ਇੰਗਲੈਂਡ ਦੇ ਪੁਲੀਸ ਅਧਿਕਾਰੀ ਖ਼ਿਲਾਫ਼ ਦੁਰਵਿਹਾਰ ਦੇ ਮਾਮਲੇ ਦੀ ਸੁਣਵਾਈ
ਲੰਡਨ, 19 ਫਰਵਰੀ
ਇਥੇ ਇੱਕ ਅਣਪਛਾਤੇ ਬ੍ਰਿਟਿਸ਼ ਪੁਲੀਸ ਕਰਮਚਾਰੀ ਨੂੰ ਦੁਰਵਿਹਾਰ ਦੇ ਮਾਮਲੇ ਦੀ ਸੁਣਵਾਈ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਸ ਨੇ ਭਾਰਤੀ ਮੂਲ ਦੇ ਨਾਬਾਲਗ ਵਿਦਿਆਰਥੀ ਅਤੇ ਉਸ ਦੀ ਦੋਸਤ ’ਤੇ ਚਾਕੂ ਨਾਲ ਹੋਏ ਹਮਲੇ ਦੇ ਵੇਰਵੇ ਵਟਸਐੱਪ ’ਤੇ ਸਾਂਝੇ ਕੀਤੇ ਸਨ। ਇਹ ਵੀ ਪਤਾ ਲੱਗਿਆ ਹੈ ਕਿ ਇਕ ਹੋਰ ਪੁਲੀਸ ਅਧਿਕਾਰੀ ਕਾਂਸਟੇਬਲ ਮੈਥਿਓ ਗੇਲ ਨੇ ਵੀ ਆਪਣੀ ਪਤਨੀ ਅਤੇ ਇਕ ਦੋਸਤ ਨਾਲ ਇਹ ਘਿਨਾਉਣੇ ਵੇਰਵੇ ਸਾਂਝੇ ਕੀਤੇ ਸਨ। ਪਿਛਲੇ ਸਾਲ ਨੌਟਿੰਘਮ ਵਿੱਚ ਭਾਰਤੀ ਮੂਲ ਦੇ ਨਾਬਾਲਗ ਅਤੇ ਉਸ ਦੇ ਦੋਸਤ ’ਤੇ ਇਹ ਹਮਲਾ ਹੋਇਆ ਸੀ। ਸੋਮਵਾਰ ਨੂੰ ‘ਦਿ ਸਨ’ ਅਖਬਾਰ ਦੀ ਇੱਕ ਰਿਪੋਰਟ ਤੋਂ ਇਸ ਦੁਰਵਿਹਾਰ ਦੀ ਸੁਣਵਾਈ ਦਾ ਖੁਲਾਸਾ ਹੋਇਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਕ ਪੁਲੀਸ ਅਧਿਕਾਰੀ ਨੇ ਵਿਦਿਆਰਥੀਆਂ ਦੇ ਨਾਲ ਸਕੂਲ ਦੇ ਕੇਅਰਟੇਕਰ ਨੂੰ ਚਾਕੂ ਮਾਰਨ ਦੀ ਘਟਨਾ ਦੇ ਵੇਰਵੇ ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ ਸਨ। ਇਹ ਹਮਲਾ ਜੂਨ 2023 ਵਿੱਚ ਇੰਗਲੈਂਡ ਦੇ ਕੇਂਦਰੀ ਸ਼ਹਿਰ ਵਿੱਚ ਵਾਲਡੋ ਕੈਲੋਕੇਨ ਵੱਲੋਂ ਕੀਤਾ ਗਿਆ ਸੀ। ਬਰਨਬੀ (ਪੀੜਤ) ਦੀ ਮਾਂ ਐਮਾ ਵੈਬਰ ਨੇ ਅਖਬਾਰ ਨੂੰ ਦੱਸਿਆ ਕਿ ਜਾਂਚ ਕਰਨ ਦਾ ਇਹ ਕਿੰਨਾ ਘਿਣਾਉਣਾ ਤਰੀਕਾ ਸੀ ਜੋ ਮੁਆਫ਼ੀਯੋਗ ਨਹੀਂ ਹੈ। ਜਾਣਕਾਰੀ ਅਨੁਸਾਰ 19 ਸਾਲਾ ਮੈਡੀਕਲ ਦਾ ਵਿਦਿਆਰਥੀ ਗ੍ਰੇਸ ਓ’ਮੈਲੀ ਕੁਮਾਰ ਤੇ ਲੰਡਨ ਦੇ ਡਾਕਟਰ ਸੰਜੋਏ ਕੁਮਾਰ ਦੀ ਧੀ ਸਿਨੇਡ ਓ’ਮੈਲੀ ਨਾਲ ਨੌਟਿੰਘਮ ਵਿੱਚ ਯੂਨੀਵਰਸਿਟੀ ਤੋਂ ਪਰਤ ਰਿਹਾ ਸੀ ਜਦੋਂ ਉਨ੍ਹਾਂ ‘ਤੇ ਹਮਲਾ ਕੀਤਾ ਗਿਆ। ਇਸ ਘਟਨਾ ’ਚ ਦੋਵੇਂ ਵਿਦਿਆਰਥੀਆਂ ਦੇ ਨਾਲ ਸਕੂਲ ਦਾ ਕੇਅਰਟੇਕਰ ਮਾਰਿਆ ਗਿਆ ਸੀ। ਇਸ ਮਾਮਲੇ ’ਚ 25 ਜਨਵਰੀ ਨੂੰ ਨੌਟਿੰਘਮ ਕਰਾਊਨ ਅਦਾਲਤ ਵੱਲੋਂ ਕੈਲੋਕੇਨ (32) ਦਿਮਾਗੀ ਹਾਲਤ ਠੀਕ ਨਾ ਹੋਣ ਦੇ ਮੱਦੇਨਜ਼ਰ ਉੱਚ-ਸੁਰੱਖਿਆ ਹਸਪਤਾਲ ’ਚ ਨਜ਼ਰਬੰਦ ਕਰਨ ਦੀ ਸਜ਼ਾ ਸੁਣਾਈ ਗਈ ਸੀ। -ਪੀਟੀਆਈ