤ ਦੇ ਪਿਤਾ ਕੇਕੇ ਸਿੰਘ ਨੇ ਨਵੀਂ ਮਹਾਰਾਸ਼ਟਰ ਸਰਕਾਰ ਦੇ ਕਾਰਜਕਾਲ ਦੌਰਾਨ ਪੁੱਤਰ ਨੂੰ ਇਨਸਾਫ਼ ਮਿਲਣ ਦੀ ਆਸ ਪ੍ਰਗਟਾਈ ਹੈ। ਉਨ੍ਹਾਂ ਕਿਹਾ, ‘‘ਮੈਨੂੰ ਆਸ ਹੈ ਕਿ ਅਦਾਲਤ ਵੱਲੋਂ ਜੋ ਵੀ ਹੁਕਮ ਜਾਰੀ ਕੀਤਾ ਜਾਵੇਗਾ ਉਹ ਸਹੀ ਹੋਵੇਗਾ। ਅਤੇ ਇਹ ਵੀ ਆਸ ਹੈ ਕਿ ਇਹ ਆਦੇਸ਼ ਜਲਦੀ ਹੀ ਆਵੇਗਾ। ਸਾਨੂੰ ਸੀਬੀਆਈ ਤੋਂ ਇਨਸਾਫ਼ ਦੀ ਆਸ ਸੀ, ਪਰ ਇਸ ਨੇ ਸਮੇਂ ਸਿਰ ਆਪਣਾ ਕੰਮ ਨਹੀਂ ਕੀਤਾ। ਹੁਣ ਜਦੋਂ ਇਹ ਅਦਾਲਤ ਵਿੱਚ ਆ ਗਿਆ ਹੈ ਤਾਂ ਆਸ ਹੈ ਕਿ ਇਨਸਾਫ਼ ਮਿਲੇਗਾ।’’ -ਏਐੱਨਆਈ