ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੁਣ ਲਓ ਪੁਕਾਰ

08:40 AM Jun 13, 2024 IST

ਗੁਰਿੰਦਰ ਸਿੰਘ ਸੰਧੂਆਂ

Advertisement

ਛੁੱਟੀ ਵਾਲੇ ਦਿਨ ਅਸੀਂ ਬੋਤਲਾਂ ਨੂੰ ਕੱਟ ਕੱਟ
ਪੰਛੀਆਂ ਦੇ ਲਈ ਭਾਂਡੇ ਪਾਣੀ ਦੇ ਰਖਾਏ ਨੇ।
ਛਾਂ ਜ਼ਿਆਦਾ ਰਹੇ ਜਿੱਥੇ ਪਾਣੀ ਨਾ ਗਰਮ ਹੋਵੇ
ਇੱਟਾਂ ਦਾ ਸਹਾਰਾਂ ਦੇ ਕੇ ਹਿੱਲਣੋ ਹਟਾਏ ਨੇ।
ਨਾਲ ਦੀ ਬਗੀਚੀ ਵਿੱਚ ਫ਼ਲਦਾਰ ਬੂਟੇ ਕੋਲੇ
ਕਈ ਟੰਗੇ ਰੁੱਖਾਂ ਉੱਤੇ ਕਈ ਨਾਲ ਟਿਕਾਏ ਨੇ।
ਸੁਣ ਲਓ ਪੁਕਾਰ ਭਾਈ ਸੰਧੂਆਂ ਗੁਰਿੰਦਰ ਦੀ
ਜਲ ਰੱਖੋ ਪੰਛੀਆਂ ਨੂੰ ਫਿਰਦੇ ਤਿਰਹਾਏ ਨੇ।

ਕੋਲ ਰੱਖ ਦੇਵੋ ਦਾਣੇ ਖ਼ੁਸ਼ ਹੋ ਕੇ ਖਾਣ ਭਾਈ
ਖੇਤਾਂ ਵਿੱਚ ਅੱਗ ਨੇ ਤਾਂ ਸਾਰੇ ਹੀ ਮਚਾਏ ਨੇ।
ਪਾਣੀ ਵਿੱਚ ਗੋਤੇ ਲਾ ਕੇ ਛੋਟੀ ਛੋਟੀ ਚਿੜੀਆਂ ਨੇ
ਮਿੱਠੀ ਧੁਨ ਵਿੱਚ ਫੇਰ ਗਾਉਣ ਚੰਗੇ ਗਾਏ ਨੇ।
ਸੁੱਕੀ ਰੋਟੀ ਜਲ ਵਿੱਚ ਡੋਬ ਕੇ ਕਾਵਾਂ ਨੇ ਦੇਖੋ
ਛਕ ਕੇ ਖ਼ੁਦਾ ਦੇ ਬੜੇ ਸ਼ੁਕਰ ਮਨਾਏ ਨੇ।
ਸੁਣ ਲਓ ਪੁਕਾਰ ਭਾਈ ਸੰਧੂਆਂ ਗੁਰਿੰਦਰ ਦੀ
ਜਲ ਰੱਖੋ ਪੰਛੀਆਂ ਨੂੰ ਫਿਰਦੇ ਤਿਰਹਾਏ ਨੇ।

Advertisement

ਦੇਖ ਬਦਨੀਤੀ ਸਾਡੀ ਪੰਛੀ ਵੀ ਸਿਆਣੇ ਹੋਏ
ਰੁੱਖੋਂ ਛੱਡ ਆਲ੍ਹਣੇ ਜਾ ਖੰਭਿਆਂ ’ਤੇ ਪਾਏ ਨੇ।
ਪੱਕਿਆਂ ਮਕਾਨਾਂ ਕੀਤੇ ਪੰਛੀ ਨੇ ਲੋਪ ਪਿਆਰੇ
ਚੌੜੀਆਂ ਇਹ ਸੜਕਾਂ ਨੇ ਰੁੱਖ ਵੀ ਮੁਕਾਏ ਨੇ।
ਜੀਵਨ ਦੀ ਗੱਡੀ ਚੱਲੇ, ਸਾਰੇ ਜੀਆ ਜੰਤ ਨਾਲ
ਭੋਗਣ ਦੇ ਲਈ ਜੂਨੀ ਮਾਤ ਲੋਕ ਆਏ ਨੇ।
ਸੁਣ ਲਓ ਪੁਕਾਰ ਭਾਈ ਸੰਧੂਆਂ ਗੁਰਿੰਦਰ ਦੀ
ਜਲ ਰੱਖੋ ਪੰਛੀਆਂ ਨੂੰ ਫਿਰਦੇ ਤਿਰਹਾਏ ਨੇ।

ਤੋਤਾ ਘੁੱਗੀ ਚਿੜੀ ਮੋਰ ਕੋਇਲ ਤੇ ਕਾਗ ਮੈਨਾ
ਪੱਕੇ ਨਾ ਟਿਕਾਣੇ ਇਨ੍ਹਾਂ ਕਿਤੇ ਵੀ ਬਣਾਏ ਨੇ।
ਵੱਸਦੇ ਨੇ ਜਲ ਵਿੱਚ ਨੌਂ ਲੱਖ ਜੀਵ ਪਿਆਰੇ,
ਦਸ ਲੱਖ ਪੌਣ ਵਿੱਚ ਉੱਡਣ ਨੂੰ ਆਏ ਨੇ।
ਰੁੱਖਾਂ ਸੰਗ ਮੱਚੇ ਕਈ, ਕਈ ਮਾਰੇ ਕੁੱਖਾਂ ਵਿੱਚ
ਇਨ੍ਹਾਂ ਵਾਲੇ ਦੁੱਖੜੇ ਨਾ ਕਿਸੇ ਨੇ ਵੰਡਾਏ ਨੇ।
ਸੁਣ ਲਓ ਪੁਕਾਰ ਭਾਈ ਸੰਧੂਆਂ ਗੁਰਿੰਦਰ ਦੀ,
ਜਲ ਰੱਖੋ ਪੰਛੀਆਂ ਨੂੰ ਫਿਰਦੇ ਤਿਰਹਾਏ ਨੇ।

ਬੂਟੇ ਵੀ ਲਗਾਓ ਭਾਈ ਹਵਾ ਪਾਣੀ ਸ਼ੁੱਧ ਹੋਊ
ਆਊ ਸੁਆਸ ਸੌਖਾ ਜਿਹੜੇ, ਰੋਗਾਂ ਨੇ ਸਤਾਏ ਨੇ
ਧੰਨਵਾਦ ਉਨ੍ਹਾਂ ਤਾਈਂ ਬੂਟੇ ਨੂੰ ਲਗਾਉਂਦੇ ਜਿਹੜੇ
ਫੁੱਲਾਂ ਦੀ ਸੁਗੰਧੀਆਂ ’ਤੇ ਭੌਰੇ ਉੱਡ ਆਏ ਨੇ।
ਫ਼ਲਾਂ ਉੱਤੇ ਮਾਰ ਚੁੰਝਾਂ ਇਨ੍ਹਾਂ ਸੋਹਣੇ ਪੰਛੀਆਂ ਨੇ
ਖ਼ੁਸ਼ੀ ਖ਼ੁਸ਼ੀ ਪੱਕੇ ਫ਼ਲ ਮੌਜਾਂ ਵਿੱਚ ਖਾਏ ਨੇ।
ਸੁਣ ਲਓ ਪੁਕਾਰ ਭਾਈ ਸੰਧੂਆਂ ਗੁਰਿੰਦਰ ਦੀ
ਜਲ ਰੱਖੋ ਪੰਛੀਆਂ ਨੂੰ ਫਿਰਦੇ ਤਿਰਹਾਏ ਨੇ।

ਬੜੀ ਖ਼ੁਸ਼ੀ ਹੁੰਦੀ ਉਦੋਂ ਤੱਕ ਕੇ ਨਜ਼ਾਰਾ ਵੀਰੋ
ਰੁੱਖਾਂ ਨੂੰ ਪਾਣੀ ਜਿਨ੍ਹਾਂ ਸਮੇਂ ਨਾਲ ਪਾਏ ਨੇ।
ਪੁਰਾਣਿਆਂ ਦਰੱਖਤਾਂ ਦੀ ਹੋਵੇ ਠੰਢੀ ਠਾਰ ਹਵਾ
ਹੋਂਵਦੀ ਏ ਜੰਨਤ ਜਿਨ੍ਹਾਂ ਸਦਾ ਲੋਕ ਬਚਾਏ ਨੇ।
ਆਪਣੇ ਤੋਂ ਛੋਟਿਆਂ ਨੂੰ ਦੇਖ ਕੇ ਸਮਝ ਬੰਦੇ
ਵੱਡੀਆਂ ਸਹੂਲਤਾਂ ਨੇ ਦਾਤਾ ਜੀ ਭੁਲਾਏ ਨੇ।
ਸੁਣ ਲਓ ਪੁਕਾਰ ਭਾਈ ਸੰਧੂਆਂ ਗੁਰਿੰਦਰ ਦੀ
ਜਲ ਰੱਖੋ ਪੰਛੀਆਂ ਨੂੰ ਫਿਰਦੇ ਤਿਰਹਾਏ ਨੇ।
ਸੰਪਰਕ: 94630-27466
* * *

