ਸਿਹਤਮੰਦ ਬਦਲ ਜ਼ਰੂਰੀ
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਇੱਕ ਵਾਰ ਫਿਰ ਵਿਦਿਅਕ ਸੰਸਥਾਵਾਂ ਅੰਦਰ ਗ਼ੈਰ-ਸਿਹਤਮੰਦ ਭੋਜਨ ਦੀ ਵਿਕਰੀ ਦੀ ਮਨਾਹੀ ਵਾਲਾ ਨਿਰਦੇਸ਼ ਜਾਰੀ ਕੀਤਾ ਹੈ। ਇਸ ਚਾਰਾਜੋਈ ਤੋਂ ਪਤਾ ਲੱਗਦਾ ਹੈ ਕਿ ਦੇਸ਼ ਅੰਦਰ ਮੋਟਾਪੇ ਅਤੇ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਵਿੱਚ ਹੋ ਰਹੇ ਹੈਰਤਅੰਗੇਜ਼ ਵਾਧੇ ਪ੍ਰਤੀ ਕਿੰਨੀ ਚਿੰਤਾ ਹੈ। ਯੂਜੀਸੀ ਨੇ ਪਹਿਲਾਂ 2016 ਅਤੇ 2018 ਵਿੱਚ ਅਜਿਹੀਆਂ ਨਸੀਹਤਾਂ ਜਾਰੀ ਕੀਤੀਆਂ ਸਨ। ਹਾਲਾਂਕਿ ਇਸ ਦੇ ਇਰਾਦੇ ਸਾਫ਼ ਨਜ਼ਰ ਆ ਰਹੇ ਹਨ ਪਰ ਇਸ ਦੀ ਪਹੁੰਚ ਵਧੇਰੇ ਸੁਚੱਜੀ ਹੋਣੀ ਚਾਹੀਦੀ ਸੀ। ‘ਜੰਕ ਫੂਡ’ ਵਜੋਂ ਜਾਣੇ ਜਾਂਦੇ ਇਹੋ ਜਿਹੇ ਗ਼ੈਰ-ਸਿਹਤਮੰਦ ਪਕਵਾਨਾਂ ਉੱਪਰ ਮਹਿਜ਼ ਪਾਬੰਦੀ ਆਇਦ ਕਰਨ ਨਾਲ ਮਸਲੇ ਦੀ ਅਸਲ ਜੜ੍ਹ ਤੱਕ ਪਹੁੰਚਣਾ ਮੁਸ਼ਕਿਲ ਹੈ ਕਿਉਂਕਿ ਜੰਕ ਫੂਡ ਦੀ ਪਰਿਭਾਸ਼ਾ ਬਹੁਤ ਵਸੀਹ ਹੈ ਅਤੇ ਇਸ ਵਿੱਚ ਸਮੋਸੇ, ਪਕੌੜੇ, ਭਟੂਰੇ ਅਤੇ ਚਾਟ ਜਿਹੇ ਪਕਵਾਨ ਵੀ ਆਉਂਦੇ ਹਨ ਜਿਨ੍ਹਾਂ ਨੂੰ ਆਮ ਤੌਰ ’ਤੇ ਗ਼ੈਰ-ਸਿਹਤਮੰਦ ਖਾਣੇ ਦੀ ਸ਼੍ਰੇਣੀ ਵਿੱਚ ਹੀ ਰੱਖਿਆ ਜਾਂਦਾ ਹੈ ਪਰ ਦੇਸ਼ ਦੇ ਸਭਿਆਚਾਰਕ ਤਾਣੇ-ਬਾਣੇ ਵਿੱਚ ਇਨ੍ਹਾਂ ਦਾ ਅਹਿਮ ਸਥਾਨ ਬਣ ਗਿਆ ਹੈ।
ਇਸ ਦੀ ਬਜਾਇ ਵਿਦਿਅਕ ਸੰਸਥਾਵਾਂ ਨੂੰ ਸੂਝ-ਬੂਝ ਨਾਲ ਚੋਣ ਕਰਨ ਦੇ ਰੁਝਾਨ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਕਾਲਜਾਂ ਯੂਨੀਵਰਸਿਟੀਆਂ ਦੀਆਂ ਕੰਟੀਨਾਂ ਵਿੱਚ ਅਜਿਹੇ ਸਾਵੇਂ ਮੈਨਿਊ ਪੇਸ਼ ਕੀਤੇ ਜਾਣ ਜਿਨ੍ਹਾਂ ਵਿੱਚ ਸਿਹਤਮੰਦ ਖ਼ੁਰਾਕੀ ਬਦਲ ਸ਼ਾਮਿਲ ਹੋਣ ਜਿਵੇਂ ਫ਼ਲ, ਸਬਜ਼ੀਆਂ, ਮੋਟੇ ਆਟੇ ਵਾਲੇ ਪਕਵਾਨ ਆਦਿ। ਬੇਕ ਸਮੋਸੇ ਜਾਂ ਕਣਕ ਦੇ ਸਾਬਤ ਆਟੇ ਦੇ ਪਿਜ਼ੇ ਜਿਹੇ ਜਿ਼ਆਦਾ ਸਿਹਤਮੰਦ ਬਦਲ ਵੀ ਹੁਣ ਲੋਕਪ੍ਰਿਆ ਹੋ ਰਹੇ ਹਨ ਅਤੇ ਇਸ ਤਰ੍ਹਾਂ ਰਵਾਇਤੀ ਸੁਆਦ ਅਤੇ ਸਿਹਤਯਾਬੀ ਨੂੰ ਹੁਲਾਰਾ ਦੇਣ ਦੇ ਮੰਤਵਾਂ ਦੀ ਪੂਰਤੀ ਹੋ ਸਕੇਗੀ। ਇਹੀ ਨਹੀਂ, ਸਿਹਤਮੰਦ ਖ਼ੁਰਾਕੀ ਵਸਤਾਂ ਤੇ ਪਕਵਾਨਾਂ ਅਤੇ ਪੀਣ ਵਾਲੇ ਪਦਾਰਥਾਂ ਦੀ ਮਿਲਣਾ ਯਕੀਨੀ ਬਣਾਈ ਜਾਵੇ; ਇਹ ਵੀ ਯਕੀਨੀ ਬਣਾਇਆ ਜਾਵੇ ਕਿ ਇਨ੍ਹਾਂ ਤੱਕ ਵਿਦਿਆਰਥੀਆਂ ਦੀ ਪਹੁੰਚ ਵੀ ਹੋ ਸਕੇ। ਜੰਕ ਫੂਡ ਦੇ ਨਾਂਹ ਮੁਖੀ ਪ੍ਰਭਾਵਾਂ ਦੇ ਨਾਲੋ-ਨਾਲ ਸਿਹਤਮੰਦ ਪਕਵਾਨਾਂ ਦੇ ਫ਼ਾਇਦਿਆਂ ਨੂੰ ਖਾਣ-ਪੀਣ ਵਾਲੀਆਂ ਥਾਵਾਂ ’ਤੇ ਉਭਾਰ ਕੇ ਦਰਸਾਉਣਾ ਚਾਹੀਦਾ ਹੈ ਜਿਸ ਨਾਲ ਇਸ ਪ੍ਰਤੀ ਵਿਦਿਦਿਆਰਥੀਆਂ ਅੰਦਰ ਜਾਗਰੂਕਤਾ ਪੈਦਾ ਹੋਵੇਗੀ ਅਤੇ ਹੌਲੀ-ਹੌਲੀ ਖਾਣ-ਪੀਣ ਦਾ ਸਭਿਆਚਾਰ ਬਦਲ ਸਕਦਾ ਹੈ। ਕਾਲਜ ਕੰਟੀਨਾਂ ਦੀਆਂ ਯਾਦਾਂ ਅਜਿਹੇ ਲਜ਼ੀਜ਼ ਖਾਣਿਆਂ ਨਾਲ ਜੁੜੀਆਂ ਹੁੰਦੀਆਂ ਹਨ ਅਤੇ ਇਸ ਤਰ੍ਹਾਂ ਦੀ ਸਖ਼ਤੀ ਨਾਲ ਵਿਦਿਆਰਥੀ ਕੈਂਪਸ ਤੋਂ ਬਾਹਰ ਜਾ ਕੇ ਇਹੋ ਜਿਹੇ ਪਕਵਾਨ ਤਲਾਸ਼ ਕਰਨ ਲੱਗ ਪੈਣਗੇ ਜਿਸ ਨਾਲ ਇਨ੍ਹਾਂ ਆਦੇਸ਼ਾਂ ਦਾ ਅਸਲ ਮੰਤਵ ਹੀ ਘੱਟੇ ਵਿਚ ਰੁਲ਼ ਜਾਵੇਗਾ।
ਇਸ ਪਹੁੰਚ ਨੂੰ ਵਿਆਪਕ ਵਿਦਿਅਕ ਰੂਪ-ਰੇਖਾ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਜਿਸ ਦਾ ਦਾਇਰਾ ਸਕੂਲਾਂ ਤੋਂ ਲੈ ਕੇ ਘਰਾਂ ਤੱਕ ਹੋਵੇ। ਖ਼ੁਰਾਕੀ ਪਦਾਰਥਾਂ ’ਤੇ ਲੇਬਲ ਜਾਂ ਜਾਣਕਾਰੀ ਪੜ੍ਹਨ ਦੀ ਆਦਤ ਨੂੰ ਉਤਸ਼ਾਹਿਤ ਕਰਨਾ ਤੇ ਪੌਸ਼ਟਿਕ ਤੱਤਾਂ ਦੀ ਸਮਝ ਆਦਿ ਦੇ ਗਹਿਰੇ ਸਕਾਰਾਤਮਕ ਅਸਰ ਹੋ ਸਕਦੇ ਹਨ। ਪਾਠਕ੍ਰਮ ਵਿੱਚ ਪੋਸ਼ਣ ਤੇ ਸਿਹਤ ਸਿੱਖਿਆ ਨੂੰ ਸ਼ਾਮਿਲ ਕਰਨ ਨਾਲ ਵਿਦਿਆਰਥੀਆਂ ਵਿੱਚ ਇਹ ਸਬਕ ਹੋਰ ਡੂੰਘੇ ਉਤਰਨਗੇ ਅਤੇ ਲੰਮੇ ਸਮੇਂ ਲਈ ਲਾਭ ਦੇਣ ਵਿੱਚ ਸਹਾਈ ਹੋਣਗੇ। ਇਸ ਨਾਲ ਅਜਿਹਾ ਮਾਹੌਲ ਸਿਰਜਿਆ ਜਾਵੇਗਾ ਜੋ ਨਾ ਸਿਰਫ਼ ਹਾਨੀਕਾਰਕ ਖ਼ੁਰਾਕ ਦੀ ਵਰਤੋਂ ਬਾਰੇ ਜਾਗਰੂਕ ਕਰੇਗਾ ਬਲਕਿ ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਾਂ ਅਤੇ ਸਮੁੱਚੇ ਸਮਾਜ ਦੀ ਚੰਗੀ ਸਿਹਤ ਤੇ ਤੰਦਰੁਸਤੀ ਵੀ ਯਕੀਨੀ ਬਣੇਗੀ।