ਬਿਲਾਂ ਨੂੰ ਪ੍ਰਵਾਨਗੀ ’ਚ ਦੇਰੀ ਖਿਲਾਫ਼ ਪਟੀਸ਼ਨਾਂ ’ਤੇ ਸੁਣਵਾਈ ਅੱਜ
ਨਵੀਂ ਦਿੱਲੀ: ਸੁਪਰੀਮ ਕੋਰਟ ਸੂਬਾਈ ਅਸੈਂਬਲੀਆਂ ਵੱਲੋਂ ਪਾਸ ਬਿਲਾਂ ਨੂੰ ਮਨਜ਼ੂਰੀ ਦੇਣ ’ਚ ਸਬੰਧਤ ਰਾਜਪਾਲਾਂ ਵੱਲੋਂ ਕੀਤੀ ਜਾ ਕਥਿਤ ਬੇਲੋੜੀ ਦੇਰੀ ਖਿਲਾਫ਼ ਤਾਮਿਲ ਨਾਡੂ ਤੇ ਕੇਰਲਾ ਸਰਕਾਰਾਂ ਵੱਲੋਂ ਦਾਇਰ ਦੋ ਵੱਖੋ-ਵੱਖਰੀਆਂ ਪਟੀਸ਼ਨਾਂ ’ਤੇ ਸੋਮਵਾਰ ਨੂੰ ਸੁਣਵਾਈ ਕਰੇਗੀ। ਸੁਣਵਾਈ ਚੀਫ਼ ਜਸਟਿਸ ਡੀ.ਵਾਈ.ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਵੱਲੋਂ ਕੀਤੀ ਜਾਣੀ ਹੈ ਜਿਸ ਵਿੱਚ ਜਸਟਿਸ ਜੇ.ਬੀ.ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਵੀ ਸ਼ਾਮਲ ਹੋਣਗੇ। ਤਾਮਿਲ ਨਾਡੂ ਅਸੈਂਬਲੀ ਨੇ ਸ਼ਨਿੱਚਰਵਾਰ ਨੂੰ ਸੱਦੇ ਵਿਸ਼ੇਸ਼ ਸੈਸ਼ਨ ਦੌਰਾਨ 10 ਬਿਲਾਂ ਨੂੰ ਮੁੜ ਮਨਜ਼ੂਰੀ ਦਿੱਤੀ ਸੀ। ਰਾਜਪਾਲ ਆਰ.ਐੱਨ.ਰਵੀ ਨੇ ਕਾਨੂੰਨ, ਖੇਤੀ ਤੇ ਉੱਚ ਸਿੱਖਿਆ ਸਣੇ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਇਹ ਬਿੱਲ ਸੂਬਾ ਸਰਕਾਰ ਨੂੰ ਵਾਪਸ ਭੇਜ ਦਿੱਤੇ ਸਨ। ਸੁਪਰੀਮ ਕੋਰਟ ਨੇ ਬਿਲਾਂ ਨੂੰ ਮਨਜ਼ੂਰੀ ਦੇਣ ਵਿੱਚ ਤਾਮਿਲ ਨਾਡੂ ਦੇ ਰਾਜਪਾਲ ਵੱਲੋਂ ਕੀਤੀ ਜਾ ਰਹੀ ਕਥਿਤ ਦੇਰੀ ਨੂੰ ‘ਗੰਭੀਰ ਮਸਲਾ’ ਦੱਸਦਿਆਂ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਸੀ। ਕੇਂਦਰ ਨੂੰ ਨੋਟਿਸ ਜਾਰੀ ਕਰਦਿਆਂ ਸੁਪਰੀਮ ਕੋਰਟ ਨੇ ਮਸਲੇ ਦੇ ਹੱਲ ਲਈ ਅਟਾਰਨੀ ਜਨਰਲ ਜਾਂ ਸੌਲੀਸਿਟਰ ਜਨਰਲ ਦਾ ਸਹਿਯੋਗ ਮੰਗਿਆ ਸੀ। ਉਧਰ ਕੇਰਲਾ ਸਰਕਾਰ ਨੇ ਵੀ ਸੁਪਰੀਮ ਕੋਰਟ ਵਿਚ ਦਾਅਵਾ ਕੀਤਾ ਸੀ ਕਿ ਰਾਜਪਾਲ ਆਰਿਫ਼ ਮੁਹੰਮਦ ਖਾਨ ਵੱਲੋਂ ਬਿਲਾਂ ਨੂੰ ਹਰੀ ਝੰਡੀ ਦੇਣ ’ਚ ਬੇਲੋੜੀ ਦੇਰੀ ਕੀਤੀ ਜਾ ਰਹੀ ਹੈ। -ਪੀਟੀਆਈ