ਅਣਗੌਲੇ ਮੁੱਦੇ

ਅਮਰਜੀਤ ਸਿੰਘ ਫੌਜੀ

ਇਹ ਸਭ ਦੇ ਨੇ ਸਾਂਝੇ ਹੁੰਦੇ
ਛੱਪੜ ਥੜ੍ਹੇ ਤੇ ਪਿੰਡ ਦੀਆਂ ਸੱਥਾਂ
ਜੋ ਇਨ੍ਹਾਂ ’ਤੇ ਕਾਬਜ਼ ਹੋ ਜਾਏ
ਰੁਲ ਜਾਂਦਾ ਏ ਉਹ ਵਿੱਚ ਕੱਖਾਂ!

ਜਨਤਕ ਰਾਹ ਖਾਲ ਤੇ ਪਹੀਆਂ
ਸ਼ਾਮਲਾਟ ਵੀ ਰੋਕੀ ਕਈਆਂ
ਲੈਣੇ ਦੇ ਸੀ ਦੇਣੇ ਪੈ ਗਏ
ਫੜੇ ਦੇਖੇ ਮੈਂ ਸਿਰ ਵਿੱਚ ਹੱਥਾਂ!

ਪਿੱਪਲ ਬੋਹੜ ਤੂਤ ਟਾਹਲੀਆਂ
ਕਿੱਕਰਾਂ ਨਿੰਮਾਂ ਡੇਕ ਬਰੋਟੇ
ਚੋਰੀ ਜੋ ਰੁੱਖਾਂ ਨੂੰ ਵੱਢਦੇ
ਰੁਲਦੇ ਫਿਰਦੇ ਦੇਖੇ ਲੱਖਾਂ!

ਆਓ ਸਾਰੇ ਹਾਮੀ ਭਰੀਏ
ਇਨ੍ਹਾਂ ਦੀ ਹੁਣ ਰਾਖੀ ਕਰੀਏ
ਖੂਹ ਟੋਭੇ ਤੇ ਚਰਾਂਦ ਬਚਾਕੇ
ਹੁਣ ਤੋਂ ਚੱਲੀਏ ਵੱਖਰੇ ਪੱਥਾਂ!

ਫੌਜੀਆ ਤੂੰ ਵੀ ਬਣਜਾ ਸਿਆਣਾ
ਨਾਲ ਨਈਂ ਕੁਝ ਵੀ ਲੈ ਕੇ ਜਾਣਾ
ਹੱਕ ਪਰਾਇਆ ਖਾਣੋ ਹਟ ਜਾ
ਮਾੜਾ ਹੁੰਦੈ ਤੈਨੂੰ ਦੱਸਾਂ।
ਸੰਪਰਕ: 95011-27033
* * *

ਤਪਦਾ ਸੂਰਜ ਮੱਚਦੀ ਧਰਤੀ

ਪ੍ਰੋ. ਨਵ ਸੰਗੀਤ ਸਿੰਘ

ਹਾਹਾਕਾਰ ਮੱਚੀ ਚਹੁੰ ਪਾਸੀਂ,
ਗਰਮੀ ਨੇ ਤਾਂ ਹੱਦ ਹੀ ਕਰ ’ਤੀ।
ਪਾਰਾ ਰੋਜ਼ ਹੀ ਚੜ੍ਹਦਾ ਜਾਵੇ,
ਤਪਦਾ ਸੂਰਜ ਮੱਚਦੀ ਧਰਤੀ।

ਦਾਨਿਸ਼ਵਰਾਂ ਨੇ ਸੱਚ ਕਿਹਾ ਹੈ:
ਜੋ ਬੀਜੇਗਾ ਸੋਈ ਖਾਵੇ।
ਸੋਲਾਂ ਆਨੇ ਗੱਲ ਹੈ ਸੱਚੀ:
ਆਪਣਾ ਕੀਤਾ ਆਪੇ ਪਾਵੇ।

