‘ਸਰਕਾਰ ਤੁਹਾਡੇ ਦੁਆਰ’ ਕੈਂਪ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਪੱਤਰ ਪ੍ਰੇਰਕ
ਜੈਤੋ, 1 ਫ਼ਰਵਰੀ
‘ਸਰਕਾਰ ਤੁਹਾਡੇ ਦੁਆਰ’ ਮੁਹਿੰਮ ਤਹਿਤ ਬਲਾਕ ਜੈਤੋ ਦੇ ਪਿੰਡ ਸਰਾਵਾਂ ਵਿੱਚ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਫ਼ਰੀਦਕੋਟ ਤੇ ਵਾਧੂ ਚਾਰਜ ਐਸਡੀਐਮ ਜੈਤੋ ਤੁਸ਼ਿਤਾ ਗੁਲਾਟੀ ਦੀ ਪ੍ਰਧਾਨਗੀ ਹੇਠ 12ਵਾਂ ਜਨ ਸੁਣਵਾਈ ਕੈਂਪ ਲਾਇਆ ਗਿਆ।
ਕੈਂਪ ਦੌਰਾਨ ਯੋਗ ਦਰਖ਼ਾਸਤਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ ਅਤੇ ਜਿਨ੍ਹਾਂ ਦਰਖ਼ਾਸਤਾਂ ਦਾ ਮੌਕੇ ਤੇ ਨਿਪਟਾਰਾ ਸੰਭਵ ਨਹੀਂ ਸੀ, ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਸੌਂਪ ਕੇ ਸਮਾਂਬੱਧ ਨਿਪਟਾਰੇ ਲਈ ਆਦੇਸ਼ ਦਿੱਤੇ ਗਏ। ਕੈਂਪ ਵਿੱਚ ਸਰਾਵਾਂ, ਚੱਕ ਭਾਗ ਸਿੰਘ ਅਤੇ ਗੁਰੂਸਰ ਦੇ ਵਸਨੀਕਾਂ ਨੇ ਸ਼ਿਰਕਤ ਕੀਤੀ। ਕੈਂਪ ਵਿੱਚ ਆਏ ਲੋਕਾਂ ਲਈ ਪੁੱਛ-ਪੜਤਾਲ ਕਾਊਂਟਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਕਾਊਂਟਰ ਲਾਏ ਗਏ ਸਨ, ਜਿੱਥੇ ਲੋਕਾਂ ਨੇ ਆਪਣੇ ਕੰਮਕਾਜ ਸਬੰਧੀ ਦਰਖ਼ਾਸਤਾਂ ਪੇਸ਼ ਕੀਤੀਆਂ। ਇਸ ਮੌਕੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਬਾਰੇ ਵੀ ਜਾਣੂੰ ਕਰਵਾਇਆ ਗਿਆ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡ ਜਾਂ ਘਰਾਂ ਦੇ ਨਜ਼ਦੀਕ ਲਗਾਏ ਜਾ ਰਹੇ ਇਨ੍ਹਾਂ ਜਨ ਸੁਣਵਾਈ ਕੈਂਪਾ ਦਾ ਲਾਹਾ ਲੈ ਕੇ ਆਪਣੇ ਸਰਕਾਰੀ ਵਿਭਾਗਾਂ ਨਾਲ ਸਬੰਧਤ ਕੰਮ ਕਰਵਾਉਣ ਤਾਂ ਜੋ ਉਨ੍ਹਾਂ ਨੂੰ ਦੂਰ ਦੁਰਾਡੇ ਦਫ਼ਤਰਾਂ ਤੱਕ ਜਾਣ ਦੀ ਜ਼ਰੂਰਤ ਨਾ ਪਵੇ।