ਜੰਗਲ ਸਾਰੇ ਵੱਢ ਸੁੱਟੇ ਨੇ,
ਕਿੱਥੋਂ ਭਾਲਦੈਂ ਠੰਢੀਆਂ ਛਾਵਾਂ।
ਬੰਜਰ ਸੁੰਨੀ ਧਰਤੀ ਹੋਈ,
ਰੁੱਖ ਹੈ ਕੋਈ ਟਾਵਾਂ ਟਾਵਾਂ।

ਖੰਭੇ, ਸਿਗਨਲ, ਟਾਵਰ ਦਿਸਦੇ,
ਤਕਨਾਲੋਜੀ ਨੇ ਜਾਲ ਵਿਛਾਇਆ।
ਧਰਤੀ, ਪਾਣੀ, ਪੌਣ ਬਚਾਈਏ,
ਏਹੋ ਹੈ ਅਸਲੀ ਸਰਮਾਇਆ।

ਨਵੇਂ ਯੁੱਗ ਦੇ ਲੋਕਾਂ ਨੂੰ ਮੈਂ,
ਬਸ ਇੱਕੋ ਗੱਲ ਹੈ ਕਹਿਣੀ।
ਕੁਦਰਤ ਨਾਲ ਨਾ ਮੱਥਾ ਲਾਈਏ,
ਸਾਦੀ ਰੱਖੀਏ ਰਹਿਣੀ ਬਹਿਣੀ।

ਆਲਮੀ ਤਪਸ਼ ਤੋਂ ਜੇਕਰ ਬਚਣਾ,
ਅੱਜ ਤੋਂ ਸਾਰੇ ਮਤਾ ਪਕਾਈਏ।
ਪ੍ਰਦੂਸ਼ਣ ਤੋਂ ਬਚ ਜਾਵਾਂਗੇ,
ਸਾਰੇ ਇੱਕ-ਇੱਕ ਬੂਟਾ ਲਗਾਈਏ।

ਅਜੇ ਵੀ ਵੇਲਾ ਬਣੋ ਸਿਆਣੇ,
ਨਾ ਕਰੀਏ ਇਹ ਮੂਰਖਤਾਈ।
ਇਨ੍ਹਾਂ ਦਾ ਕੋਈ ਬਦਲ ਨਹੀਂ ਹੈ,
ਬੂਟੇ ਲਗਾਈਏ ਥਾਓਂ-ਥਾਈਂ।
ਸੰਪਰਕ: 94176-92015
* * *

ਕੁਲਫ਼ੀ ਵੇਚਣ ਆਇਆ ਭੂਰੂ

ਪ੍ਰੇਮ ਸਰੂਪ ਛਾਜਲੀ

ਰੰਦੇ ਉੱਤੇ ਬਰਫ਼ ਰਗੜ ਕੇ,
ਦੇਣ ਬਣਾ ਕੇ ਗੋਲ਼ੇ,
ਬਾਂਗਰੂਆਂ ਦੇ ਠੂਲੀ ਦੀ ਹੱਟ,
ਸਕੂਲ ਦੇ ਬਿਲਕੁਲ ਕੋਲ਼ੇ।
ਅੱਧੀ ਛੁੱਟੀ ਲੈ ਕੇ ਖਾਂਦੇ,
ਸਭ ਨੂੰ ਬੜਾ ਹੀ ਭਾਉਂਦਾ।
ਸਿਖ਼ਰ ਦੁਪਹਿਰੇ ਭੂਰੂ ਸਾਡੇ,
ਕੁਲਫ਼ੀ ਵੇਚਣ ਆਉਂਦਾ।

ਠੰਢੀ ਮਿੱਠੀ ਖੋਏ ਦੀ ਕੁਲਫ਼ੀ,
ਚੂਸ ਚੂਸ ਜਦ ਖਾਂਦੇ,
ਅੱਜ ਤੱਕ ਭੁੱਲਿਆ ਸੁਆਦ ਨਾ ਉਸਦਾ,
ਅੰਦਰ ਤੱਕ ਠਰ ਜਾਂਦੇ।
ਹੋਕਾ ਸੁਣ ਕੇ ਸੁਭਾਸ਼, ਪੱਪੀ ਤੇ
ਕਾਲ਼ੇ ਨੂੰ ਸੱਦ ਲਿਆਉਂਦਾ,
ਸਿਖ਼ਰ ਦੁਪਹਿਰੇ ਭੂਰੂ ਸਾਡੇ,
ਕੁਲਫ਼ੀ ਵੇਚਣ ਆਉਂਦਾ।

ਆਂਡੇ ਵਰਗੀ ਘੜੇ ਦੀ ਕੁਲਫ਼ੀ,
ਸ਼ਹਿਰੋਂ ਵੇਚਣ ਆਉਂਦੇ,
ਚੋਰੀ ਕਈ ਭੜੋਲੀਓਂ ਝੋਲੀ,
ਦਾਣਿਆਂ ਦੀ ਭਰ ਲਿਆਉਂਦੇ।
ਕੋਈ ਬੇਬੇ ਤੋਂ ਠਿਆਨੀ ਲੈਂਦਾ,
ਕੋਈ ਲੜ ਕੇ ਚੁਆਨੀ ਲਿਆਉਂਦਾ,
ਸਿਖਰ ਦੁਪਹਿਰੇ ਭੂਰੂ ਸਾਡੇ,
ਕੁਲਫ਼ੀ ਵੇਚਣ ਆਉਂਦਾ।

ਠੰਢੀ ਠਾਰ ਮਲਾਈ ਰਬੜੀ,
ਧਰ ਕੇ ਦਿੰਦਾ ਪੱਤੇ ਉੱਤੇ,
ਹੋਕਾ ਸੁਣ ਕੇ ਭੱਜੇ ਆਉਂਦੇ,
ਜਾਗ ਪੈਂਦੇ ਸਭ ਸੁੱਤੇ।
ਮੈਨੂੰ ਦੇ ਦੇ ਮੈਂ ਲੈਣੀ ਏ,
ਹਰ ਕੋਈ ਰੌਲ਼ਾ ਪਾਉਂਦਾ,
ਸਿਖ਼ਰ ਦੁਪਹਿਰੇ ਭੂਰੂ ਸਾਡੇ,
ਕੁਲਫ਼ੀ ਵੇਚਣ ਆਉਂਦਾ।

ਸਮਾਂ ਬਦਲਿਆ ਠੰਢੀ ਪੇਟੀ,
ਫਰਿੱਜ ਘਰਾਂ ਵਿੱਚ ਆਇਆ,
ਕੌਲੇ ਕੌਲੀਆਂ ਬਾਟੀਆਂ ਦੇ ਵਿੱਚ,
ਕਾੜ੍ਹ ਕੇ ਦੁੱਧ ਜਮਾਇਆ।
ਬਾਬਾ ਬੇਰੁਜ਼ਗਾਰ ਹੋ ਗਿਆ,
ਹੁਣ ਨਾ ਨਜ਼ਰੀਂ ਆਇਆ,
ਸਿਖ਼ਰ ਦੁਪਹਿਰੇ ਫਿਰ ਨਾ ਭੂਰੂ,
ਕੁਲਫ਼ੀ ਵੇਚਣ ਆਇਆ।

ਨਾ ਉਹ ਝੋਲੀ ਨਾ ਉਹ ਦਾਣੇ,
ਕਿਹੜਾ ਲੈ ਗਿਆ ਖੋਹ ਕੇ,
ਹੁਣ ਤਾਂ ਭੂਰੂ ਮੰਜੇ ਦੇ ਨਾਲ,
ਬਹਿ ਗਿਆ ਮੰਜਾ ਹੋ ਕੇ।
ਲੰਘੇ ਵਕਤ ਨੂੰ ਭੂਰੂ ਵੀ ਹੁਣ,
ਹਾਕਾਂ ਮਾਰ ਬੁਲਾਉਂਦਾ।
ਸਿਖ਼ਰ ਦੁਪਹਿਰੇ ਹੁਣ ਨਾ ਭੂਰੂ,
ਕੁਲਫ਼ੀ ਵੇਚਣ ਆਉਂਦਾ।

ਜੀਅ ਕਰਦਾ ਮੈਂ ਫੇਰ ਭੂਰੂ ਦੇ,
ਕੰਨੀਂ ਸੁਣ ਲਵਾਂ ਹੋਕੇ,
ਠੰਢੀ ਮਿੱਠੀ ਕੁਲਫ਼ੀ ਖਾਵਾਂ,
ਨਿੰਮਾਂ ਹੇਠ ਖਲੋ ਕੇ।
ਪਰ ਇੱਕ ਵਾਰ ਗੁਆਚਿਆ ਬਚਪਨ,
ਫੇਰ ਨਾ ਮੁੜ ਕੇ ਥਿਆਉਂਦਾ।
ਸਿਖ਼ਰ ਦੁਪਹਿਰੇ ਹੁਣ ਨਾ ਭੂਰੂ,
ਕੁਲਫ਼ੀ ਵੇਚਣ ਆਉਂਦਾ।
ਸੰਪਰਕ: 94171-34982

Advertisement
Advertisement